Breaking News
Home / ਘਰ ਪਰਿਵਾਰ / ਸਿੱਖ ਹੈਰੀਟੇਜ ਸੈਂਟਰ ਵੱਲੋਂ ਲਾਈਫ ਸਰਟੀਫਿਕੇਟ ਕੈਂਪ ਲਾਉਣ ਦਾ ਉਪਰਾਲਾ ਸ਼ਲਾਘਾਯੋਗ ਪਰ ਕੁਝ ਕਮੀਆਂ ਵੀ ਰਹੀਆਂ

ਸਿੱਖ ਹੈਰੀਟੇਜ ਸੈਂਟਰ ਵੱਲੋਂ ਲਾਈਫ ਸਰਟੀਫਿਕੇਟ ਕੈਂਪ ਲਾਉਣ ਦਾ ਉਪਰਾਲਾ ਸ਼ਲਾਘਾਯੋਗ ਪਰ ਕੁਝ ਕਮੀਆਂ ਵੀ ਰਹੀਆਂ

ਕੈਪਟਨ ਇਕਬਾਲ ਸਿੰਘ ਵਿਰਕ
647-631-9445
ਲੰਘੇ ਐਤਵਾਰ 7 ਨਵੰਬਰ ਨੂੰ ਇੰਡੀਅਨ ਕੌਂਸਲੇਟ ਜਨਰਲ ਆਫਿਸ ਵੱਲੋਂ ਗੁਰਦੁਆਰਾ ਸਿੱਖ ਹੈਰੀਟੇਜ ਸੈੋਂਟਰ ਦੇ ਸਹਿਯੋਗ ਨਾਲ ਭਾਰਤ ਦੇ ਪੈਨਸ਼ਨਰਾਂ ਦੀ ਸਹੂਲਤ ਲਈ ਉਨ੍ਹਾਂ ਦੇ ਲਾਈਫ ਸਰਟੀਫਿਕੇਟ ਬਨਾਉਣ ਲਈ ਕੈਂਪ ਦਾ ਆਯੋਜਨ ਕੀਤਾ ਗਿਆ। ਪਤਾ ਲੱਗਾ ਹੈ ਕਿ ਨਿਰਧਾਰਤ ਸਮੇਂ ਤੋਂ ਪਹਿਲਾਂ ਸਵੇਰੇ 8.00 ਵਜੇ ਤੋਂ ਹੀ ਸੀਨੀਅਰਜ਼ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਜੋ 10.00 ਵਜੇ ਤੱਕ ਕਾਫ਼ੀ ਲੰਮੀਆਂ ਹੋ ਗਈਆਂ। ਸਰਟੀਫਿਕੇਟ ਪ੍ਰਾਪਤ ਕਰਨ ਵਾਲਿਆਂ ਨੂੰ ਟੋਕਨ ਨੰਬਰ ਅਤੇ ਲੋੜੀਂਦੇ ਫਾਰਮ ਦਿੱਤੇ ਗਏ ਅਤੇ ਠੀਕ 10.00 ਵਜੇ ਉਨ੍ਹਾਂ ਵੱਲੋਂ ਭਰੇ ਗਏ ਫਾਰਮਾਂ ਉੱਪਰ ਅਧਿਕਾਰੀਆਂ ਵੱਲੋਂ ਦਸਤਖ਼ਤ ਕਰਨ ਦੀ ਪ੍ਰਕਿਰਿਆ ਆਰੰਭ ਹੋ ਗਈ।
ਇਕ ਅੰਦਾਜ਼ੇ ਅਨੁਸਾਰ ਇਹ ਸਰਟੀਫਿਕੇਟ ਲੈਣ ਵਲਿਆਂ ਦੀ ਗਿਣਤੀ 1200 ਤੋਂ ਵੀ ਵਧੀਕ ਸੀ। ਪ੍ਰਬੰਧਕਾਂ ਅਨੁਸਾਰ 1083 ਵਿਅਕਤੀਆਂ ਨੂੰ ਟੋਕਨ ਨੰਬਰ ਦਿੱਤੇ ਗਏ ਅਤੇ ਗੁਰਦੁਆਰਾ ਕਮੇਟੀ ਦੇ ਕੈਸ਼ੀਅਰ ਅਜੀਤ ਸਿੰਘ ਬਾਵਾ ਖੁਦ ਆਪ ਇਹ ਟੋਕਨ ਦੇ ਰਹੇ ਸਨ। ਕਮੇਟੀ ਦੇ ਪ੍ਰਧਾਨ ਸਾਹਿਬ, ਸਕੱਤਰ ਅਤੇ ਹੋਰ ਮੈਂਬਰ ਵੀ ਕਾਫੀ ਸਰਗਰਮ ਦਿਖਾਈ ਦੇ ਰਹੇ ਸਨ। ਕੌਂਸਲੇਟ ਜਨਰਲ ਦਫ਼ਤਰ ਵੱਲੋਂ ਦੋ ਹਫ਼ਤੇ ਪਹਿਲਾਂ ਜਾਰੀ ਕੀਤੀ ਗਈ ਜਾਣਕਾਰੀ ਅਨਸਾਰ ਕੈਂਪ ਦੀ ਸਮਾਪਤੀ ਦਾ ਸਮਾਂ ਬਾਅਦ ਦੁਪਹਿਰ 2.00 ਵਜੇ ਦਰਸਾਇਆ ਗਿਆ ਸੀ। ਇਸ ਦੌਰਾਨ ਗਿਆਰਾਂ ਕੁ ਵਜੇ ਪ੍ਰਬੰਧਕਾਂ ਵੱਲੋਂ ਲਾਊਡ ਸਪੀਕਰ ‘ਤੇ ਸੂਚਨਾ ਦਿੱਤੀ ਗਈ ਕਿ ਉਸ ਦਿਨ ਕੇਵਲ 800 ਸਰਟੀਫਿਕੇਟ ਹੀ ਜਾਰੀ ਕੀਤੇ ਜਾਣਗੇ।
ਇਸ ਲਈ ਇਸ ਤੋਂ ਉੱਪਰਲੇ ਟੋਕਨ ਨੰਬਰਾਂ ਵਾਲੇ ਨਿਰਾਸ਼ ਹੋ ਕੇ ਘਰਾਂ ਨੂੰ ਵਾਪਸ ਜਾਣੇ ਸ਼ੁਰੂ ਹੋ ਗਏ। ਕਈ ਪੈੱਨਸ਼ਨਰ ਤਾਂ ਕਾਫ਼ੀ ਦੂਰ-ਦੁਰਾਢੇ ਸ਼ਹਿਰਾਂ ਤੋਂ ਆਏ ਹੋਏ ਸਨ। ਦੋ-ਤਿੰਨ ਵਿਅਕਤੀਆਂ ਨਾਲ ਗੱਲਬਾਤ ਕਰਨ ‘ਤੇ ਪਤਾ ਲੱਗਾ ਕਿ ਉਹ ਕਿੰਗਸਟਨ ਅਤੇ ਵਿੰਡਸਰ ਸ਼ਹਿਰਾਂ ਤੋਂ ਤਿੰਨ-ਚਾਰ ਘੰਟੇ ਦੀ ਕਾਰ ਡਰਾਈਵ ਤੋਂ ਬਾਅਦ ਇੱਥੇ ਪਹੁੰਚੇ ਹਨ। ਪਤਾ ਲੱਗਾ ਹੈ ਕਿ ਉਨ੍ਹਾਂ ਅਤੇ ਉੱਥੇ ਮੌਜੂਦ ਹੋਰ ਪੈੱਨਸ਼ਨਰਾਂ ਦੀ ਬੇਨਤੀ ‘ਤੇ ਕੌਂਸਲੇਟ ਜਨਰਲ ਦੇ ਦਫ਼ਤਰ ਦਾ ਸਟਾਫ ਸ਼ਾਮ 5.00 ਵਜੇ ਤੱਕ ਇਹ ਕੰਮ ਬਾਖੂਬੀ ਨਿਪਟਾਉਂਦਾ ਰਿਹਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੈੱਂਨਸ਼ਨਰਾਂ ਦੀ ਸਹੂਲਤ ਲਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ ਪਰ ਟੈਂਟਾਂ ਵਿਚ ਬੈਠਣ ਲਈ ਸੀਮਤ ਜਗ੍ਹਾ ਹੋਣ ਕਰਕੇ ਬਹੁਤ ਸਾਰੇ ਬਜ਼ੁਰਗ ਬਾਹਰ ਖੜ੍ਹੇ ਸਨ ਜਾਂ ਬੈਠਣ ਲਈ ਇਧਰ ਉੱਧਰ ਥਾਵਾਂ ਦੀ ਭਾਲ਼ ਕਰ ਰਹੇ ਸਨ। ਏਨਾ ਸ਼ੁਕਰ ਸੀ ਕਿ ਉਸ ਦਿਨ ਮੌਸਮ ਬੜਾ ਵਧੀਆ ਰਿਹਾ। ਮੀਹ-ਕਣੀ ਦਾ ਬਚਾਅ ਰਿਹਾ ਅਤੇ ਬਾਹਰ ਧੁੱਪ ਲੱਗੀ ਹੋਣ ਦੇ ਕਾਰਨ ਸਰਦੀ ਵੀ ਨਹੀ ਸੀ।
ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਚਾਹ-ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਪਰ ਬਰੈਂਪਟਨ ਵਿਚ ਇਸ ਸਾਲ ਦਾ ਇਹ ਪਹਿਲਾ ਅਜਿਹਾ ਕੈਂਪ ਹੋਣ ਕਾਰਨ ਉੱਥੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਅਤੇ ਚਾਹ-ਪਾਣੀ ਦੀ ਇਹ ਸਹੂਲਤ ਸੀਮਤ ਹੀ ਰਹੀ। ਅਲਬੱਤਾ, ਕੌਂਸਲੇਟ ਜਨਰਲ ਦੇ ਦਫ਼ਤਰ ਵੱਲੋਂ ਆਈ ਟੀਮ ਦਾ ਕੰਮ ਕਾਫੀ ਸ਼ਲਾਘਾਯੋਗ ਸੀ ਅਤੇ ਉਸ ਦੇ ਸਾਰੇ ਮੈਂਬਰ ਬੜੀ ਹਲੀਮੀ, ਸਹਿਨਸ਼ੀਲਤਾ ਅਤੇ ਸਤਿਕਾਰ ਨਾਲ ਬਜਰ ਨਾਲ ਵਿਚਰ ਰਹੇ ਸਨ। ਪੈੱਨਸ਼ਨਰਾਂ ਵਿਚ ਕਈ 85 ਤੋਂ 90 ਸਾਲ ਦੇ ਵਿਚਕਾਰ ਵੀ ਸਨ ਅਤੇ ਉਨ੍ਹਾਂ ਵਿੱਚੋਂ ਕਈ ਵੀਲ੍ਹ-ਚੇਅਰਾਂ ‘ਤੇ ਵੀ ਸਨ ਜਿਨ੍ਹਾਂ ਨੂੰ ਬੜੇ ਅਦਬ-ਸਤਿਕਾਰ ਨਾਲ ਅੱਗੇ ਜਾਣ ਲਈ ਕਿਹਾ ਜਾ ਰਿਹਾ ਸੀ। ਜ਼ਿਆਦਾ ਤਕਲੀਫ਼ ਵਾਲਿਆਂ ਨੂੰ ਪਹਿਲ ਵੀ ਦਿੱਤੀ ਜਾ ਰਹੀ ਸੀ ਜਿਸ ਦਾ ਕੋਈ ਵਿਰੋਧ ਨਹੀਂ ਸੀ ਹੋ ਰਿਹਾ।
ਭਾਰਤੀ ਕੌਂਸਲੇਟ ਜਨਰਲ ਆਫਿਸ ਵੱਲੋਂ ਆਉਣ ਵਾਲੇ ਦਿਨਾਂ ਵਿਚ ਅਜਿਹੇ ਕੈਂਪ ਬਰੈਂਪਟਨ ਅਤੇ ਮਿਸੀਸਾਗਾ ਵਿਚ ਕਈ ਮੰਦਰਾਂ ਤੇ ਗੁਰਦੁਆਰਿਆਂ ਵਿਚ ਲਗਾਏ ਜਾ ਰਹੇ ਹਨ ਜਿਨ੍ਹਾਂ ਬਾਰੇ ਜਾਣਕਾਰੀ ਅਖਬਾਰਾਂ, ਰੇਡੀਓ, ਵੱਟਸਐਪ ਅਤੇ ਹੋਰ ਸੰਚਾਰ-ਸਾਧਨਾਂ ਰਾਹੀਂ ਦਿੱਤੀ ਜਾ ਚੁੱਕੀ ਹੈ।
ਭਾਰਤੀ ਪੈੱਨਸ਼ਨਰਾਂ ਨੂੰ ਬੇਨਤੀ ਹੈ ਕਿ ਉਹ ਇਨ੍ਹਾਂ ਕੈਂਪਾਂ ਦਾ ਲਾਭ ਉਠਾ ਕੇ ਆਪਣੇ ਲਾਈਫ਼-ਸਰਟੀਫਿਕੇਟ ਬਣਵਾ ਲੈਣ ਅਤੇ ਅਧਿਕਾਰਤ ਬੈਂਕਾਂ/ਦਫ਼ਤਰਾਂ ਨੂੰ ਸਮੇਂ ਸਿਰ ਡਾਕ ਰਾਹੀਂ ਭੇਜ ਦੇਣ ਤਾਂ ਜੋ ਉਨ੍ਹਾਂ ਦੀ ਭਾਰਤ ਵਿਚਲੀ ਸਰਵਿਸ ਦੀ ਪੈੱਨਸ਼ਨ ਨਿਰਵਿਘਨ ਜਾਰੀ ਰਹਿ ਸਕੇ। ਇਸ ਦੇ ਨਾਲ ਹੀ ਕੌਂਸਲੇਟ ਜਨਰਲ ਆਫਿਸ ਨੂੰ ਵੀ ਬੇਨਤੀ ਹੈ ਕਿ ਉਹ ਇਨ੍ਹਾਂ ਕੈਂਪਾਂ ਦਾ ਸਮਾਂ ਸ਼ਾਮ ਦੇ ਪੰਜ ਵਜੇ ਤੱਕ ਵਧਾ ਦੇਣ ਜਿਵੇਂ ਕਿ ਬਾਅਦ ਵਿਚ ਇਸ ਕੈਂਪ ਵਿਚ ਕੀਤਾ ਗਿਆ।
(ਸਹਿਯੋਗੀ: ਡਾ. ਸਖਦੇਵ ਸਿੰਘ ਝੰਡ
647-567-9128)

Check Also

BREAST CANCER

What is Breast Cancer? : Breast cancer is one of the most prevalent types of …