Breaking News
Home / ਘਰ ਪਰਿਵਾਰ / ਜਦੋਂ ਮੇਰਾ ਹੰਕਾਰ ਟੁੱਟਿਆ…

ਜਦੋਂ ਮੇਰਾ ਹੰਕਾਰ ਟੁੱਟਿਆ…

ਅਮਰਜੀਤ ਸਿੰਘ ‘ਫ਼ੌਜੀ’
ਮਨੁੱਖ ਨੂੰ ਮਾਣ ਹੰਕਾਰ ਤਾਂ ਹੋ ਹੀ ਜਾਂਦਾ ਹੈ ਚਾਹੇ ਉਹ ਪੈਸੇ ਦਾ ਹੋਵੇ ਜਾਂ ਜ਼ਮੀਨ ਜਾਇਦਾਦ, ਜਾਤ ਬਰਾਦਰੀ, ਰੁਤਬੇ, ਸਿਆਸੀ ਤਾਕਤ, ਕੀਤੇ ਹੋਏ ਦਾਨ ਪੁੰਨ, ਅਖੌਤੀ ਗਿਆਨਵਾਨ ਹੋਣ ਜਾਂ ਧਾਰਮਿਕ ਕੱਟੜਤਾ ਦਾ ਹੰਕਾਰ। ਬੰਦੇ ਨੂੰ ਮਾਣ ਹੰਕਾਰ ਹੋਣਾ ਸੁਭਾਵਿਕ ਹੈ। ਚਾਹੇ ਸਾਰੇ ਧਰਮ ਗ੍ਰੰਥ ਅਤੇ ਗੁਰਬਾਣੀ ਵੀ ਮਨੁੱਖ ਨੂੰ ਸੁਚੇਤ ਕਰਦੀ ਹੈ ਕਿ ਹੰਕਾਰ ਹੋਣ ਨਾਲ ਮਨੁੱਖ ਦੇ ਹਿਰਦੇ ਵਿੱਚ ਵਿਕਾਰ ਪੈਦਾ ਹੋ ਜਾਂਦੇ ਹਨ ਜਿਨ੍ਹਾਂ ਕਰਕੇ ਮਨੁੱਖ ਅਗਿਆਨਤਾ ਵੱਸ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਖ ਅਤੇ ਵੱਡਾ ਸਮਝਦਿਆਂ ਹੋਰ ਵੀ ਹੰਕਾਰ ਅਤੇ ਕੱਟੜਤਾ ਨਾਲ ਭਰ ਜਾਂਦਾ ਹੈ। ਮਨੁੱਖ ਨੂੰ ਚੰਗੇ ਮਨੁੱਖਾਂ ਦੀ ਸੰਗਤ ਕਰਨੀ ਅਤੇ ਚੰਗੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਤਾਂ ਕਿ ਇਸ ਚੰਦਰੀ ਬਲਾ ਤੋਂ ਬਚਿਆ ਜਾ ਸਕੇ। ਮੈਂ ਵੀ ਇਸ ਦਾ ਸਕਿਾਰ ਹੋ ਗਿਆ ਸੀ ਪਰ ਜ਼ਿੰਦਗੀ ਵਿੱਚ ਵਾਪਰੀ ਇੱਕ ਘਟਨਾ ਨੇ ਹੀ ਮੇਰੀ ਸੋਚ ਬਦਲ ਕੇ ਰੱਖ ਦਿੱਤੀ। ਘਟਨਾ ਤਕਰੀਬਨ 1985-1986 ਦੀ ਹੋਵੇਗੀ।
ਹੋਇਆ ਇੰਝ ਕਿ ਫ਼ੌਜੀ ਨੌਕਰੀ ਦੌਰਾਨ ਮੈਂ ਅਤੇ ਮੇਰੇ ਹੋਰ ਸਾਥੀ ਜਵਾਨ ਜੰਮੂ ਕਸ਼ਮੀਰ ਦੇ ਨਗਰੋਟਾ ਖੇਤਰ ਵਿੱਚ ਕਿਸੇ ਖ਼ਾਸ ਮਿਸ਼ਨ ‘ਤੇ ਤਾਇਨਾਤ ਸਾਂ। ਇੱਕ ਵਾਰ ਅਸੀਂ ਰਲ਼-ਮਿਲ਼ ਕੇ ਸਲਾਹ ਕੀਤੀ ਕਿ ਆਊਟ ਪਾਸ (ਤਕਰੀਬਨ ਅੱਠ ਦਸ ਘੰਟੇ ਦੀ ਛੁੱਟੀ) ਲੈ ਕੇ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨ ਕਰਨ ਲਈ ਜਾਇਆ ਜਾਵੇ। ਸੋ ਅਸੀਂ ਸ਼ਨਿੱਚਰਵਾਰ ਸ਼ਾਮ ਨੂੰ ਸੀਨੀਅਰ ਅਧਿਕਾਰੀਆਂ ਕੋਲ ਰਿਪੋਰਟ ਕੀਤੀ ਕਿ ਅਸੀਂ ਕੱਲ੍ਹ ਨੂੰ ਐਤਵਾਰ ਦੇ ਦਿਨ ਮਾਤਾ ਵੈਸ਼ਨੋ ਦੇਵੀ ਜੀ ਦੇ ਅਸਥਾਨ ‘ਤੇ ਦਰਸ਼ਨ ਕਰਨ ਜਾਣਾ ਚਾਹੁੰਦੇ ਹਾਂ, ਇਸ ਲਈ ਸਾਨੂੰ ਇੱਕ ਦਿਨ ਲਈ ਆਊਟ ਪਾਸ ਦਿੱਤਾ ਜਾਵੇ। ਇਉਂ ਅਸੀਂ ਤਕਰੀਬਨ ਦਸ ਜਵਾਨਾਂ ਨੇ ਆਪਣੇ ਨਾਮ ਆਊਟ ਪਾਸ ਲਈ ਲਿਖਵਾ ਦਿੱਤੇ। ਅਗਲੇ ਦਿਨ ਐਤਵਾਰ ਨੂੰ ਤਕਰੀਬਨ ਸਵੇਰੇ ਅੱਠ ਵਜੇ ਸਾਨੂੰ ਸਾਰਿਆਂ ਨੂੰ ਆਊਟ ਪਾਸ ਸਾਈਨ ਹੋ ਕੇ ਮਿਲ ਗਿਆ ਅਤੇ ਹੁਕਮ ਹੋਇਆ ਕਿ ਸਿਵਲ ਕੱਪੜੇ ਨਹੀਂ ਪਾਉਣੇ ਸਗੋਂ ਸਾਰੇ ਫ਼ੌਜੀ ਵਰਦੀ ਪਾ ਕੇ ਹੀ ਜਾਣਗੇ। ਸੋ ਅਸੀਂ ਸਵੇਰੇ ਨਾਸ਼ਤਾ ਕਰ ਕੇ ਆਊਟ ਪਾਸ ਲੈ ਕੇ ਜਿਉਂ ਹੀ ਕੈਂਪ ਦੇ ਗੇਟ ਤੋਂ ਬਾਹਰ ਹੋਏ ਤਾਂ ਮੇਰੇ ਸਿਰ ਉੱਤੇ ਕੱਟੜਤਾ ਅਤੇ ਹੰਕਾਰ ਦਾ ਭੂਤ ਸਵਾਰ ਹੋ ਗਿਆ। ਮੈਂ ਆਪਣੇ ਸਾਥੀਆਂ ਨੂੰ ਕਿਹਾ, ”ਆਪਾਂ ਸਾਰੇ ਸਿੱਖ ਹਾਂ। ਇਸ ਲਈ ਆਪਾਂ ਨੂੰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਨਹੀਂ ਜਾਣਾ ਚਾਹੀਦਾ ਕਿਉਂਕਿ ਮੂਰਤੀ ਪੂਜਾ ਸਿੱਖੀ ਸਿਧਾਂਤਾਂ ਦੇ ਉਲਟ ਹੈ। ਆਪਾਂ ਸਾਰੇ ਨਗਰੋਟੇ ਦੇ ਗੁਰਦੁਆਰਾ ਸਾਹਿਬ ਚਲਦੇ ਹਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਾਂਗੇ।” ਮੇਰੀ ਗੱਲ ਸੁਣ ਕੇ ਮੇਰੇ ਸਾਥੀ ਕਹਿਣ ਲੱਗੇ ਕਿ ‘ਗੁਰਦੁਆਰੇ ਤਾਂ ਆਪਾਂ ਆਮ ਹੀ ਜਾਂਦੇ ਰਹਿੰਦੇ ਹਾਂ, ਇਸ ਲਈ ਆਪਾਂ ਨੂੰ ਅੱਜ ਨਵੀਂ ਜਗ੍ਹਾ ਜਾਣਾ ਚਾਹੀਦਾ ਹੈ ਅਤੇ ਸਬੱਬ ਨਾਲ ਹੀ ਹੁਣ ਆਪਾਂ ਬਿਲਕੁਲ ਨੇੜੇ ਆਏ ਹੋਏ ਹਾਂ; ਫਿਰ ਪਤਾ ਨਹੀਂ ਕਦੇ ਸਮਾਂ ਮਿਲੇ ਜਾਂ ਨਾ ਮਿਲੇ। ਇਸ ਲਈ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨਾਂ ਨੂੰ ਹੀ ਜਾਇਆ ਜਾਵੇ’। ਮੇਰੇ ਸਿਰ ‘ਤੇ ਕੱਟੜਤਾ ਅਤੇ ਹੰਕਾਰ ਦਾ ਭੂਤ ਚੜ੍ਹਿਆ ਹੋਇਆ ਸੀ। ਇਸ ਲਈ ਮੈਂ ਟੱਸ ਤੋਂ ਮੱਸ ਨਾ ਹੋਇਆ। ਵੱਖ ਵੱਖ ਤਰ੍ਹਾਂ ਦੀਆਂ ਨਾਵਾਜਬ ਉਦਾਹਰਣਾਂ ਦੇ ਕੇ ਉਨ੍ਹਾਂ ਨੂੰ ਗ਼ਲਤ ਠਹਿਰਾਉਣ ਦੀ ਕੋਸਸ਼ਿ ਵੀ ਕੀਤੀ ਪਰ ਉਹ ਵੀ ਆਪਣੀ ਗੱਲ ‘ਤੇ ਅੜੇ ਰਹੇ। ਉਨ੍ਹਾਂ ਨੇ ਮੈਨੂੰ ਹਰ ਤਰ੍ਹਾਂ ਨਾਲ ਸਮਝਾਉਣ ਦੀ ਕੋਸਿਸ਼ ਕੀਤੀ ਪਰ ਮੈਂ ਉਨ੍ਹਾਂ ਦੀ ਕੋਈ ਗੱਲ ਨਾ ਮੰਨੀ ਅਤੇ ਉਨ੍ਹਾਂ ਨੂੰ ਬੁਰਾ ਭਲਾ ਵੀ ਬੋਲਿਆ। ਉਨ੍ਹਾਂ ਵਿੱਚੋਂ ਇੱਕ ਜਵਾਨ ਨੂੰ ਮੈਂ ਆਪਣੇ ਵੱਲ ਕਰਨ ਵਿੱਚ ਕਾਮਯਾਬ ਹੋ ਗਿਆ ਅਤੇ ਉਹ ਮੇਰੇ ਨਾਲ ਗੁਰਦੁਆਰਾ ਸਾਹਿਬ ਜਾਣ ਲਈ ਰਾਜ਼ੀ ਹੋ ਗਿਆ। ਸ਼ਾਇਦ ਉਹ ਅੰਮ੍ਰਿਤਸਰ ਜ਼ਿਲ੍ਹੇ ਦਾ ਜਸਵੰਤ ਸਿੰਘ ਸੀ। ਇਸ ਤਰ੍ਹਾਂ ਸਾਡੇ ਅੱਠ ਸਾਥੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਚਲੇ ਗਏ ਅਤੇ ਅਸੀਂ ਦੋ ਜਣੇ ਨਗਰੋਟੇ ਦੇ ਗੁਰਦੁਆਰਾ ਸਾਹਿਬ ਚਲੇ ਗਏ। ਇੰਨੇ ਨੂੰ ਕਰੀਬ ਨੌਂ ਸਾਢੇ ਨੌਂ ਵੱਜ ਚੁੱਕੇ ਸਨ। ਜਿਉਂ ਹੀ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਮੱਥਾ ਟੇਕ ਕੇ ਪੰਜ ਕੁ ਮਿੰਟ ਬੈਠ ਕੇ ਦਰਬਾਰ ਸਾਹਿਬ ‘ਚੋਂ ਬਾਹਰ ਆਏ ਤਾਂ ਬਾਹਰ ਇੱਕ ਗੁਰਸਿੱਖ ਸੱਜਣ ਕੁਰਸੀ ਡਾਹ ਕੇ ਬੈਠਾ ਕੁਝ ਪੜ੍ਹ ਰਿਹਾ ਸੀ। ਉਸ ਦੀ ਨਜ਼ਰ ਸਾਡੇ ‘ਤੇ ਪਈ ਤਾਂ ਸਾਡੇ ਫ਼ੌਜੀ ਵਰਦੀਆਂ ਪਾਈਆਂ ਹੋਣ ਕਾਰਨ ਉਸ ਨੇ ਉੱਠ ਕੇ ਸਾਨੂੰ ਫ਼ਤਹਿ ਬੁਲਾਈ ਅਤੇ ਆਪਣੇ ਕੋਲ ਬੁਲਾ ਲਿਆ। ਉਸ ਨੇ ਸਾਨੂੰ ਦੋਵਾਂ ਨੂੰ ਕੋਲ ਖਾਲੀ ਪਈਆਂ ਕੁਰਸੀਆਂ ‘ਤੇ ਬੈਠਣ ਦਾ ਇਸ਼ਾਰਾ ਕੀਤਾ। ਅਸੀਂ ਵੀ ਕੁਰਸੀਆਂ ‘ਤੇ ਬੈਠ ਗਏ। ਉਸ ਨੇ ਸਾਨੂੰ ਪ੍ਰਸ਼ਾਦਾ ਛਕਣ ਲਈ ਪੁੱਛਿਆ ਤਾਂ ਅਸੀਂ ਨਾਂਹ ਕਰ ਦਿੱਤੀ। ਉਸ ਨੇ ਸੇਵਾਦਾਰ ਨੂੰ ਸਾਡੇ ਲਈ ਚਾਹ ਲੈ ਕੇ ਆਉਣ ਨੂੰ ਆਵਾਜ਼ ਮਾਰੀ। ਫਿਰ ਅਸੀਂ ਗੱਲਾਂਬਾਤਾਂ ਅਤੇ ਵਿਚਾਰ ਵਟਾਂਦਰਾ ਕਰਨ ਲੱਗੇ। ਗੱਲਾਂਬਾਤਾਂ ਤੋਂ ਮੈਨੂੰ ਲੱਗਿਆ ਕਿ ਉਹ ਸਿੱਖ ਧਰਮ ਦੇ ਸਿਧਾਂਤਾਂ ਦੀ ਕਾਫ਼ੀ ਸੂਝ ਰੱਖਦਾ ਹੈ। ਉਸ ਦੇ ਵਿਚਾਰਾਂ ਨੇ ਮੈਨੂੰ ਕਾਫ਼ੀ ਪ੍ਰਭਾਵਿਤ ਵੀ ਕੀਤਾ ਪਰ ਮੇਰੇ ਸਿਰ ‘ਤੇ ਚੜ੍ਹਿਆ ਕੱਟੜਤਾ ਦਾ ਭੂਤ ਹੋਰ ਵੀ ਬਿਹਬਲ ਹੋ ਉੱਠਿਆ। ਮੈਂ ਬੜੇ ਹੰਕਾਰ ਨਾਲ ਉਸ ਨੂੰ ਕਿਹਾ, ”ਖਾਲਸਾ ਜੀ! ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ।” ਉਸ ਨੇ ਕਿਹਾ, ”ਜੀ ਜ਼ਰੂਰ ਪੁੱਛੋ। ਜੇ ਮੇਰੇ ਸਮਝ ਵਿੱਚ ਆਵੇਗਾ ਤਾਂ ਜ਼ਰੂਰ ਜਵਾਬ ਦੱਸਾਂਗਾ।” ਮੈਂ ਸੁਆਲ ਕੀਤਾ, ”ਭਾਈ ਸਾਹਿਬ! ਅਸੀਂ ਦਸ ਫ਼ੌਜੀ ਜਵਾਨਾਂ ਨੇ ਆਊਟ ਪਾਸ ਲਿਆ ਹੈ ਅਤੇ ਅਸੀਂ ਸਾਰੇ ਹੀ ਸਿੱਖ ਧਰਮ ਨਾਲ ਸਬੰਧਿਤ ਹਾਂ। ਅੱਠ ਜਵਾਨ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਗਏ ਹਨ ਅਤੇ ਅਸੀਂ ਦੋ ਜਣੇ ਗੁਰੂਘਰ ਆਏ ਹਾਂ। ਉਹ ਸਹੀ ਹਨ ਜਾਂ ਅਸੀਂ ਸਹੀ ਹਾਂ?” ਮੇਰਾ ਸੁਆਲ ਸੁਣ ਕੇ ਪਹਿਲਾਂ ਤਾਂ ਉਹ ਥੋੜ੍ਹਾ ਜਿਹਾ ਮਿੰਨ੍ਹਾ ਮਿੰਨ੍ਹਾ ਹੱਸਿਆ। ਫਿਰ ਮੇਰੇ ਵੱਲ ਗਹੁ ਨਾਲ ਦੇਖਦਾ ਹੋਇਆ ਮੈਨੂੰ ਮੁਖ਼ਾਤਿਬ ਹੋ ਕੇ ਕਹਿਣ ਲੱਗਾ, ”ਜੀ ਤੁਸੀਂ ਦੋਵੇਂ ਸਹੀ ਹੋ। ਉਹ ਵੀ ਸਹੀ ਹਨ, ਤੁਸੀਂ ਵੀ ਸਹੀ ਹੋ।” ਮੈਂ ਹੈਰਾਨ ਹੁੰਦਿਆਂ ਹੰਕਾਰ ਵੱਸ ਹੋ ਕੇ ਕਿਹਾ, ”ਜੀ ਉਹ ਕਿਵੇਂ ਸਹੀ ਹੋ ਸਕਦੇ ਹਨ? ਉਹ ਸਿੱਖ ਹੋ ਕੇ ਮਾਤਾ ਦੇ ਅਸਥਾਨ ‘ਤੇ ਚਲੇ ਗਏ ਜਦੋਂਕਿ ਉਨ੍ਹਾਂ ਨੂੰ ਚਾਹੀਦਾ ਸੀ ਕਿ ਗੁਰੂਘਰ ਆ ਕੇ ਮੱਥਾ ਟੇਕਦੇ ਅਤੇ ਸੁੱਖ ਸ਼ਾਂਤੀ ਦੀ ਅਰਦਾਸ ਬੇਨਤੀ ਕਰਦੇ ਜਿਵੇਂ ਕਿ ਅਸੀਂ ਦੋਵੇਂ ਉਧਰ ਨਾ ਜਾ ਕੇ ਗੁਰੂਘਰ ਆਏ ਹਾਂ।” ਮੇਰੀ ਇਹ ਗੱਲ ਸੁਣ ਕੇ ਉਸ ਨੇ ਬੜੇ ਪਿਆਰ ਅਤੇ ਠਰੰਮੇ ਨਾਲ ਜੋ ਸ਼ਬਦ ਕਹੇ ਉਨ੍ਹਾਂ ਨੇ ਮੇਰੀ ਸੋਚ ਹੀ ਬਦਲ ਕੇ ਰੱਖ ਦਿੱਤੀ। ਉਸ ਨੇ ਕਿਹਾ, ”ਭਾਈ ਸਾਹਿਬ, ਸਿੱਖ ਦਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰਬਾਣੀ ਦੀ ਵਿਚਾਰਧਾਰਾ ‘ਤੇ ਅਟੱਲ ਹੋਣਾ ਚਾਹੀਦਾ ਹੈ। ਸਿੱਖ ਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸਾਡੇ ਗੁਰੂਆਂ ਨੇ ਦੂਸਰੇ ਧਰਮ ਖ਼ਾਤਰ ਸ਼ਹੀਦੀਆਂ ਦਿੱਤੀਆਂ ਹਨ। ਪਰ ਜਨਰਲ ਨੌਲੇਜ ਦੀ ਖ਼ਾਤਰ, ਗਿਆਨ ਦੇ ਵਾਧੇ ਲਈ ਸਿੱਖ ਨੂੰ ਹਰ ਥਾਂ ਜਾਣਾ ਚਾਹੀਦਾ ਹੈ ਤਾਂ ਕਿ ਪਤਾ ਲੱਗੇ ਬਈ ਉੱਥੇ ਕਿਸ ਤਰ੍ਹਾਂ ਦੇ ਲੋਕ ਰਹਿੰਦੇ ਹਨ, ਕਿਸ ਤਰ੍ਹਾਂ ਪਾਠ ਪੂਜਾ ਕੀਤੀ ਜਾਂਦੀ ਹੈ, ਸੰਗਤਾਂ ਲਈ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ, ਮਨੁੱਖਤਾ ਦੇ ਭਲੇ ਲਈ ਕੀ ਉਪਦੇਸ਼ ਦਿੱਤਾ ਜਾਂਦਾ ਹੈ। ਜੇ ਆਪਾਂ ਕਿਸੇ ਵੀ ਦੂਸਰੇ ਧਰਮਾਂ ਦੇ ਅਸਥਾਨਾਂ ‘ਤੇ ਨਾ ਜਾਵਾਂਗੇ ਤਾਂ ਆਪਾਂ ਅਗਿਆਨੀ ਹੀ ਰਹਿ ਜਾਵਾਂਗੇ। ਕੱਟੜਤਾ ਕਿਸੇ ਵੀ ਕੌਮ ਜਾਂ ਧਰਮ ਵਿੱਚ ਹੋਣੀ ਚੰਗੀ ਨਹੀਂ ਹੁੰਦੀ ਸਗੋਂ ਆਪਸ ਵਿੱਚ ਮਿਲ-ਜੁਲ ਕੇ ਰਹਿਣਾ ਅਤੇ ਪਿਆਰ ਮੁਹੱਬਤ ਵੰਡਣਾ, ਦੁਖੀ, ਗ਼ਰੀਬ, ਮਜਬੂਰ ਦੀ ਲੋੜ ਵੇਲੇ ਮਦਦ ਕਰਨਾ ਹੀ ਅਸਲ ਸਿੱਖ ਦੀ ਨਿਸ਼ਾਨੀ ਹੈ।” ਉਸ ਨੇ ਦੱਸਿਆ, ”ਮੈਂ ਸਿੱਖ ਮਿਸ਼ਨਰੀ ਕਾਲਜ ਵਿੱਚੋਂ ਸਿੱਖੀ ਸਿਧਾਂਤਾਂ ਦੀ ਵਿਦਿਆ ਲਈ ਹੈ ਅਤੇ ਮੈਂ ਹੁਣ ਏਥੇ ਬਤੌਰ ਮੈਨੇਜਰ ਡਿਊਟੀ ਨਿਭਾਅ ਰਿਹਾ ਹਾਂ।” ਇਸ ਦੌਰਾਨ ਹੀ ਗੁਰੂਘਰ ਦਾ ਸੇਵਾਦਾਰ ਚਾਹ ਦੇ ਤਿੰਨ ਗਲਾਸ ਰੱਖ ਗਿਆ ਸੀ ਜੋ ਕਿ ਸਾਡੇ ਗੱਲਾਂਬਾਤਾਂ ਵਿੱਚ ਰੁੱਝੇ ਹੋਣ ਕਾਰਨ ਬਿਲਕੁਲ ਪਾਣੀ ਵਰਗੀ ਠੰਢੀ ਹੋ ਚੁੱਕੀ ਸੀ ਪਰ ਉਹ ਚਾਹ ਸਾਨੂੰ ਪੀਣ ਵੇਲੇ ਬਹੁਤ ਹੀ ਸੁਆਦ ਲੱਗੀ। ਉਸ ਦੇ ਇਨ੍ਹਾਂ ਵਿਚਾਰਾਂ ਨੂੰ ਸੁਣ ਕੇ ਮੈਂ ਸੁੰਨ ਹੋ ਗਿਆ ਅਤੇ ਮਨ ਹੀ ਮਨ ਪਛਤਾਉਣ ਲੱਗਾ ਕਿ ਮੇਰੇ ਕੋਲੋਂ ਬਹੁਤ ਵੱਡੀ ਭੁੱਲ ਹੋਈ ਹੈ। ਕੁਝ ਸਕਿੰਟਾਂ ਬਾਅਦ ਮੈਂ ਆਪਣੇ ਖਅਿਾਲਾਂ ‘ਚੋਂ ਬਾਹਰ ਆਇਆ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਖਾਲਸਾ ਜੀ ਸਾਨੂੰ ਹੁਣ ਛੁੱਟੀ ਦਿਓ ਤਾਂ ਕਿ ਅਸੀਂ ਵੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਗਏ ਆਪਣੇ ਸਾਥੀਆਂ ਨਾਲ ਜਲਦੀ ਤੋਂ ਜਲਦੀ ਜਾ ਰਲੀਏ। ਫ਼ਤਹਿ ਬੁਲਾ ਕੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਗਏ ਸਾਥੀ ਜਵਾਨਾਂ ਵੱਲ ਅਸੀਂ ਵੀ ਚੱਲ ਪਏ ਅਤੇ ਦੁੜੰਗੇ ਮਾਰਦੇ ਹੋਏ ਪਹਾੜ ਦੀ ਚੜ੍ਹਾਈ ਚੜ੍ਹ ਗਏ। ਜਦੋਂ ਅਸੀਂ ਮਾਤਾ ਦੇ ਮੰਦਰ ਪਹੁੰਚੇ ਤਾਂ ਸਾਡੇ ਦੋਸਤ ਦਰਸ਼ਨ ਕਰ ਕੇ ਬਾਹਰ ਆ ਚੁੱਕੇ ਸਨ। ਉਨ੍ਹਾਂ ਨੂੰ ਉੱਥੇ ਹੀ ਰੁਕ ਕੇ ਚਾਹ ਪਾਣੀ ਪੀਣ ਅਤੇ ਸਾਨੂੰ ਉਡੀਕਣ ਲਈ ਕਹਿ ਕੇ ਅਸੀਂ ਮਾਤਾ ਦੇ ਦਰਸ਼ਨਾਂ ਲਈ ਮੰਦਰ ਦੇ ਅੰਦਰ ਚਲੇ ਗਏ। ਦਰਸ਼ਨ ਕਰਨ ਉਪਰੰਤ ਆਪਣੇ ਦੋਸਤਾਂ ਨਾਲ ਆ ਰਲੇ। ਸਾਥੀ ਸਾਡੇ ਉੱਥੇ ਪਹੁੰਚਣ ‘ਤੇ ਹੈਰਾਨ ਵੀ ਹੋਏ ਅਤੇ ਖ਼ੁਸ਼ ਵੀ। ਵਾਪਸੀ ਵੇਲੇ ਮੈਂ ਸਾਰੀ ਘਟਨਾ ਉਨ੍ਹਾਂ ਨਾਲ ਸਾਂਝੀ ਕੀਤੀ ਅਤੇ ਸਾਰੇ ਦੋਸਤਾਂ ਸਮੇਤ ਸਮੇਂ ਨਾਲ ਡਿਊਟੀ ‘ਤੇ ਆ ਹਾਜ਼ਰ ਹੋਏ। ਉਸ ਤੋਂ ਬਾਅਦ ਮੈਂ ਭਰੋਸਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਅਤੇ ਵਿਚਾਰਧਾਰਾ ‘ਤੇ ਬਣਾਈ ਰੱਖਿਆ ਪਰ ਜਦੋਂ ਵੀ ਸਮਾਂ ਮਿਲਦਾ ਮੰਦਰ, ਮਸਜਿਦ, ਗਿਰਜਾਘਰ, ਜੈਨ ਸਥਾਨਕ ਵਗੈਰਾ ਵੀ ਚਲਾ ਜਾਂਦਾ ਤਾਂ ਕਿ ਥੋੜ੍ਹਾ ਬਹੁਤਾ ਦੂਸਰੇ ਧਰਮਾਂ ਬਾਰੇ ਵੀ ਸਮਝਿਆ ਜਾ ਸਕੇ।
ੲੲੲ

Check Also

Dayanand Medical College & Hospital Ludhiana,Punjab,India

DMCH Infertility & IVF Unit  IVF with self and donor oocytes  ICSI and …