Breaking News
Home / ਘਰ ਪਰਿਵਾਰ / ਧੀ ਧੰਨ ਬੇਗਾਨਾ

ਧੀ ਧੰਨ ਬੇਗਾਨਾ

ਮਨੁੱਖੀ ਜਾਤ ਦੀਆਂ ਦੋ ਕਿਸਮਾਂ ਹਨ ਮਰਦ ਅਤੇ ਔਰਤ। ਔਰਤ ਜਦੋਂ ਮਾਪਿਆਂ ਕੋਲ ਹੁੰਦੀ ਹੈ ਤਾਂ ਉਹ ਉਹ ਲਾਡਲੀ ਧੀ ਹੁੰਦੀ ਹੈ। ਵਿਆਹ ਤੋਂ ਬਾਅਦ ਉਹ ਬੇਗਾਨੀ ਹੋ ਕੇ ਨਵੇਂ ਸਿਰਿਓ ਘਰ ਵਸਾਉਂਦੀ ਹੈ। ਧੀ ਧੰਨ ਬੇਗਾਨਾ ਦੋ ਤਰ੍ਹਾਂ ਦੇ ਸੁਨੇਹੇ ਦਿੰਦੀ ਹੈ। ਇੱਕ ਧੰਨ ਬਹੁਤ ਵੱਡਾ ਹੌਂਸਲਾ ਅਤੇ ਮਹਾਨਤਾ ਹੁੰਦੀ ਹੈ ਕਿ ਜਨਮ ਹੀ ਦੂਜੇ ਘਰ ਜਾਣ ਨੂੰ ਹੋਇਆ ਇੱਕ ਧੰਨ ਧੀ ਦੌਲਤ ਹੁੰਦੀ ਹੈ। ਮੋਹ ਦੀਆਂ ਤੰਦਾਂ ਸਭ ਤੋਂ ਵੱਧ ਧੀ ਜੋੜਦੀ ਹੈ। ਜ਼ਿਆਦਾ ਮਹਾਨਤਾ ਲਿੰਗ ਪੱਖੋਂ ਹੁੰਦੀ ਹੈ ਕਿਉਂਕਿ ਜਗਤ ਜਨਨੀ ਹੈ। ਮਹਾਨ ਗੁਰਬਾਣੀ ਵਿੱਚ ਵੀ ਧੀ ਨੂੰ ਉੱਚਾ ਦਰਜਾ ਪ੍ਰਾਪਤ ਹੈ। ਧੀ ਬਿਨ੍ਹਾਂ ਸੱਭਿਆਚਾਰ ਬੇਜਾਨ ਹੁੰਦਾ ਹੈ।
ਇੱਕ ਸਮਾਂ ਸੀ ਜਦੋਂ ਕੁੜੀ ਨੂੰ ਜੰਮਦੀ ਸਾਰ ਗਲ ਅੰਗੂਠਾ ਦੇ ਕੇ ਮਾਰ ਦਿੱਤਾ ਜਾਂਦਾ ਸੀ। ਹੁਣ ਇਸ ਤਰ੍ਹਾਂ ਦਾ ਬਦਲ ਛੁਰੀਆਂ-ਕਟਾਰੀਆਂ ਨੇ ਲੈ ਲਿਆ ਹੈ। ਅਜਿਹੇ ਮੌਕਿਆਂ ‘ਤੇ ਧੀ ਲਾਹਨਤ ਪਾਉਂਦੀ ਹੈ ਕਿ ”ਬਾਬਲਾ ਤੂੰ ਡੋਲੀ ਵਿੱਚ ਤਾਂ ਕੀ ਬਿਠਾਉਣਾ, ਅਰਥੀ ਦਾ ਵੀ ਸਰਫਾ ਕੀਤਾ”। ਮਾਂ ਦੀ ਗੋਦ ਦਾ ਆਨੰਦ ਮਾਣਦੀ ਧੀ ਤੋਤਲੀ ਆਵਾਜ਼ ਤੋਂ ਸ਼ੁਰੂ ਹੋ ਕੇ ਪੜ੍ਹਾਈ ਦੇ ਸਿਖਰ ਵੱਲ ਜਾਂਦੀ ਹੈ। ਮਾਂ ਦਾ ਧੀ ਦੇ ਸਮਾਜੀਕਰਨ ਵਿੱਚ ਵੱਡਾ ਯੋਗਦਾਨ ਹੁੰਦਾ ਹੈ। ਹਰੇਕ ਮਾਂ ਬਾਪ ਆਪਣੀ ਧੀ ਨੂੰ ਸਰਬਕਲਾ ਸੰਪੂਰਨ ਹੋਣਾ ਲੋਚਦਾ ਹੈ। ਦਾਗ, ਦਾਜ ਅਤੇ ਦਰਿੰਦਗੀ ਦੇ ਦੈਂਤ ਨੇ ਕੁੜੀਆਂ ਦੇ ਲਾਡਲੇ ਚਾਵਾਂ ਨੂੰ ਹਾਸ਼ੀਏ ਵੱਲ ਕੀਤਾ ਹੈ। ਅਵਿਕਸਿਤ ਸੋਚਾਂ ਦੇ ਮਾਲਕ ਅਜਿਹੇ ਕਾਰਨਾਮੇ ਕਰਨ ਦੇ ਨਾਲ-ਨਾਲ ਆਪਣੇ ਘਰ ਜੰਮੀ ਧੀ ਨਾਲ ਵੀ ਵਿਕਾਸ ਕਰਵਾਉਣ ਦੀ ਜਗ੍ਹਾ ਦਬਾਦਬ ਵਿਆਹ ਦਿੰਦੇ ਹਨ। ਮਨ ਵਿੱਚ ਸੋਚ ਪਾਲ ਲੈਂਦੇ ਹਨ ”ਛੱਡੋ ਜੀ, ਇਹ ਤਾਂ ਬੇਗਾਨਾ ਧੰਨ ਹੈ”। ਕੁੜੀ ਦੇ ਜੰਮਣ ਸਾਰ ਕਈ ਪਰਿਵਾਰ ਜ਼ਹਿਰ ਦਾ ਘੁੱਟ ਪੀਤੇ ਵਰਗਾ ਆਪਣਾ ਮੂੰਹ ਬਣਾ ਲੈਂਦੇ ਹਨ। ਸੱਭਿਅਤ ਪਰਿਵਾਰਾਂ ਵਿੱਚ ਜਿਉਂ-ਜਿਉਂ ਧੀ ਵੱਡੀ ਹੁੰਦੀ ਹੈ ਆਪਣੇ ਮੋਹ-ਭਿੱਜੀ ਨਿਵੇਕਲੀ ਹੋਂਦ ਬਣਾ ਲੈਂਦੀ ਹੈ। ਹਾਂ ਇੱਕ ਗੱਲ ਜ਼ਰੂਰ ਹੈ ਧੀ ਦਾ ਪਹਿਰਾਵਾ ਸਹੀ ਹੋਣਾ ਚਾਹੀਦਾ ਹੈ।
18 ਸਾਲ ਦੀ ਉਮਰ ਹੁੰਦੇ ਸਾਰ ਮਾਂ-ਪਿਉ ਵਰ ਲੱਭਣ ਦੀ ਸੋਚ ਲੈਂਦੇ ਹਨ, ਅਜੇ ਧੀ ਖੁਦ ਵਰ ਲੱਭਣ ਲਈ ਅਜ਼ਾਦ ਨਹੀਂ ਹੋਈ। ਇਸ ਪਿੱਛੇ ਵੀ ਅਵਿਕਸਤ ਮਾਨਸਿਕਤਾ ਕੰਮ ਕਰਦੀ ਹੈ। ਮਾਂ-ਬਾਪ ਡੋਲੀ ਦੌਰਾਨ ਤੋਰਨ ਵੇਲੇ ਕੁੜੀ ਦਾ ਪੱਖ ਇਸ ਤਰ੍ਹਾਂ ਰੱਖਦੇ ਹਨ, ”ਕੁੜੀ ਤਾਂ ਸਾਡੀ ਤਿੱਲੇ ਦੀ ਤਾਰ ਏ, ਮੁੰਡਾ ਤਾਂ ਲੱਗਦਾ ਕੋਈ ਘੁਮਿਆਰ ਏ” ਬਹੁਤੀ ਜਗ੍ਹਾ ਔਰਤ ਇਹ ਗੱਲ ਭੁੱਲ ਜਾਂਦੀ ਹੈ ਕਿ ”ਮੈਂ ਸੱਸ ਵੀ ਕਦੇ ਬਹੂ ਸੀ”। ਅਜਿਹੇ ਹਾਲਾਤ ਵਿੱਚ ਇਉਂ ਉਚਾਰਿਆ ਜਾਂਦਾ ਹੈ ”ਅੱਗੇ ਸੱਸ ਬਘਿਆੜੀ ਟੱਕਰੀ ਮਾਪਿਆਂ ਨੇ ਰੱਖੀ ਲਾਡਲੀ”। ਇੱਕ ਧੀ ਹੀ ਹੁੰਦੀ ਹੈ ਜਿਸ ਦੇ ਦੋ ਘਰ ਪੇਕੇ ਅਤੇ ਸਹੁਰੇ ਹੁੰਦੇ ਹਨ। ਜੇ ਦੋਵਾਂ ਘਰਾਂ ਵਿੱਚ ਸਤਿਕਾਰ ਮਿਲ ਜਾਵੇ ਫਿਰ ਸੋਨੇ ‘ਤੇ ਸੁਹਾਗਾ ਜੇ ਨਾ ਮਿਲੇ ਤਾਂ ਆਖ ਦਿੱਤਾ ਜਾਂਦਾ ਹੈ, ”ਧੀ ਤੋਂ ਨਹੀਂ ਧੀ ਦੇ ਕਰਮਾਂ ਤੋਂ ਡਰ ਲੱਗਦਾ ਹੈ”। ਧੀ ਨੂੰ ਕੰਜਕਾਂ ਦੇ ਰੂਪ ਵਿੱਚ ਦੇਵੀ ਵਾਂਗ ਪੂਜਿਆ ਜਾਂਦਾ ਹੈ। ਸਮਾਜ ਵਿੱਚ ਆਮ ਮਿਹਣਾ-ਤਾਅਨਾ ਵੀ ਹੈ ਕਿ ਜਿਸ ਦੇ ਧੀ ਨਹੀਂ ਜੰਮੀ ਉਹ ਨੂੰ ਅਕਲ ਹੀ ਨਹੀਂ ਆਉਂਦੀ।
”ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ, ਹਾਏ ਉਏ ਮੇਰਿਆ ਡਾਢਿਆ ਰੱਬਾ” ਡੋਲੀ ਤੁਰਨ ਤੋਂ ਬਾਅਦ ਵੀ ਧੀ ਦਾ ਸੱਭਿਆਚਾਰਕ ਪੱਖ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ, ”ਬਾਬਲ ਦੀਆਂ ਗਲੀਆਂ ਸੁੰਨੀਆਂ ਨੇ ਹੋਈਆਂ, ਵੀਰੇ ਵੀ ਰੋਏ, ਭੈਣਾਂ ਵੀ ਰੋਈਆਂ, ਵੀਰਾਂ ਨੇ ਭੈਣਾਂ ਦੀ ਡੋਲੀ ਨੂੰ ਚੁੱਕ-ਚੁੱਕ ਅੱਖੀਆਂ ‘ਚੋਂ ਹੰਝੂ ਕੇਰੇ ਨੇ ਬੁੱਕ-ਬੁੱਕ, ਖੁਸ਼ੀ ਵਸੇ ਭੈਣ ਹੁਣ ਕਰਦੇ ਅਰਜੋਈਆਂ, ਵੀਰੇ ਵੀ ਰੋਏ ਭੈਣਾਂ ਵੀ ਰੋਈਆਂ ”ਉਧਰ ਧੀ ਚਾਵਲਾਂ ਦਾ ਛੱਟਾ ਪਿੱਛੇ ਮਾਰਦੀ ਆਖਦੀ ਹੈ, ”ਆ ਲੈ ਮਾਂਏ ਸਾਂਭ ਕੁੰਜੀਆਂ ਧੀਆਂ ਛੱਡ ਚੱਲੀਆਂ ਸਰਦਾਰੀ, ਸਾਡਾ ਚਿੜੀਆਂ ਦਾ ਚੰਬਾ ਸਾਡੀ ਲੰਬੀ ਉਡਾਰੀ” ਆਖਰ ਆਪਣੀ ਮੰਜ਼ਲ ਦੂਜੇ ਘਰ ਪਹੁੰਚ ਕੇ ਭਵਿੱਖੀ ਸੁਪਨੇ ਸਿਰਜਦੀ ਹੈ ”ਧੀਆਂ ਕੀ ਬਣਾਈਆਂ ਬਣਾਉਣ ਵਾਲੇ, ਪਾਲ ਪਲੋਸ ਕੇ ਹੱਥੀਂ ਵਿਛੋੜ ਦੇਣਾ, ਹੱਥੀ ਕੱਟ ਟੁੱਕੜਾ ਜਿਗਰ ਨਾਲੋਂ, ਖੂਨ ਅੱਖੀਆਂ ਦੇ ਰਾਹੀ ਰੋੜ੍ਹ ਦੇਣਾ।”

– ਸੁਖਪਾਲ ਸਿੰਘ ਗਿੱਲ 98781 11445

Check Also

INFERTILITY MYTHS & FACTS: NEVER GIVE UP

Infertility is “the inability to conceive after 12 months of unprotected intercourse.” This means that …