Breaking News
Home / ਘਰ ਪਰਿਵਾਰ / ਯੂਨੀਵਰਸਿਟੀ ਔਫ ਗੁਆਲਫ-ਹੰਬਰ ਨੇ ਬਰੈਂਪਟਨ ਆਉਣ ਸੰਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ

ਯੂਨੀਵਰਸਿਟੀ ਔਫ ਗੁਆਲਫ-ਹੰਬਰ ਨੇ ਬਰੈਂਪਟਨ ਆਉਣ ਸੰਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ

ਯੂਨੀਵਰਸਿਟੀ ਔਫ ਗੁਆਲਫ-ਹੰਬਰ ਦਾ ਕੈਂਪਸ ਬਰੈਂਪਟਨ ਡਾਊਨਟਾਊਨ ਵਿਚ ਤਬਦੀਲ ਕਰਨ ਸੰਬੰਧੀ ਯੂਨੀਵਰਸਿਟੀ, ਬਰੈਂਪਟਨ ਮੇਅਰ ਪੈਟਰਿਕ ਬਰਾਉਨ ਅਤੇ ਕੌਂਸਲਰਾਂ ਦੁਆਰਾ ਅਹਿਮ ਅਪਡੇਟ ਸਾਂਝੇ ਕੀਤੇ ਗਏ। ਇਸ ਬਾਰੇ 27 ਸਤੰਬਰ ਨੂੰ Bhive ਵਿਖੇ ਇਕ ਇਵੈਂਟ ਕੀਤੀ ਗਈ, ਜਿਹੜਾ ਕਿ ਬਰੈਂਪਟਨ ਵਿਚ ਨਵੀਨਤਾ ਅਤੇ ਉਦਮ ਨੂੰ ਉਤਸ਼ਾਹਤ ਕਰਨ ਵਾਲਾ ਅਦਾਰਾ ਹੈ। ਇਸ ਸਿਲਸਿਲੇ ਵਿਚ ਕਮਿਉਨਿਟੀ ਨਾਲ ਅਪਡੇਟਸ ਸਾਂਝੇ ਕਰਨ ਅਤੇ ਭਾਈਵਾਲਾਂ ਨਾਲ ਸਲਾਹ ਮਸ਼ਵਰਾ ਕਰਨ ਲਈ ਕੀਤੇ ਜਾ ਰਹੇ ਸਮਾਗਮਾਂ ਦੀ ਲੜੀ ਵਿਚ ਇਹ ਪਹਿਲੀ ਇਵੈਂਟ ਸੀ।
ਮੇਅਰ ਪੈਟਰਿਕ ਬਰਾਊਨ ਅਤੇ ਕੌਂਸਲ ਮੈਂਬਰਾਂ ਰੋਵੀਨਾ ਸੈਨਟੋਜ਼, ਪੌਲ ਵਿਸੈਂਟੀ ਅਤੇ ਹਰਕੀਰਤ ਸਿੰਘ ਨੇ ਵੀ ਯੂਨੀਵਰਸਿਟੀ ਔਫ ਗੁਆਲਫ ਹੰਬਰ ਦੁਆਰਾ ਬਰੈਂਪਟਨ ਵਿਚ ਆਉਣ ਦੇ ਫੈਸਲੇ ਲਈ ਅਤੇ ਇਸ ਕਮਿਉਨਿਟੀ ਵਿਚ ਬਦਲਾਅ ਲਿਆਉਣ ਦੀ ਇਸ ਦੀ ਸੰਭਾਵਨਾ ਲਈ ਆਪਣੀ ਹਮਾਇਤ ਨੂੰ ਉਭਾਰਿਆ। ਮੇਅਰ ਬਰਾਊਨ ਨੇ ਕਿਹਾ, ”ਅਸੀਂ ਇਹ ਮੰਨਦੇ ਹਾਂ ਕਿ ਯੂਨੀਵਰਸਿਟੀ ਔਫ ਗੁਆਲਫ-ਹੰਬਰ ਦੁਆਰਾ ਬਰੈਂਪਟਨ ਵਿਚ ਆਉਣ ਦੇ ਫੈਸਲੇ ਨਾਲ ਕੌਂਸਲ ਦੁਆਰਾ ਬਰੈਂਪਟਨ ਵਿਚ ਪੋਸਟ-ਸੈਕੰਡਰੀ ਸਿਖਿਆ ਲਈ ਵਚਨਬੱਧਤਾ ਨੂੰ ਬਲ ਮਿਲੇਗਾ। ਇਹ ਦੂਜੇ ਅਦਾਰਿਆਂ ਦੁਆਰਾ ਪੋਸਟ-ਸੈਕੰਡਰੀ ਸਿਖਿਆ ਦੇ ਖੇਤਰ ਵਿਚ ਕੀਤੀਆਂ ਜਾ ਰਹੀਆਂ ਪੇਸ਼ਕਸ਼ਾਂ ਨਾਲ ਤਾਲਮੇਲ ਖਾਂਦੀ ਹੈ ਅਤੇ ਸਾਡੇ ਵਸਨੀਕਾਂ ਸਾਹਮਣੇ ਚੋਣ ਦੇ ਵੱਧ ਮੌਕੇ ਪ੍ਰਦਾਨ ਕਰਦੀ ਹੈ। ਇਸ ਨਾਲ ਲੋਕਲ ਬਿਜ਼ਨਸਾਂ ਨੂੰ ਵੱਧ ਸਕਿੱਲ ਵਾਲਾ ਟੈਲੰਟ ਮਿਲੇਗਾ। ਇਹੀ ਵਜ੍ਹਾ ਹੈ ਕਿ ਅਸੀਂ ਕੌਂਸਲ ਦੇ ਤੌਰ ‘ਤੇ ਮੋਸ਼ਨ ਪਾਸ ਕਰਕੇ ਸਟਾਫ ਨੂੰ ਨਿਰਦੇਸ਼ ਦਿੱਤਾ ਕਿ ਉਹ ਗੱਲਬਾਤ ਸ਼ੁਰੂ ਕਰਨ ਲਈ ਯੂਨੀਵਰਸਿਟੀ ਔਫ ਗੁਆਲਫ-ਹੰਬਰ ਨਾਲ ਮਿਲ ਕੇ ਕੰਮ ਕਰਨ। ਸਾਡੇ ਲਈ ਇਹ ਬਰੈਂਪਟਨ ਵਿਚ ਯੂਨੀਵਰਸਿਟੀ ਸਥਾਪਤ ਕਰਨ ਦਾ ਮੌਕਾ ਹੈ”। ਕੌਂਸਲਰ ਪੌਲ ਵਿਸੈਂਟੀ ਅਤੇ ਰੋਵੀਨ ਸੈਨਟੋਜ਼ ਨੇ ਇਸ ਮੌਕੇ ਬੋਲਦੇ ਹੋਏ ਪ੍ਰਾਜੈਕਟ ਬਾਰੇ ਆਪਣੀ ਖੁਸ਼ੀ ਸਾਂਝੀ ਕੀਤੀ। ਸੈਨਟੋਜ਼ ਅਤੇ ਵਿਸੈਂਟੀ ਨੇ ਕਿਹਾ, ”ਡਾਊਨਟਾਊਨ ਵਿਚੋਂ ਕੌਂਸਲਰ ਹੋਣ ਦੇ ਨਾਤੇ ਅਸੀਂ ਜਾਣਦੇ ਹਾਂ ਕਿ ਇਹ ਪ੍ਰਾਜੈਕਟ ਸਾਡੇ ਡਾਊਨਟਾਊਨ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ ਅਤੇ ਸਾਡੇ ਸਿਟੀ ਨੂੰ ਐਜੂਕੇਸ਼ਨ ਅਤੇ ਨਵੀਨਤਾ ਦਾ ਇਕ ਵੱਡਾ ਧੁਰਾ ਬਣਾ ਦੇਵੇਗਾ। ਇਹ ਪ੍ਰਾਜੈਕਟ ਇਨੋਵੇਸ਼ਨ ਡਿਸਟ੍ਰਿਕਟ ਦੇ ਹਿੱਸੇ ਵਜੋਂ ਡਾਊਨਟਾਊਨ ਕੋਰ ਵਿਚ 5 ਹਜ਼ਾਰ ਸਟੂਡੈਂਟਸ ਨੂੰ ਲਿਆਵੇਗਾ, ਜਿਸ ਨਾਲ ਸਾਡੇ ਬਿਜ਼ਨਸਾਂ ਵਿਚ ਨਿਵੇਸ਼ ਵਧੇਗਾ ਅਤੇ ਲੋਕਲ ਅਰਥਚਾਰੇ ਨੂੰ ਹੁਲਾਰਾ ਮਿਲੇਗਾ”। ਇਸ ਨਾਲ ਬਰੈਂਪਟਨ ਦੇ ਵਿਦਿਆਰਥੀਆਂ ਨੂੰ ਹੋਣ ਵਾਲੇ ਲਾਭ ਨੂੰ ਲੈ ਕੇ ਕੌਂਸਲਰ ਹਰਕੀਰਤ ਸਿੰਘ ਕਾਫੀ ਉਤਸ਼ਾਹਿਤ ਹਨ, ਅਤੇ ਆਪਣੀ ਹਿਮਾਇਤ ਜ਼ਾਹਰ ਕਰਨ ਲਈ ਉਹ ਵੀ ਪਹੁੰਚੇ ਸਨ।
ਹਰਕੀਰਤ ਸਿੰਘ ਨੇ ਕਿਹਾ, ”ਸਾਡੇ ਵਿਦਿਆਰਥੀ ਕਾਮਯਾਬੀ ਲਈ ਬੇਹਤਰੀਨ ਮੌਕਿਆਂ ਦੇ ਹੱਕਦਾਰ ਹਨ। ਅਜਿਹੇ ਮੌਕੇ ਸਾਡੇ ਸ਼ਹਿਰ ਵਿਚ ਉਚ ਮਿਆਰੀ ਸਿਖਿਆ ਅਤੇ ਸਕਿੱਲ ਵਿਕਾਸ ਦੀ ਪਹੁੰਚ ਨਾਲ ਪੈਦਾ ਹੁੰਦੇ ਹਨ। ਯੂਨੀਵਰਸਿਟੀ ਔਫ ਗੁਆਲਫ-ਹੰਬਰ, ਟੋਰਾਂਟੋ ਦੇ ਮੌਜੂਦਾ ਵਿਦਿਆਰਥੀ ਬਰੈਂਪਟਨ ਜਾਂ ਪੀਲ ਰੀਜਨ ਵਿਚੋ ਹਨ। ਇਸ ਕਰਕੇ ਇਸ ਪ੍ਰਾਜੈਕਟ ਦਾ ਇਨ੍ਹਾਂ ਨੂੰ ਫਾਇਦਾ ਹੋਵੇਗਾ। ਉਹ ਆਪਣੇ ਘਰ ਦੇ ਨੇੜੇ ਰਹਿ ਕੇ ਪੜ੍ਹ ਸਕਣਗੇ, ਉਨ੍ਹਾਂ ਦਾ ਟਰੈਵਲ ਦਾ ਸਮਾਂ ਘਟੇਗਾ ਅਤੇ ਖਰਚਾ ਬਚੇਗਾ। ਇਹ ਸਾਰੇ ਨਵੇਂ ਉੱਚ ਤਕਨੀਕੀ ਸੈਂਟਰ ਫੌਰ ਇਨੋਵੇਸ਼ਨ ਵਿਚ ਸਿਖਿਆ ਪ੍ਰਾਪਤ ਕਰਨਗੇ”।
ਕੈਂਪਸ ਨੂੰ ਬਰੈਂਪਟਨ ਵਿਚ ਤਬਦੀਲ ਕਰਨ ਦੇ ਫਾਇਦਿਆਂ ਬਾਰੇ ਯੂਨੀਵਰਸਿਟੀ ਔਫ ਗੁਆਲਫ-ਹੰਬਰ ਦੇ ਪ੍ਰੈਜ਼ੀਡੈਂਟ ਅਤੇ ਵਾਈਸ ਚਾਂਸਲਰ ਡਾ ਚਾਰਲਟ ਯੇਟਸ ਅਤੇ ਹੰਬਰ ਕੌਲਜ ਦੇ ਸੀ ਈ ਓ ਕ੍ਰਿਸ ਵਿਟੇਕਰ ਨੇ ਆਪਣੀ ਪ੍ਰੈਜ਼ੰਟੇਸ਼ਨ ਵਿਚ ਇਸ ਪ੍ਰਾਜੈਕਟ ਦੇ ਫਾਇਦਿਆਂ ਅਤੇ ਅਗਲੇ ਕਦਮਾਂ ਦਾ ਖਾਕਾ ਪੇਸ਼ ਕੀਤਾ।
ਡਾ. ਚਾਰਲਟ ਯੇਟਸ ਨੇ ਕਿਹਾ, ”ਯੂਨੀਵਰਸਿਟੀ ਔਫ ਗੁਆਲਫ-ਹੰਬਰ ਪ੍ਰੌਵਿੰਸ ਦੀ ਪਹਿਲੀ ਯੂਨੀਵਰਸਿਟੀ ਹੈ, ਜਿਹੜੀ ਸਟੂਡੈਂਟਸ ਨੂੰ ਇਹ ਮੌਕਾ ਦਿੰਦੀ ਹੈ ਕਿ ਉਹ ਇਕੋ ਵੇਲੇ ਯੂਨੀਵਰਸਿਟੀ ਡਿਗਰੀ ਅਤੇ ਕਾਲਜ ਡਿਪਲੋਮਾ ਹਾਸਲ ਕਰ ਸਕਣ। ਅਗਲੇ ਵੀਹਾਂ ਸਾਲਾਂ ਵਿਚ ਇਸ ਵਿਲੱਖਣ ਭਾਈਵਾਲੀ ਨਾਲ ਉਚ-ਸਕਿਲ ਵਾਲੇ ਗਰੈਜੂਏਟ ਪੈਦਾ ਹੁੰਦੇ ਰਹਿਣਗੇ। ਅਸੀਂ ਬਰੈਂਪਟਨ ਸਿਟੀ ਕੌਂਸਲ ਅਤੇ ਸਟਾਫ ਨਾਲ ਕੰਮ ਜਾਰੀ ਰੱਖਦੇ ਹੋਏ ਖੁਸ਼ੀ ਮਹਿਸੂਸ ਕਰ ਰਹੇ ਹਾਂ, ਜਿਸ ਰਾਹੀਂ ਬੇਮਿਸਾਲ ਆਰਥਿਕ ਅਤੇ ਸਮਾਜਿਕ ਲਾਭ ਸਾਹਮਣੇ ਆਉਣਗੇ”।
ਹੰਬਰ ਕੌਲਜ ਦੇ ਪ੍ਰੈਜ਼ੀਡੈਂਟ ਅਤੇ ਸੀ ਈ ਓ ਕ੍ਰਿਸ ਵਿਟੇਕਰ ਨੇ ਕਿਹਾ, ”ਯੂਨੀਵਰਸਿਟੀ ਔਫ ਗੁਆਲਫ-ਹੰਬਰ ਦੇ ਬਰੈਂਪਟਨ ਵਿਚ ਇੰਪਲਾਇਰ ਪਾਰਟਨਰ ਹਨ, ਜਿਹੜੇ ਵਿਦਿਆਰਥੀਆਂ ਨੂੰ ਕੰਮ ਨਾਲ ਜੁੜੀ ਹੋਈ ਸਿਖਿਆ ਅਤੇ ਜੌਬ ਐਕਸਪੀਰੀਅੰਸ ਪ੍ਰਦਾਨ ਕਰਦੇ ਹਨ। ਗੁਆਲਫ-ਹੰਬਰ ਦੇ 95 ਪਰਸੈਂਟ ਵਿਦਿਆਰਥੀਆਂ ਨੂੰ ਗਰੈਜੂਏਸ਼ਨ ਦੇ ਦੋ ਸਾਲਾਂ ਵਿਚ ਹੀ ਜੌਬ ਮਿਲ ਜਾਂਦੀ ਹੈ”।
ਇਹ ਸਮਾਗਮ ਬਰੈਂਪਟਨ Bhive ਦੇ ਵਿਦੇਸ਼ਾਂ ਵਿਚ ਜਨਮੇ ਸਟਾਰਟ-ਅੱਪਸ ਲਈ ਬਣਾਈ ਨਵੀਂ ਇਨਕਿਉਬੇਟਰ ਵਿਚ ਕੀਤਾ ਗਿਆ। ਬਰੈਂਪਟਨ ਭਹਵਿੲ ਦੇ ਸੀ ਈ ਓ ਵਿਕਰਮ ਖੁਰਾਣਾ ਨੇ ਕਿਹਾ, ”ਅਸੀਂ ਸਾਰੀ ਦੁਨੀਆ ਵਿਚੋਂ ਸਟਾਰਟ-ਅੱਪਸ ਨੂੰ ਕੈਨੇਡਾ ਵਿਚ ਕੰਮ ਸ਼ੁਰੂ ਕਰਨ ਵਿਚ ਮਦਦ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਲੋਕਲ ਇਕੌਨੋਮੀ ਲਈ ਮਜ਼ਬੂਤ ਅਤੇ ਸਕਿਲਡ ਵਰਕਫੋਰਸ ਕਿੰਨੀ ਅਹਿਮ ਹੈ। ਇਨੋਵੇਸ਼ਨ ਡਿਸਟ੍ਰਿਕਟ ਵਿਚ ਗੁਆਲਫ-ਹੰਬਰ ਵਰਗਾ ਐਜੂਕੇਸ਼ਨ ਪਾਰਟਨਰ ਹੋਣ ਨਾਲ ਸਹਿਯੋਗ ਅਤੇ ਵਿਕਾਸ ਦੇ ਕਿੰਨੇ ਹੀ ਹੋਰ ਮੌਕੇ ਸਾਹਮਣੇ ਆਉਣਗੇ”।
ਯੂਨੀਵਰਸਿਟੀ ਔਫ ਗੁਆਲਫ-ਹੰਬਰ ਦੇ ਨੌਰਥ ਟੋਰਾਂਟੋ ਕੈਂਪਸ ਵਿਚ ਇਸ ਵਕਤ 5 ਹਜ਼ਾਰ ਫੁੱਲ-ਟਾਈਮ ਵਿਦਿਆਰਥੀ ਹਨ। ਇਨ੍ਹਾਂ ਦਾ ਵੱਡਾ ਹਿੱਸਾ ਜੀ ਟੀ ਏ ਵਿਚੋਂ ਲੋਕਲ ਵਿਦਿਆਰਥੀ ਹਨ ਅਤੇ 70 ਤੋਂ ਵੀ ਘੱਟ ਇੰਟਰਨੈਸ਼ਨਲ ਵਿਦਿਆਰਥੀ ਹਨ। ਮੌਜੂਦਾ ਅਤੇ ਭਵਿੱਖ ਦੇ ਪ੍ਰੋਗਰਾਮ ਰਾਇਰਸਨ ਦੁਆਰਾ ਬਣਾਏ ਜਾ ਰਹੇ ਮੈਡੀਕਲ ਸਕੂਲ ਅਤੇ ਇਸ ਦੇ ਸਾਈਬਰਸਕਿਉਰਿਟੀ ਰੀਸਰਚ/ਇਨੋਵੇਸ਼ਨ ਸੈਂਟਰ ਅਤੇ ਨਾਲੋ ਨਾਲ ਐਲਗੋਮਾ ਯੂਨੀਵਰਸਿਟੀ ਅਤੇ ਸ਼ੈਰੀਡਨ ਕਾਲਜ ਦੇ ਮੌਜੂਦਾ ਪ੍ਰੋਗਰਾਮਾਂ ਦੇ ਪੂਰਕ ਹੋਣਗੇ।

Check Also

ਐਨ ਆਰ ਆਈ ਫੈਮਿਲੀ ਮੈਡੀਕਲ ਕੇਅਰ ਪਲਾਨ

ਅੱਜ ਦੇ ਸਮੇਂ ਵਿਚ ਬਹੁਤ ਸਾਰੇ ਪੰਜਾਬ ਦੇ ਵਸਨੀਕ ਆਪਣੇ ਦੇਸ਼ ਤੋਂ ਬਾਹਰ ਕੰਮ ਕਾਰ …