ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਕ ਪਾਰਟੀਆਂ ਪੱਬਾਂ ਭਾਰ
ਗੋਰਖਪੁਰ/ਬਿਊਰੋ ਨਿਊਜ਼ : ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਗੜ੍ਹ ਗੋਰਖਪੁਰ ‘ਚ ਉਨ੍ਹਾਂ ਨੂੰ ਚੁਣੌਤੀ ਦਿੰਦਿਆਂ ਆਪਣੀ ਪ੍ਰਤਿਗਿਆ (ਵਾਅਦਿਆਂ ਦੀ) ਲੜੀ ਨੂੰ ਅੱਗੇ ਵਧਾਇਆ। ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਅੰਕਾ ਨੇ ਕਿਹਾ ਕਿ ਜੇਕਰ ਕਾਂਗਰਸ ਯੂਪੀ ਦੀ ਸੱਤਾ ‘ਚ ਆਈ ਤਾਂ 20 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ, ਮਹਿਲਾਵਾਂ ਨੂੰ ਬੱਸ ‘ਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਜਾਵੇਗੀ ਅਤੇ ਮੱਛੀ ਪਾਲਣ ਨੂੰ ਖੇਤੀ ਦਾ ਦਰਜਾ ਦਿੱਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਗੋਰਖਨਾਥ ਦੇ ਗੁਰੂ ਮਤਸਯੇਂਦਰਨਾਥ ਦੇ ਨਾਮ ‘ਤੇ ਯੂਨੀਵਰਸਿਟੀ ਬਣਾਈ ਜਾਵੇਗੀ। ਨਿਸ਼ਾਦ ਭਾਈਚਾਰੇ ਦਾ ਦਰਿਆਵਾਂ ਅਤੇ ਰੇਤ ਖੁਦਾਈ ‘ਤੇ ਹੱਕ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਦੀ ਸਰਕਾਰ ਬਣੀ ਤਾਂ ਐਡਹਾਕ ਅਤੇ ਠੇਕੇ ‘ਤੇ ਕੰਮ ਕਰਦੇ ਲੋਕਾਂ ਨੂੰ ਪੱਕਾ ਕੀਤਾ ਜਾਵੇਗਾ। ਕਿਸਾਨਾਂ ਲਈ ਉਨ੍ਹਾਂ ਐਲਾਨ ਕੀਤਾ ਕਿ ਕਣਕ ਅਤੇ ਝੋਨੇ ਦੀ ਫ਼ਸਲ ਦੀ ਖ਼ਰੀਦ ਕੀਮਤ 2500 ਰੁਪਏ ਅਤੇ ਗੰਨੇ ਦਾ ਘੱਟੋ ਘੱਟ ਭਾਅ 400 ਰੁਪਏ ਕੀਤਾ ਜਾਵੇਗਾ। ਮਹਿਲਾਵਾਂ ਨੂੰ ਇਕ ਸਾਲ ‘ਚ ਤਿੰਨ ਗੈਸ ਸਿਲੰਡਰ ਮੁਫ਼ਤ ਦਿੱਤੇ ਜਾਣਗੇ ਅਤੇ ਸਾਰਿਆਂ ਦੇ ਇਲਾਜ ਲਈ 10 ਲੱਖ ਰੁਪਏ ਪ੍ਰਦਾਨ ਕੀਤੇ ਜਾਣਗੇ। ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨਾ ਯਕੀਨੀ ਬਣਾਇਆ ਜਾਵੇਗਾ। ਆਸ਼ਾ ਵਰਕਰਾਂ ਨੂੰ ਹਰ ਮਹੀਨੇ 10 ਹਜ਼ਾਰ ਰੁਪਏ ਦਿੱਤੇ ਜਾਣਗੇ। ਪ੍ਰਿਅੰਕਾ ਨੇ ਕਿਹਾ ਕਿ ਲੋਕ ਆਗੂਆਂ ਨੂੰ ਵਿਕਾਸ ਬਾਰੇ ਸਵਾਲ ਜ਼ਰੂਰ ਪੁੱਛਣ। ਯੋਗੀ ਆਦਿੱਤਿਆਨਾਥ ਸਰਕਾਰ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਗੁਰੂ ਗੋਰਖਨਾਥ ਦੇ ਸਿਧਾਂਤਾਂ ਖਿਲਾਫ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਆਖਦੇ ਹਨ ਕਿ ਯੂਪੀ ‘ਚ ਅਮਨ-ਕਾਨੂੰਨ ਦੀ ਹਾਲਤ ਵਧੀਆ ਹੈ। ਲਖੀਮਪੁਰ ‘ਚ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਨੇ ਕਿਸਾਨਾਂ ਨੂੰ ਦਰੜ ਦਿੱਤਾ। ਗੋਰਖਪੁਰ ‘ਚ ਪੁਲਿਸ ਨੇ ਕਾਰੋਬਾਰੀ ਮਨੀਸ਼ ਗੁਪਤਾ ਨੂੰ ਮਾਰ ਦਿੱਤਾ। ਲਖਨਊ ‘ਚ ਐਗਜ਼ੀਕਿਊਟਿਵ ਵਿਵੇਕ ਤਿਵਾੜੀ ਨੂੰ ਪੁਲਿਸ ਕਰਮੀਆਂ ਨੇ ਗੋਲੀ ਮਾਰ ਦਿੱਤੀ ਅਤੇ ਉਨਾਓ ‘ਚ ਲੜਕੀ ਨਾਲ ਜਬਰ-ਜਨਾਹ ਮਗਰੋਂ ਉਸ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਤੁਹਾਨੂੰ ਹਕੀਕਤ ਦੇਖਣ ਲਈ ਦੂਰਬੀਨ ਦੀ ਨਹੀਂ ਵਧੀਆ ਐਨਕਾਂ ਦੇ ਜੋੜੇ ਦੀ ਲੋੜ ਹੈ। ਮੋਦੀ ਸਰਕਾਰ ‘ਤੇ ਲੋਕਾਂ ਨੂੰ ਧੋਖਾ ਦੇਣ ਦਾ ਆਰੋਪ ਲਾਉਂਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਨੇ ‘ਹਵਾਈ ਚੱਪਲ’ ਪਹਿਨਣ ਵਾਲੇ ਆਮ ਵਿਅਕਤੀ ਨੂੰ ਜਹਾਜ਼ ਰਾਹੀਂ ਸਫ਼ਰ ਕਰਾਉਣ ਦਾ ਵਾਅਦਾ ਕੀਤਾ ਸੀ ਪਰ ਵਧਦੀਆਂ ਈਂਧਣ ਕੀਮਤਾਂ ਕਾਰਨ ਸੜਕ ਰਾਹੀਂ ਸਫ਼ਰ ਕਰਨਾ ਵੀ ਮੁਸ਼ਕਲ ਹੋ ਗਿਆ ਹੈ।
Check Also
ਹੇਮੰਤ ਸੋਰੇਨ ਨੇ ਚੌਥੀ ਵਾਰ ਝਾਰਖੰਡ ਦੇ ਮੁੱਖ ਮੰਤਰੀ ਵਜੋਂ ਅਹੁਦੇ ਦੀ ਚੁੱਕੀ ਸਹੁੰ
ਸਮਾਗਮ ਦੌਰਾਨ ਰਾਹੁਲ ਗਾਂਧੀ, ਕੇਜਰੀਵਾਲ ਅਤੇ ਮਮਤਾ ਬੈਨਰਜੀ ਸਮੇਤ 10 ਪਾਰਟੀਆਂ ਦੇ ਆਗੂ ਰਹੇ ਮੌਜੂਦ …