Breaking News
Home / ਘਰ ਪਰਿਵਾਰ / ਪਲ ਪਲ ਸਿਰਜ ਹੁੰਦੀ ਕਵਿਤਾ

ਪਲ ਪਲ ਸਿਰਜ ਹੁੰਦੀ ਕਵਿਤਾ

ਸੁਰਜੀਤ
ਧਰਤੀ ਅੰਦਰ ਪਏ ਬੀਜ ‘ਚੋਂ ਅੰਕੁਰ ਫੁੱਟਦਾ ਹੈ ਤਾਂ ਕਵਿਤਾ ਜਨਮ ਲੈਂਦੀ ਹੈ। ਜਦੋਂ ਕਲੀਆਂ ਫੁੱਲ ਬਣ ਖਿੜ ਪੈਂਦੀਆਂ ਨੇ ਤਾਂ ਕਵਿਤਾ ਜਨਮ ਲੈਂਦੀ ਹੈ। ਕੋਈ ਭੌਰਾ ਕਿਸੇ ਕਲੀ ਅੰਦਰ ਘੁੱਟ ਕੇ ਦਮ ਤੋੜ ਦਿੰਦਾ ਹੈ ਤਾਂ ਵੀ ਕਵਿਤਾ ਜਨਮ ਲੈਂਦੀ ਹੈ। ਕੁਦਰਤ ਹਰ ਪਲ ਇਕ ਕਵਿਤਾ ਸਿਰਜਦੀ ਹੈ। ਕਵਿਤਾ ਕਾਇਨਾਤ ਵਿਚ ਵਾਪਰ ਰਹੀ ਹਰ ਖੁਸ਼ੀ-ਗ਼ਮੀ ਦਾ ਤਰਜ਼ਮਾ ਕਰਦੀ ਹੈ।
ਤੁਰਦਿਆਂ, ਫਿਰਦਿਆਂ, ਉਠਦਿਆਂ – ਬਹਿੰਦਿਆਂ ਕਵਿਤਾ ਮੇਰੇ ਅੰਗ-ਸੰਗ ਹੁੰਦੀ ਹੈ। ਇਹ ਕਦੇ ਵੀ ਮੇਰਾ ਸਾਥ ਨਹੀਂ ਛੱਡਦੀ। ਸਿਰਹਾਣੇ ਸਿਰ ਰੱਖਣ ਤੋਂ ਲੈ ਕੇ ਨੀਂਦ ਦੀ ਬੁੱਕਲ ਵਿਚ ਜਾਣ ਤੱਕ ਵੀ ਇਹ ਮੇਰੇ ਨਾਲ ਰਲ਼ ਕੇ ਸੁਨਹਿਰੀ ਬਾਤਾਂ ਪਾਉਂਦੀ ਰਹਿੰਦੀ ਹੈ। ਨਵੇਂ ਨਵੇਂ ਸ਼ਬਦ ਘੜਦੀ ਹੈ, ਫਿਕਰੇ ਘੜਦੀ ਹੈ ਅਤੇ ਪੌਣਾਂ ਦੇ ਹਵਾਲੇ ਕਰਦੀ ਦਿੰਦੀ ਹੈ। ਸੁੱਤ-ਉਣੀਦਿਆਂ, ਬੜਾ ਕੋਸ਼ਿਸ਼ ਕਰਦੀ ਹਾਂ ਕਿ ਰਟ ਲਵਾਂ ਉਨ੍ਹਾਂ ਉੱਤਰ ਰਹੀਆਂ ਸਤਰਾਂ ਨੂੰ ਤਾਂ ਕਿ ਸਵੇਰੇ ਇਨ੍ਹਾਂ ਨੂੰ ਸੁਚੱਜੇ ਅੱਖਰਾਂ ਵਿਚ ਜੜ ਸਕਾਂ ਪਰ ਉਹ ਤਾਂ ਕਿੱਧਰੇ ਖਲਾਅ ਵਿਚ ਹੀ ਭਟਕ ਜਾਂਦੀਆਂ ਨੇ ਤੇ ਸਵੇਰੇ ਲੱਭਿਆਂ ਵੀ ਨਹੀਂ ਲੱਭਦੀਆਂ । ਫਿਰ ਨਵੇਂ ਖਿਆਲ, ਨਵੀਂ ਕਵਿਤਾ, ਨਵੇਂ ਸ਼ਬਦ ਅਤੇ ਨਵੀਆਂ ਸਤਰਾਂ ਚੱਲਣ ਲਗਦੀਆਂ ਨੇ। ਕਦੇ-ਕਦੇ ਮੈਂ ਕੰਪਿਊਟਰ ਚੁੱਕ ਲੈਂਦੀ ਹਾਂ ਅਤੇ ਫੜਨ ਲਗਦੀ ਹਾਂ ਆਪਣੇ ਅੰਦਰ ਮੰਡਰਾਉਂਦੀਆਂ, ਉਨ੍ਹਾਂ ਰੰਗ-ਬਿਰੰਗੀਆਂ ਤਿਤਲੀਆਂ ਨੂੰ;
ਐਕੁਏਰੀਅਮ ਵਿਚ ਤੜਫ਼ਣ ਮੱਛੀਆਂ
ਮੱਥੇ ਵਿਚ ਸੋਨਪਰੀ ਜਿਹੀਆਂ ਨਜ਼ਮਾਂ,
ਫੜਨਾ ਚਾਹਾਂ ਤਾਂ ਉੱਡ-ਉੱਡ ਆਵਣ
ਸੁਹਲ-ਸਲੋਨੀਆਂ ਸ਼ਬਦ-ਤਿਤਲੀਆਂ!
ਕੀ ਫ਼ੜਣਾ ਹੁੰਦਾ ਹੈ? ਕਿਹੜੇ ਜਜ਼ਬਾਤ ? ਆਲੇ ਦੁਆਲੇ ਕਿੰਨਾ ਕੁਝ ਤਾਂ ਵਾਪਰਦਾ ਰਹਿੰਦਾ ਹੈ! ਬੱਸ ਉਹੀ ਸਾਹਾਂ ਦੇ ਨਾਲ-ਨਾਲ ਚੱਲਦਾ ਰਹਿੰਦਾ ਹੈ ਅਤੇ ਹੌਲੀ-ਹੌਲੀ ਉੱਤਰ ਜਾਂਦਾ ਹੈ ਮਨ ਦੀ ਤਖ਼ਤੀ ‘ਤੇ। ਕਦੇ ਕੋਈ ਨਿਹੋਰਾ, ਕਦੇ ਕੋਈ ਸਵਾਲ ਅਤੇ ਕਦੇ ਕੋਈ ਪਲ ‘ਵਿਸਮਾਦ’ ਬਣ ਕੇ ਕਵਿਤਾਵਾਂ ਵਿਚ ਰੂਪਮਾਨ ਹੋ ਜਾਂਦੇ ਹਨ। ਸ਼ਬਦਾਂ ਨਾਲ ਸ਼ਬਦ ਜੁੜਦੇ ਜਾਂਦੇ ਹਨ, ਖਿਆਲ ਅੱਗੇ-ਅੱਗੇ ਤੁਰਦੇ ਜਾਂਦੇ ਨੇ ਅਤੇ ਕਿਸੇ ਨੂੰ ਬਿਨਾ ਕੁਝ ਦੱਸਿਆਂ, ਕਵਿਤਾ ਜਿਹੀ ਸਖੀ ਨੂੰ ਆਪਣਾ ਰਾਜ਼ਦਾਰ ਬਣਾ ਕੇ ਹੌਲੀ ਫੁੱਲ ਹੋ ਜਾਂਦੀ ਹਾਂ। ਹੈ ਨਾ ਇਹ ਕੋਈ ਅਲੋਕਾਰੀ ਗੱਲ !
ਬਹੁਤ ਵਾਰ ਟੁੱਟ ਵੀ ਜਾਂਦੀ ਹਾਂ, ਪਰ ਕਿਸੇ ਨੂੰ ਦੱਸਣ ਦੀ ਹਿੰਮਤ ਹੀ ਨਹੀਂ ਪੈਂਦੀ। ਇਕ ਅਹਿਦ ਜੁ ਹੈ ਆਪਣੇ ਨਾਲ ਕਿ ਹਮੇਸ਼ਾ ਖੁਸ਼ ਰਹਿਣਾ ਹੈ। ਨਾ ਖੁਦ ਨੈਗੇਟਿਵ ਸੋਚਣਾ ਹੈ, ਨਾ ਕਿਸੇ ਨੂੰ ਨੈਗੇਟਿਵਿਟੀ ਦੇਣੀ ਹੈ। ਤੇ ਫੇਰ ਸ਼ੁਰੂ ਹੁੰਦਾ ਹੈ ਅੰਦਰਲਾ ਸਫ਼ਰ ! ਇਕ ਜੰਗ ਛਿੜਦੀ ਹੈ। ਅੰਦਰ ਅੱਗ ਵਰ੍ਹਦੀ ਹੈ। ਆਲੇ ਦੁਆਲੇ ਜੋ ਵਾਪਰ ਰਿਹਾ ਹੁੰਦਾ ਹੈ ਉਸ ਨੂੰ ਵੇਖ ਦਿਲ ਦੁਖਦਾ ਹੈ। ਲੋਕ ਵੇਖਦੇ ਹਨ ਪਰ ਬੋਲਦੇ ਨਹੀਂ । ਮੇਰਾ ਬੜਾ ਜੀਅ ਕਰਦਾ ਹੈ ਕਿ ਮੈਂ ਬੋਲਾਂ ਪਰ ਮੈਂ ਕਲਮ ਚੁੱਕਦੀ ਹਾਂ;
ਉਹ ਖਾਮੋਸ਼ ਹਨ,
ਚੁੱਪ ਸੁਣਦੀ ਹੈ ਮੈਨੂੰ
ਗੂੰਜਦੀ ਹੈ ਮੇਰੇ ਦੁਆਲੇ
ਸੁਣ ਸਕਦੀ ਹਾਂ ਅਣਕਿਹਾ !
ਇਹੋ ਜਿਹਾ ਰਿਸ਼ਤਾ ਹੈ ਮੇਰਾ ਕਵਿਤਾ ਨਾਲ! ਲਿਖਦਿਆਂ ਲਿਖਦਿਆਂ ਕਵਿਤਾ ਮੇਰੇ ਅੰਦਰਲੇ ਵੇਗ ਨੂੰ ਉੱਦਾਤ ਕਰ ਜਾਂਦੀ ਹੈ ਅਤੇ ਮੈਂ ਹੌਲੀ-ਹੌਲੀ ਸਹਿਜ ਹੁੰਦੀ ਜਾਂਦੀ ਹਾਂ। ਇਹ ਇਕ ਕਿਸਮ ਦਾ ਸਵੈ ਨਾਲ ਲੜਿਆ ਦਵੰਦ-ਯੁੱਧ ਹੁੰਦਾ ਹੈ ਜਿਸ ਵਿਚ ਮੇਰੀ ਹਉਮੈ ਦੇ ਹਾਰਨ ਦੀ ਪ੍ਰਕਿਰਆ ਚੱਲਦੀ ਚੱਲਦੀ ਜ਼ਿੰਦਗੀ ਪ੍ਰਤੀ ਹਾਂ-ਮੁਖੀ ਰਵੱਈਆ ਅਪਨਾਉਣ ਲੱਗਦੀ ਹੈ। ਕਿਸ ਲਈ ਲਿਖੀ ਗਈ, ਕਿਸ ਨੂੰ ਸੰਬੋਧਿਤ ਹੈ ਇਹ ਕਵਿਤਾ? ਨਾ ਬਈ ਨਾ ! ਇਹ ਤਾਂ ਕਵਿਤਾ ਦਾ ਸੱਚ ਹੈ, ਉਸੇ ਦੇ ਬੋਝੇ ਵਿਚ ਹੀ ਲੁਕਿਆ ਰਹੇ ਤਾਂ ਚੰਗਾ ਹੈ। ਐਵੇਂ ਕਾਹਨੂੰ ਝਿੰਜ ਪਾਉਣੀ ਹੈ! ਅਸਾਂ ਕਿਹੜੀ ਜੰਗ ਜਿੱਤਣੀ ਹੈ। ਆਇਆ ਸੀ ਮਾੜਾ ਜਿਹਾ ਰੋਹ ਪਰ ਫਿਰ ਆਪੇ ਸੋਚ ਮੋੜੇ ਪੈ ਗਈ ਅਤੇ ਮੈਨੂੰ ਇਹ ਸਮਝਾ ਗਈ :
‘ਬਥੇਰੇ ਬਲੈਕ ਹੋਲ ਨੇ ਬ੍ਰਹਿਮੰਡ ‘ਚ
ਪਰ ਮੇਰੇ ਅੰਬਰੀਂ ਤਾਂ ਕੇਵਲ
ਅਕਾਸ਼ ਗੰਗਾਵਾਂ ਜਿਹੇ ਰਾਹ ਰੌਸ਼ਨ ਨੇ’
ਇਸ ਤਰ੍ਹਾਂ ਮੈਂ ਆਪਣੇ ਕਿਸੇ ਵੀ ਰੋਹ ਜਾਂ ਉਦਾਸੀ ਤੋਂ ਉਤਾਂਹ ਉੱਠ ਜਾਂਦੀ ਹਾਂ, ਇਸਦੇ ਪਾਰ ਚਲੀ ਜਾਂਦੀ ਹਾਂ। ਆਪਣੀ ਹਰ ਔਖੀ ਘੜੀ ਕਵਿਤਾ ਦੇ ਹਵਾਲੇ ਕਰ ਆਪ ਮੁਕਤ ਹੋ ਜਾਂਦੀ ਹਾਂ।
ਮੁਹੱਬਤ ਦਾ ਨਾਂ ਲੈਂਦਿਆਂ ਹੀ ਰੂਹ ਮਹਿਕ ਜਾਂਦੀ ਹੈ। ਕਾਇਨਾਤ ਦੇ ਕਣ-ਕਣ ਵਿਚ ਮੁਹੱਬਤ ਬੀਜ ਰੂਪ ਵਿਚ ਵਿਦਮਾਨ ਹੈ। ਮੁਹੱਬਤ ਕੁਝ ਮੰਗਣ ਦੀ ਬਜਾਇ ਦੇਣ ਦਾ ਨਾਂ ਹੈ ਜਿਸ ਨੂੰ ਅੰਗਰੇਜ਼ੀ ਵਿਚ ‘unconditional love’ ਆਖਦੇ ਨੇ। ਕੁਦਰਤ ਆਪਣੇ ਜੀਵਾਂ ਨਾਲ ਇਹੋ ਜਿਹੀ ਹੀ ਮੁਹੱਬਤ ਕਰਦੀ ਹੈ। ਮੁਹੱਬਤ ਵਿਚ ਪਿਆਰੇ ‘ਤੇ ਮਰ ਮਿਟਣ ਦਾ ਜਜ਼ਬਾ ਹੁੰਦਾ ਹੈ। ਬਹੁਤ ਉਦਾਹਰਣਾਂ ਨੇ ਅਜਿਹੀਆਂ ਜਦੋਂ ਮੁਹੱਬਤ ਪਿੱਛੇ ਜਾਨ ਕੁਰਬਾਨ ਕਰ ਦਿੱਤੀ ਗਈ। ਪਰ ਕਈ ਵੇਰ ਮੁਹੱਬਤ ਕਿਸੇ ਦੇ ਮੇਚ ਨਹੀਂ ਆਉਂਦੀ, ਖਾਸ ਕਰ ਕੁੜੀਆਂ ਦੇ। ਉਹ ਇਕ-ਪਾਸੜ ਹੋਕੇ ਰਹਿ ਜਾਂਦੀ ਹੈ। ਕੋਈ ਕੋਮਲ-ਭਾਵੀ ਇਸਤਰੀ ਜਦੋਂ ਕਿਸੇ ‘ਮਰਦ’ ਦੇ ਰਿਸ਼ਤੇ ਵਿਚੋਂ ਮੋਹ-ਭਿੱਜੇ ਸਾਥੀ ਨੂੰ ਭਾਲਦੀ ਹੈ ਪਰ ਉਹ ਉਸਦੀ ਦੇਹ ਤੋਂ ਅੱਗੇ ਨਹੀਂ ਸੋਚ ਸਕਦਾ ਤਾਂ ਅੰਮ੍ਰਿਤਾ ਦੇ ਕਹਿਣ ਵਾਂਗ ਔਰਤ ‘ਅਰਧ-ਕੁਆਰੀ’ ਰਹਿ ਜਾਂਦੀ ਹੈ। ਇਹੋ ਜਿਹੀਆਂ ਕਹਾਣੀਆਂ ਸੁਣਾਉਂਦੀਆਂ, ਪਿਆਰ ਦੀਆਂ ਭੁੱਖੀਆਂ ਔਰਤ-ਰੂਹਾਂ ਨੂੰ ਮੈਂ ਟੁੱਟ-ਟੁੱਟ ਕੇ ਰੋਂਦੇ ਤੱਕਿਆ ਹੈ। ਦਿਲ ਵਿਚ ਇਕ ਆਰੀ ਜਿਹੀ ਫਿਰ ਜਾਂਦੀ ਹੈ ਅਤੇ ਬੱਸ ਇੰਨਾ ਹੀ ਕਹਿ ਹੋਇਆ;
ਸੋਚ ਮਚਲਦੀ ਰਹਿੰਦੀ ਹੈ । ਕਈ ਵੇਰ ਯਥਾਰਥ ਤੋਂ ਪਾਰ ਤਸੱਵਰ ਦੀਆਂ ਵਾਦੀਆਂ ਵਿਚ ਘੁੰਮਣ ਲੱਗਦੀ ਹੈ। ਉਸ ਨੂੰ ਨਦੀਆਂ ਆਪਣੇ ਵੱਲ ਬੁਲਾਉਂਦੀਆਂ ਨੇ। ਖਿੜੀਆਂ ਧੁੱਪਾਂ ਨਾਲ ਕਲੋਲਾਂ ਕਰਨ ਨੂੰ ਜੀਅ ਕਰਦਾ ਹੈ । ਰੇਤ ਵਿਚ ਨਹਾਉਂਦੀਆਂ ਚਿੜੀਆਂ ਦੇ ਪਿੱਛੇ ਭੱਜਣ ਨੂੰ ਜੀਅ ਕਰਦਾ ਹੈ। ਪੱਥਰਾਂ ‘ਤੇ ਬੈਠ ਪਰਬਤਾਂ ਦੇ ਤਲਿੱਸਮ ਨੂੰ ਮਾਨਣ ਦਾ ਜੀਅ ਕਰਦਾ ਹੈ। ਸੁਪਨੇ ਉਸ ਨੂੰ ਸੱਚ ਲਗਦੇ ਨੇ ਤੇ ਤਸਵੀਰਾਂ ਜਾਗ ਜਾਂਦੀਆਂ ਨੇ, ਬੋਲ ਉੱਠਦੀਆਂ ਨੇ। ਪਲ ਵਿਚ ਹੀ ਉਹ ਬੋਲ ਕਵਿਤਾ ਦਾ ਰੂਪ ਧਾਰ ਲੈਂਦੇ ਨੇ; ਕਵਿਤਾ ਦਾ ਵਿਹੜਾ ਬਹੁਤ ਮੋਕਲਾ ਹੈ। ਇਸ ਵੇਗ ਨੂੰ ਕਿਸੇ ਵਲਗਣ ਵਿਚ ਵਲ਼ ਲੈਣਾ ਜਾਂ ਬੰਦਿਸ਼ਾਂ ਵਿਚ ਬੰਨ ਲੈਣਾ ਮੇਰੇ ਵੱਸ ਵਿਚ ਨਹੀਂ। ਕਵਿਤਾ ਇਵੇਂ ਹੀ ਕਦੇ ਲੁੱਕਣ-ਮੀਚੀ ਖੇਲਦੀ ਹੈ ਮੇਰੇ ਨਾਲ, ਕਦੇ ਮੈਂ ਉਸ ਨੂੰ ਆਖਦੀ ਹਾਂ- ‘ਆਹ ! ਲੈ ਫ਼ੜ ਲਿਆ’। ਪਲ ਪਲ ਸਿਰਜ ਹੁੰਦੀ ਕਵਿਤਾ ਦੀ ਇਹ ਖੇਡ ਨਿਰੰਤਰ ਜਾਰੀ ਹੈ ਤੇ ਜਾਰੀ ਰਹੇਗੀ ਜਦੋਂ ਤੱਕ ਮੇਰੇ ਸ਼ਬਦ ਜਾਗਦੇ ਨੇ । ਆਮੀਨ ।
– 905-216-4981

Check Also

ਸੰਕੇਤ-ਲਿਪੀ ਦਾ ਸੰਖੇਪ ਇਤਿਹਾਸ

ਗੁਰਪ੍ਰੀਤ ਸਿੰਘ ਚੰਬਲ ਮਨੁੱਖੀ ਸੱਭਿਅਤਾ ਵਾਂਗ ਮਨੁੱਖੀ ਭਾਸ਼ਾਵਾਂ ਦਾ ਇਤਿਹਾਸ ਵੀ ਬਹੁਤ ਪੁਰਾਣਾ ਹੈ। ਮਨੁੱਖੀ …