Breaking News
Home / ਹਫ਼ਤਾਵਾਰੀ ਫੇਰੀ / ਸ਼੍ਰੋਮਣੀ ਅਕਾਲੀ ਦਲ ਨੇ ਪਹਿਲੀ ਫਰਵਰੀ ਤੋਂ ‘ਪੰਜਾਬ ਬਚਾਓ ਯਾਤਰਾ’ ਸ਼ੁਰੂ ਕਰਨ ਦਾ ਕੀਤਾ ਐਲਾਨ

ਸ਼੍ਰੋਮਣੀ ਅਕਾਲੀ ਦਲ ਨੇ ਪਹਿਲੀ ਫਰਵਰੀ ਤੋਂ ‘ਪੰਜਾਬ ਬਚਾਓ ਯਾਤਰਾ’ ਸ਼ੁਰੂ ਕਰਨ ਦਾ ਕੀਤਾ ਐਲਾਨ

ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਨੇ ਪਹਿਲੀ ਫਰਵਰੀ ਤੋਂ ‘ਪੰਜਾਬ ਬਚਾਓ ਯਾਤਰਾ’ ਕੱਢਣ ਦਾ ਐਲਾਨ ਕੀਤਾ ਹੈ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ‘ਚ ਲਏ ਗਏ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਯਾਤਰਾ ਦਾ ਮਕਸਦ ‘ਆਪ’ ਸਰਕਾਰ ਵੱਲੋਂ ਹਰ ਮੁਹਾਜ਼ ‘ਤੇ ਫੇਲ੍ਹ ਹੋਣ ਨੂੰ ਬੇਨਕਾਬ ਕਰਨਾ ਹੈ।
ਪਾਰਟੀ ਨੇ ਇਹ ਵੀ ਫ਼ੈਸਲਾ ਲਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 10 ਤੋਂ 16 ਜਨਵਰੀ ਤੱਕ ਸ੍ਰੀ ਆਨੰਦਪੁਰ ਸਾਹਿਬ ਤੋਂ ਸ੍ਰੀ ਤਲਵੰਡੀ ਸਾਬੋ ਤੱਕ ‘ਆਪੇ ਗੁਰ ਚੇਲਾ ਨਗਰ ਕੀਰਤਨ’ ਸਜਾਏਗੀ। ਅਕਾਲੀ ਦਲ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਕਿਸਾਨਾਂ, ਸਮਾਜ ਦੇ ਕਮਜ਼ੋਰ ਵਰਗਾਂ, ਉਦਯੋਗ ਤੇ ਵਪਾਰ, ਨੌਜਵਾਨਾਂ ਅਤੇ ਸਰਕਾਰੀ ਮੁਲਾਜ਼ਮਾਂ ਸਮੇਤ ਹਰੇਕ ਵਰਗ ਨਾਲ ਕੀਤੇ ਗਏ ਧੋਖੇ ਨੂੰ ਬੇਨਕਾਬ ਕੀਤਾ ਜਾਵੇਗਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਯਾਤਰਾ ਦੀ ਅਗਵਾਈ ਕਰਨਗੇ ਅਤੇ ਉਹ ਹਰ ਹਲਕੇ ਵਿਚ ਦੋ ਦਿਨ ਗੁਜ਼ਾਰਨ ਸਮੇਤ ਸਾਰੇ 117 ਹਲਕਿਆਂ ਨੂੰ ਕਵਰ ਕਰਨਗੇ। ਇਹ ਵੀ ਫ਼ੈਸਲਾ ਲਿਆ ਗਿਆ ਕਿ ਲੋਕਾਂ ਦੀਆਂ ਮੁਸ਼ਕਲਾਂ ਉਭਾਰਨ ਲਈ ਸਾਰੇ ਪ੍ਰਮੁੱਖ ਕਸਬਿਆਂ ਤੇ ਸ਼ਹਿਰਾਂ ਵਿਚ ਸੈਮੀਨਾਰ ਕਰਵਾਏ ਜਾਣਗੇ। ਸੈਮੀਨਾਰਾਂ ‘ਚ ਪੰਜਾਬ ਨੂੰ ਉਸ ਦੀ ਰਾਜਧਾਨੀ ਅਤੇ ਦਰਿਆਈ ਪਾਣੀਆਂ ਤੋਂ ਵਿਰਵਾ ਕਰਨ ਸਮੇਤ ਹੋਰ ਮੁੱਦਿਆਂ ‘ਤੇ ਵੀ ਚਰਚਾ ਕੀਤੀ ਜਾਵੇਗੀ। ਸੈਮੀਨਾਰ ਕਰਵਾਉਣ ਲਈ ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ ਅਤੇ ਗੁਰਚਰਨ ਸਿੰਘ ਗਰੇਵਾਲ ਦੀ ਸ਼ਮੂਲੀਅਤ ਵਾਲੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਜਿਨ੍ਹਾਂ ਨੇ ਮੀਟਿੰਗ ਵਿਚ ਸ਼ਮੂਲੀਅਤ ਕੀਤੀ, ਨੇ ਦੱਸਿਆ ਕਿ ਐੱਸਜੀਪੀਸੀ ਵੱਲੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਦੀ ਕੋਰ ਕਮੇਟੀ ਨੇ ਸ਼ਲਾਘਾ ਕੀਤੀ ਹੈ ਅਤੇ ਅਕਾਲੀ ਦਲ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਨੂੰ ਇਸ ਮਾਰਚ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਪਾਰਟੀ ਦੇ ਐੱਸਸੀ ਤੇ ਬੀਸੀ ਵਿੰਗਾਂ ਤੋਂ ਇਲਾਵਾ ਯੂਥ ਅਕਾਲੀ ਦਲ ਤੇ ਇਸਤਰੀ ਅਕਾਲੀ ਦਲ ਵੀ ਮਾਰਚ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਗੇ। ਇਸਤਰੀ ਅਕਾਲੀ ਦਲ 12 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਅਤੇ ਅਕਾਲੀ ਦਲ ਉਸੇ ਥਾਂ ‘ਤੇ 14 ਜਨਵਰੀ ਨੂੰ ਕਾਨਫਰੰਸ ਕਰੇਗਾ।
ਯਾਤਰਾ ਦਾ ਅਸਲ ਨਾਂ ‘ਅਕਾਲੀ ਦਲ ਤੋਂ ਪੰਜਾਬ ਬਚਾਅ ਲਓ ਯਾਤਰਾ’ ਹੋਣਾ ਚਾਹੀਦਾ : ਭਗਵੰਤ ਮਾਨ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਤਿੱਖਾ ਸਿਆਸੀ ਹਮਲਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਢੀ ਜਾਣ ਵਾਲੀ ਯਾਤਰਾ ਬਾਰੇ ਕਿਹਾ ਕਿ ਅਕਾਲੀਆਂ ਨੇ 15 ਸਾਲਾਂ ਦੇ ਕੁਸ਼ਾਸਨ ਦੌਰਾਨ ਪੰਜਾਬ ਨੂੰ ਲੁੱਟਿਆ ਹੈ, ਜਿਸ ਕਰਕੇ ਇਸ ਯਾਤਰਾ ਦਾ ਅਸਲ ਨਾਮ ‘ਅਕਾਲੀ ਦਲ ਤੋਂ ਪੰਜਾਬ ਬਚਾਅ ਲਓ ਯਾਤਰਾ’ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਨੇ 15 ਸਾਲਾਂ ਦੇ ਹਨੇਰਗਰਦੀ ਅਤੇ ਬਦਅਮਨੀ ਵਾਲੇ ਸ਼ਾਸਨ ਦੌਰਾਨ ਸੂਬੇ ਦੇ ਵਸੀਲਿਆਂ ਉਤੇ ਡਾਕਾ ਮਾਰਿਆ ਅਤੇ ਪੰਜਾਬੀਆਂ ਦੇ ਦਿਲਾਂ ਨੂੰ ਡੂੰਘੇ ਜ਼ਖ਼ਮ ਦਿੱਤੇ। ਉਨ੍ਹਾਂ ਕਿਹਾ ਕਿ ਸੂਬੇ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੁਣ ਹਾਸ਼ੀਏ ਉਤੇ ਪਹੁੰਚ ਚੁੱਕੀ ਹੈ ਅਤੇ ਸੂਬੇ ਵਿੱਚ ਲੰਮਾ ਸਮਾਂ ਸੱਤਾ ਵਿੱਚ ਰਹਿਣ ਤੋਂ ਬਾਅਦ ਅੱਜ ਸਿਰਫ਼ ਤਿੰਨ ਸੀਟਾਂ ਤੱਕ ਰਹਿ ਗਈ ਹੈ। ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀਆਂ ਅਤੇ ਬਾਦਲ ਪਰਿਵਾਰ ਦੇ ਦੋਹਰੇ ਕਿਰਦਾਰ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ, ਜਿਸ ਕਰਕੇ ਯਾਤਰਾ ਵਰਗੇ ਡਰਾਮੇ ਹੁਣ ਕੰਮ ਨਹੀਂ ਆਉਣੇ। ਮਾਨ ਨੇ ਅਕਾਲੀਆਂ ਨੂੰ ਚੇਤੇ ਕਰਵਾਇਆ ਕਿ ਉਨ੍ਹਾਂ ਦੇ ਲੰਮੇ ਕੁਸ਼ਾਸਨ ਦੌਰਾਨ ਪੰਜਾਬ ਹਰੇਕ ਖੇਤਰ ਵਿੱਚ ਪੱਛੜਦਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦੀ ਪ੍ਰਸਤਾਵਿਤ ਯਾਤਰਾ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਮੀਡੀਆ ਵਿੱਚ ਸੁਰਖੀਆਂ ਲੈਣ ਤੋਂ ਵੱਧ ਹੋਰ ਕੁਝ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀਆਂ ਦੇ ਲੋਕ ਵਿਰੋਧੀ ਕਿਰਦਾਰ ਤੋਂ ਭਲੀ ਭਾਂਤ ਜਾਣੂ ਹਨ ਜਿਸ ਕਰਕੇ ਉਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕੀਤਾ ਜਾ ਸਕਦਾ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਪਹਿਲੀ ਫਰਵਰੀ ਤੋਂ ‘ਪੰਜਾਬ ਬਚਾਓ ਯਾਤਰਾ’ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਯਾਤਰਾ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਸੀ ਕਿ ਇਸ ਯਾਤਰਾ ਦਾ ਮਕਸਦ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵਲੋਂ ਹਰ ਮੁਹਾਜ਼ ‘ਤੇ ਫੇਲ੍ਹ ਹੋਣ ਨੂੰ ਬੇਨਕਾਬ ਕਰਨਾ ਹੈ।

 

Check Also

PM ਜਸਟਿਨ ਟਰੂਡੋ ਨੇ ਜਿੱਤਿਆ ਭਰੋਸੇ ਦਾ ਵੋਟ

ਸਦਨ ਵਿਚ ਫੇਲ੍ਹ ਹੋਇਆ ਵਿਰੋਧੀ ਧਿਰ ਕੰਸਰਵੇਟਿਵ ਦਾ ਮਤਾ ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ …