Breaking News
Home / ਘਰ ਪਰਿਵਾਰ / ਪੰਜਾਬੀ ਭਾਸ਼ਾ ਦੇ ਪ੍ਰਚਾਰ,ਪਸਾਰ ਤੇ ਸਤਿਕਾਰ ਵਿਚ ਵਾਧਾ ਕਰਦਾ ਗਾਇਕ ਜੈਜ਼ੀ ਬੀ ਦਾ ਨਵਾਂ ਗੀਤ ‘ਮਾਂ ਬੋਲੀ’

ਪੰਜਾਬੀ ਭਾਸ਼ਾ ਦੇ ਪ੍ਰਚਾਰ,ਪਸਾਰ ਤੇ ਸਤਿਕਾਰ ਵਿਚ ਵਾਧਾ ਕਰਦਾ ਗਾਇਕ ਜੈਜ਼ੀ ਬੀ ਦਾ ਨਵਾਂ ਗੀਤ ‘ਮਾਂ ਬੋਲੀ’

ਹਰਜਿੰਦਰ ਸਿੰਘ ਜਵੰਦਾ
ਸੁਪਰ ਸਟਾਰ ਗਾਇਕ ਅਤੇ ਭੰਗੜਾ ਕਿੰਗ ਜੈਜ਼ੀ ਬੀ ਪੰਜਾਬੀ ਸੰਗੀਤਕ ਖੇਤਰ ‘ਚ ਇੱਕ ਅਜਿਹਾ ਨਾਂ ਹੈ ਜਿਸ ਨੇ ਪੰਜਾਬੀ ਪੋਪ ਗੀਤਾਂ ਦੇ ਨਾਲ-ਨਾਲ ਸੱਭਿਆਚਾਰਕ ਅਤੇ ਲੋਕ ਗੀਤ ਵੀ ਦਰਸ਼ਕਾਂ ਦੀ ਝੋਲੀ ਪਾ ਕੇ ਆਪਣੀ ਇੱਕ ਵਿਲੱਖਣ ਪਹਿਚਾਣ ਬਣਾ ਕੇ ਰੱਖੀ ਹੈ। ਗਾਇਕ ਜੈਜ਼ੀ ਬੀ ਹਾਲ ਹੀ ‘ਚ ਪੰਜਾਬੀ ਮਾਂ ਬੋਲੀ ਦਿਵਸ ਮੌਕੇ ਆਪਣਾ ਨਵਾਂ ਗੀਤ ‘ਮਾਂ ਬੋਲੀ’ ਲੈ ਕੇ ਹਾਜ਼ਰ ਹੋਏ ਹਨ। ਪੰਜਾਬੀ ਮਾਂ ਬੋਲੀ ਦਿਵਸ ਮੌਕੇ ਰਿਲੀਜ਼ ਹੋਏ ਇਸ ਗੀਤ ਰਾਹੀਂ ਗਾਇਕ ਜੈਜ਼ੀ ਬੀ ਨੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ,ઠਪਸਾਰ ਅਤੇ ਸਤਿਕਾਰ ਨੂੰ ਉੱਚਾ ਚੁੱਕਣ ਦਾ ਯਤਨ ਕੀਤਾ ਗਿਆ ਹੈ। ਧਨੀ ਕਲਮ ਦੇ ਗੀਤਕਾਰ ਨਿੰਦਰ ਮੋਰਾਂਵਾਲੀ ਦੀ ਕਲਮ ਦੀ ਉੱਪਜ ਇਸ ਗੀਤ ਰਾਹੀਂ ਜਿੱਥੇ ਪੰਜਾਬੀ ਮਾਂ ਬੋਲੀ ‘ਤੇ ਪੈ ਰਹੇ ਅੰਗਰੇਜ਼ੀ ਭਾਸ਼ਾ ਦੇ ਪ੍ਰਭਾਵ ਨੂੰ ਦਿਖਾਇਆ ਗਿਆ ਹੈ, ਉਥੇ ਪੰਜਾਬੀ ਸਾਹਿਤ, ਸੱਭਿਆਚਾਰ, ਇਤਿਹਾਸਕ ਘਟਨਾਵਾਂ ਅਤੇ ਦੇਸ਼ ਭਗਤੀ ਦੀ ਵੀ ਗੱਲ ਕੀਤੀ ਗਈ ਹੈ। ਇਸ ਗੀਤ ਵਿੱਚ ਗਾਇਕ ਜੈਜ਼ੀ ਬੀ ਬਿਲਕੁਲ ਨਵੇਂ ਅਤੇ ਵੱਖਰੇ ਅੰਦਾਜ਼ ‘ਚ ਨਜ਼ਰ ਆ ਰਹੇ ਹਨ।
‘ਮਾਂ ਬੋਲੀ’ ਗੀਤ ਸਬੰਧੀ ਗਾਇਕ ਜੈਜ਼ੀ ਬੀ ਨੇ ਗੱਲ ਕਰਦਿਆਂ ਕਿਹਾ ਕਿ ਮਾਂ ਬੋਲੀ ਦੀ ਸੇਵਾ ‘ਚ ਗੀਤ ਗਾਉਣ ਉਨ੍ਹਾਂ ਦੀ ਮੁੱਢ ਤੋਂ ਹੀ ਇੱਛਾ ਸੀ ਅਤੇ ਉਹ ਗੀਤ ਦੀ ਭਾਲ ‘ਚ ਸਨ ਜੋ ਕਿ ਗੀਤਕਾਰ ਨਿੰਦਰ ਮੋਰਾਂਵਾਲੀ ਦੇ ਉਨ੍ਹਾਂ ਨਾਲ ਸੰਪਰਕ ਵਿਚ ਆਉਣ ਤੋਂ ਬਾਅਦ ਇਸ ਗੀਤ ਨਾਲ ਪੂਰੀ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਬੋਲੀ ਸਾਡੀ ਪੰਜਾਬੀਆਂ ਦੀ ਮਾਂ-ਬੋਲੀ ਹੈ ਅਤੇ ਮਾਂ-ਬੋਲੀ ਪੰਜਾਬੀ ਇੱਕ ਅਜਿਹਾ ਵਸੀਲਾ ਹੈ ਜੋ ਸਾਨੂੰ ਸਾਡੇ ਵਿਰਸੇ, ਸਭਿਆਚਾਰ, ਇਤਿਹਾਸ ਤੇ ਮੂਲ ਨਾਲ ਜੋੜਨ ਦੇ ਸਮਰੱਥ ਹੈ। ਮਾਂ ਬੋਲੀ ਕਿਸੇ ਇਨਸਾਨ ਦੀ ਨਿੱਜੀ, ਸਮਾਜਿਕ ਅਤੇ ਸੱਭਿਆਚਾਰਕ ਪਛਾਣ ਹੁੰਦੀ ਹੈ। ‘ਮਾਂ ਬੋਲੀ’ ਗੀਤ ਦਾ ਵੀਡੀਓ ਫਿਲਮਾਂਕਣ ਨਾਮੀ ਨਿਰਦੇਸ਼ਕ ਸਟਾਲਿਨਵੀਰ ਸਿੱਧੂ ਅਤੇ ਸਤਨਾਮ ਸਿੰਘ ਐੱਸ.ਸੀ. ਕਰੀਏਸਨ ਵਲੋਂ ਬਹੁਤ ਦਿਲਕਸ਼ ਤੇ ਵਧੀਆ ਢੰਗ ਨਾਲ ਪਿੰਡ ਲਿਧੜਾਂ ਵਿਖੇ ਵੱਖ-ਵੱਖ ਲੁਕੇਸ਼ਨਾਂ ‘ਤੇ ਸ਼ੂਟ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਟਾਲਿਨਵੀਰ ਸਿੱਧੂ ਪਾਲੀਵੁੱਡ ਖੇਤਰ ‘ਚ ਸੱਭਿਆਚਾਰਕ ਅਤੇ ਸਾਫ ਸੁਥਰੇ ਸੰਗੀਤਕ ਵੀਡੀਓਜ਼ ਨਿਰਦੇਸ਼ਕ ਵਜੋਂ ਬਹੁਤ ਵੱਡੇ ਨਾਂਅ ਵਜੋਂ ਜਾਣੇ ਜਾਂਦੇ ਹਨ। ਇਸ ਗੀਤ ਸਬੰਧੀ ਨਿਰਦੇਸ਼ਕ ਸਟਾਲਿਨਵੀਰ ਸਿੱਧੂ ਤੇ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਮਾਂ ਬੋਲੀ ਦਿਹਾੜੇ ‘ਤੇ ਗਾਇਕ ਜੈਜ਼ੀ ਬੀ ਹੁਰਾਂ ਵੱਲੋਂ ਇਹ ਗੀਤ ਇਕ ਸ਼ਲਾਘਾਯੋਗ ਉਪਰਾਲਾ ਹੈ ਅਤੇ ਉਨਾਂ ਦੀ ਟੀਮ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਉਹ ਇਸ ਦਾ ਹਿੱਸਾ ਬਣੇ ਹਨ। ਸੰਗੀਤਕਾਰ ਅਮਨ ਹੈਅਰ ਵਲੋਂ ਮਨਮੋਹਕ ਸੰਗੀਤਕ ਧੁਨਾਂ ਨਾਲ ਸ਼ਿੰਗਾਰੇ ਇਸ ਗੀਤ ਨੂੰ ਜੈਜ਼ੀ ਬੀ ਦੇ ਨਿੱਜੀ ਲੇਬਲ ‘ਜੈਜ਼ੀ ਬੀ ਰਿਕਾਰਡਜ਼’ ਵਲੋਂ ਰਿਲੀਜ਼ ਕੀਤਾ ਗਿਆ ਹੈ।

Check Also

DENTAL IMPLANTS

WHAT IS A DENTAL IMPLANT ? A dental implant is an artificial structure that replaces …