11.6 C
Toronto
Tuesday, October 14, 2025
spot_img
Homeਘਰ ਪਰਿਵਾਰਅੰਬਾਂ ਉਤੇ ਕੋਇਲ ਬੋਲਦੀ

ਅੰਬਾਂ ਉਤੇ ਕੋਇਲ ਬੋਲਦੀ

ਸੁਖਪਾਲ ਸਿੰਘ ਗਿੱਲ
ਕੋਇਲ ਦੀ ਆਮਦ ਬਾਕੀ ਪੰਛੀਆਂ ਅਤੇ ਰੁੱਤਾਂ ਨਾਲੋਂ ਵੱਖਰੀ ਪਹਿਚਾਣ ਰੱਖਦੀ ਹੈ। ਮੌਸਮ ਅਤੇ ਰੁੱਤਾਂ ਦੇ ਬਦਲਣ ਨਾਲ ਸਾਡਾ ਵਿਰਸਾ ਵੀ ਜੁੜਿਆ ਹੋਇਆ ਹੈ। ਜਿਸ ਵਿੱਚੋਂ ਤਰ੍ਹਾਂ-ਤਰ੍ਹਾਂ ਦਾ ਸਾਹਿਤ ਉਪਜਿਆ। ਮੌਸਮ ਬਦਲਣ ਸਾਰ ਸੈਲਾਨੀ ਪੰਛੀ ਕੋਇਲ ਦੀ ਆਮਦ ਸ਼ੁਰੂ ਹੋ ਜਾਂਦੀ ਹੈ।
ਕੋਇਲ ਦੀ ਸੁਰੀਲੀ ਆਵਾਜ਼ ਨਾਲ ਬਚਪਨ ਯਾਦ ਆ ਜਾਂਦਾ ਹੈ। ਬੱਚੇ ਬਚਪਨ ਵਿੱਚ ਕੋਇਲ ਦੀ ਆਵਾਜ਼ ਕੱਢ ਕੇ ਉਸਦੇ ਸਾਂਗ ਲਾਉਂਦੇ ਹਨ। ਕਈ ਵਾਰੀ ਕੋਇਲ ਵੀ ਬਰਾਬਰ ਬੋਲਦੀ ਸੀ। ਸਾਡੀਆਂ ਪਾਠ-ਪੁਸਤਕਾਂ ਵਿੱਚ ਮਾਣਮੱਤੀ ਗਾਇਕਾ ਸੁਰਿੰਦਰ ਕੌਰ ਨੂੰ ਕੋਇਲ ਦੀ ਸੁਰੀਲੀ ਆਵਾਜ਼ ਕਰਕੇ ਪੰਜਾਬ ਦੀ ਕੋਇਲ ਦਾ ਰੁਤਬਾ ਮਿਲਿਆ ਹੋਇਆ ਹੈ।
ਬਚਪਨ ਵਿੱਚ ਸਿਆਣਿਆਂ ਕੋਲੋਂ ਆਮ ਕਹਾਵਤ ਸੁਣੀ ਜਾਂਦੀ ਸੀ ”ਕਾਵਾਂ ਦੇ ਕਾਵੀਂ, ਕੋਇਲਾਂ ਦੇ ਕੋਇਲੀ” ਇਸ ਨੂੰ ਸੱਚ ਵੀ ਮੰਨਿਆ ਜਾਂਦਾ ਹੈ ਕਿ ਕੋਇਲ ਆਪਣਾ ਆਲ੍ਹਣਾ ਨਹੀਂ ਬਣਾਉਂਦੀ। ਬਲਕਿ ਆਪਣੇ ਆਂਡੇ ਕਾਵਾਂ ਦੇ ਘੁਰਨਿਆ ਵਿੱਚ ਦੇ ਦਿੰਦੀ ਹੈ। ਇਹਨਾਂ ਆਂਡਿਆਂ ਵਿੱਚੋਂ ਜਨਮੇਂ ਬੱਚੇ ਵੱਡੇ ਹੋ ਕੇ ਆਪਣੇ ਆਪਣੇ ਪਰਿਵਾਰਾਂ ਵਿੱਚ ਰਲ ਜਾਂਦੇ ਹਨ। ਇਸ ਉਦਾਹਰਣ ਨਾਲ ਮਾਂ ਦੀ ਮਮਤਾ ਦਾ ਰੁਤਬਾ ਦਾਗ਼ਦਾਰ ਵੀ ਹੁੰਦਾ ਹੈ। ਇਸ ਤੋਂ ਇਲਾਵਾ ਅਕ੍ਰਿਤਘਣਤਾ ਵੀ ਇਸ ਪੰਕਤੀ ਵਿੱਚੋਂ ਝਲਕਦੀ ਹੈ। ਕੋਇਲ ਦਾ ਆਮ ਟਿਕਾਣਾ ਬਾਗ਼ ਹੁੰਦੇ ਹਨ। ਅੰਬ ਦੇ ਬੂਟੇ ਇਸ ਦਾ ਮਨ-ਭਾਉਂਦਾ ਟਿਕਾਣਾ ਹੁੰਦੇ ਹਨ। ਨਰ ਕੋਇਲ ਨੀਲੀ ਕਾਲੀ ਚਮਕ ਮਾਰਦੀ ਹੈ। ਜਦਕਿ ਮਾਦਾ ਕੋਇਲ ਚਿੱਤਮ-ਚਿੱਤੀ ਹੁੰਦੀ ਹੈ। ਦੋਵਾਂ ਦਾ ਸੁਰੀਲਾ ਗੀਤ ਵੀ ਵੱਖ-ਵੱਖ ਹੁੰਦਾ ਹੈ। ਅੰਬ ਨੂੰ ਬੂਰ ਪੈਣ ਸਾਰ ਹੀ ਕੋਇਲ ਆ ਜਾਂਦੀ ਹੈ। ਪੰਜ-ਸੱਤ ਮਹੀਨੇ ਛੁੱਪੀ ਰਹਿ ਕੇ ਅਚਾਨਕ ਹੀ ਗੀਤਾਂ ਦੀਆਂ ਸੁਰਾਂ ਕੱਢਣ ਲੱਗ ਪੈਂਦੀ ਹੈ। ਅੰਬ ਮਉਲਦਾ ਹੈ ਤਾਂ ਕੋਇਲ ਟਪਕ ਜਾਂਦੀ ਹੈ। ” ਕੋਇਲ ਅੰਬਿ ਸੁਹਾਵੀ ਬੋਲਿ ਕਿਉ ਦੁਖ ਅੰਨਿ ਸਹੀ ਜੈ” ਬਾਬਾ ਫ਼ਰੀਦ ਜੀ ਨੇ ਵੀ ਕੋਇਲ ਨੂੰ ਇਸ ਤਰ੍ਹਾਂ ਚਿਤਰਿਆ ਹੈ। ”ਕਾਲੀ ਕੋਇਲ ਤੂ ਕਿਤ ਗੁਣ ਕਾਲੀ।”
ਸਾਹਿਤ ਅਤੇ ਸੱਭਿਆਚਾਰ ਵਿੱਚ ਬੋਲਦੀ ਕੋਇਲ ਅੱਜ ਦੇ ਜ਼ਮਾਨੇ ਵਿੱਚ ਜਦੋਂ ਹਕੀਕਤ ਵਿੱਚ ਬੋਲਦੀ ਹੈ, ਤਾਂ ਮਾਹੌਲ ਸੱਭਿਆਚਾਰਕ ਨਜ਼ਾਰਾ ਪੇਸ਼ ਕਰਦਾ ਹੈ। ਅੰਬ ਨਾਲ ਕੋਇਲ ਨੂੰ ਸਦੀਵੀ ਬਣਾਉਣ ਲਈ ਸੱਭਿਆਚਾਰਕ ਵੰਨਗੀ ਇਉਂ ਪੇਸ਼ ਕੀਤੀ ਗਈ ਹੈ।
ਅੰਬਾਂ ਉੱਤੇ ਕੋਇਲ ਬੋਲਦੀ ਟਾਹਲੀ ਉੱਤੇ ਘੁੱਗੀਆਂ, ਛੋਟੀ ਨਣਦ ਦਾ ਡੋਲਾ ਤੌਰ ਕੇ ਭਾਬੀ ਪਾਵੇ ਲੁੱਡੀਆਂ ”ਕਾਲਾ ਰੰਗ ਅਤੇ ਗੁਲਾਬੀ ਜੀਭ ਦਾ ਸੁਮੇਲ ਕੋਇਲ ਨੂੰ ਰੂਪਮਾਨ ਕਰਦਾ ਹੈ । ਬਾਗਾਂ ਤੋਂ ਬਾਹਰ ਕੋਇਲ ਭਟਕੀ-ਭਟਕੀ ਲੱਗਦੀ ਹੈ। ਬਹਾਰੇ ਬਾਗ਼ਾਂ ਵਿੱਚ ਕੋਇਲ ਆਪਣੀ ਸੁਰੱਖਿਆ ਮਹਿਸੂਸ ਕਰਦੀ ਹੈ। ਅੰਬਾਂ ਦੀ ਬਹਾਰ ਨਾਲ ਕੋਇਲ ਦੀ ਆਮਦ ਨੂੰ ਭਾਈ ਵੀਰ ਸਿੰਘ ਨੇ ਇਉਂ ਨਿਖਾਰਿਆ” ਕੋਇਲ ਕੂਕੇਂਦੀ ਆ ਗਈ ਬੋਲੀ ਪਿਆਰੀ ਪਾ ਗਈ ”ਕੋਇਲ ਮੌਸਮ ਰੁੱਤਾਂ ਜ਼ਮਾਨੇ ਸਾਹਿਤ ਅਤੇ ਸੱਭਿਆਚਾਰ ਦੀ ਹਕੀਕਤ ਪੇਸ਼ ਕਰਦੀ ਹੈ। ਦਿੱਖ ਅਤੇ ਖਿੱਚ ਦਾ ਨਜ਼ਾਰਾ ਪੇਸ਼ ਕਰਦੀ ਹੈ। ਹਰ ਸਾਲ ਇਹਨਾਂ ਦਿਨਾਂ ਵਿੱਚ ਕੋਇਲ ਦੀ ਆਮਦ ਇਸ ਨਾਲ ਜੁੜੀਆਂ ਵੰਨਗੀਆਂ ਨੂੰ ਤਾਜਾ ਕਰ ਦਿੰਦੀ ਹੈ।”
ਮੋਬਾਇਲ : 9878111445

RELATED ARTICLES
POPULAR POSTS