ਹਰਦੇਵ ਸਿੰਘ ਧਾਲੀਵਾਲ
ਮੈਂ 30 ਅਪ੍ਰੈਲ 1998 ਨੂੰ ਬਰਨਾਲੇ ਤੋਂ ਐਸ.ਐਸ.ਪੀ. ਸੇਵਾ ਮੁਕਤ ਹੋਇਆ। ਮੈਨੂੰ ਜੱਥੇਦਾਰ ਟੌਹੜਾ ਨੇ ਅਪ੍ਰੈਲ ਦੇ ਪਹਿਲੇ ਹਫਤੇ ਬਰਨਾਲੇ ਬੜੇ ਜੋਰ ਨਾਲ ਲਵਾਇਆ ਸੀ। ਉਹ ਚਾਹੁੰਦੇ ਸੀ ਕਿ ਮੈਂ ਬਤੌਰ ਐਸ.ਐਸ.ਪੀ. ਸੇਵਾ ਮੁਕਤ ਹੋਵਾਂ। ਪੁਲਿਸ ਵਿੱਚ ਇਹ ਕੋਈ ਰੈਂਕ ਨਹੀਂ, ਪਰ ਉਨ੍ਹਾਂ ਨੇ ਇਹ ਗੱਲ ਪੁਗਾਈ। ਸੇਵਾ ਮੁਕਤੀ ਪਿੱਛੋਂ ਮੈਂ ਹਰ ਸਾਲ ਕੋਸ਼ਿਸ਼ ਵਿੱਚ ਰਿਹਾ ਕਿ ਜੰਮੂ ਕਮਸ਼ੀਰ ਤੇ ਹਿਮਾਚਲ ਆਦਿ ਵਿੱਚ ਘੁੰਮਿਆ ਜਾਵੇ। ਭਾਵੇਂ ਮੇਰੇ ਸਾਧਨ ਸੀਮਤ ਸਨ, ਪਰ ਸਾਥੀ ਨੂੰ ਨਾਲ ਲੈ ਕੇ ਕਾਰ ਤੇ ਸਫਰ ਕਰਨਾ ਮੁਸ਼ਕਿਲ ਨਹੀਂ ਸੀ।
2001 ਵਿੱਚ ਮੈਂ ਮੇਰੇ ਇੱਕ ਦੋਸਤ ਹਰਬੰਸ ਸਿੰਘ ਨਾਲ ਕੁੱਲੂ ਮਨਾਲੀ ਘੁੰਮਣ ਗਿਆ। ਮੇਰੇ ਇੱਕ ਵਾਕਫ ਮੁੱਖ ਇੰਜੀਨੀਅਰ ਭੁੰਤਰ ਵਿੱਚ ਸਨ। ਅਸੀਂ ਜਦੋਂ ਹਿਮਾਚਲ ਬਿਜਲੀ ਬੋਰਡ ਦਾ ਦਫਤਰ ਦੇਖਿਆ ਤਾਂ ਉਨ੍ਹਾਂ ਨੂੰ ਟੈਲੀਫੋਨ ਕੀਤਾ। ਉਹ ਆਪ ਹੀ ਮਿਲ ਗਏ। ਉਨ੍ਹਾਂ ਨੇ ਭੁੰਤਰ ਆਦਿ ਦੀ ਬਹੁਤ ਸੈਰ ਕਰਵਾਈ ਤੇ ਚੰਗੀ ਪ੍ਰਹੁਣਾਚਾਰੀ ਵੀ ਨਿਭਾਈ। ਸੋਹਰਤ ਇਲਾਕੇ ਤੇ ਅਫਸਰਾਂ ਵਿੱਚ ਬਹੁਤ ਉੱਚੀ ਸੀ। ਭੁੰਤਰ ਤੋਂ ਅੱਗੇ ਦਰਿਆ ਬਿਆਸ ਦੇ ਦੋ ਹਿੱਸੇ ਆਪਸ ਵਿੱਚ ਮਿਲਦੇ ਸਨ। ਇੱਕ ਬਹੁਤ ਸਾਫ ਦਿਸਦਾ ਸੀ, ਦੂਜੇ ਦਾ ਰੰਗ ਵੱਟਿਆ ਹੋਇਆ। ਪੁੱਛਣ ਤੇ ਉਨ੍ਹਾਂ ਨੇ ਦੱਸਿਆ ਜਿਹੜਾ ਹਿੱਸਾ ਮਨੀਕਰਨ ਆਦਿ ਵੱਲੋਂ ਆਉਂਦਾ ਹੈ, ਇਸ ਵਿੱਚ ਗੰਦ ਘੁਲਿਆ ਹੋਇਆ ਹੈ। ਮਨੀਕਰਨ ਦੇ ਸਾਰੇ ਇਲਾਕੇ ਦਾ ਗੰਦ ਇਸ ਰਾਹੀਂ ਹੀ ਅੱਗੇ ਆਉਂਦਾ ਹੈ ਤੇ ਛੋਟੀ ਦਸਤਕਾਰੀ ਵੀ ਆਪਣਾ ਭੈੜਾ ਪਾਣੀ ਇਸ ਵਿੱਚ ਹੀ ਛੱਡ ਦਿੰਦੀ ਹੈ। ਦੂਜੇ ਪਾਣੀ ਦਾ ਰੰਗ ਪਹਿਲਾਂ ਸਾਫ ਸੀ, ਫੇਰ ਦੋਵਾਂ ਦੇ ਇਕੱਠੇ ਹੋਣ ਨਾਲ ਵੱਟ ਗਿਆ। ਪਾਣੀ ਭਾਵੇਂ ਪੀਣ ਦੇ ਯੋਗ ਨਹੀਂ ਸੀ, ਪਰ ਫੇਰ ਵੀ ਉਹ ਪਾਣੀ ਨੂੰ ਪੀਤਾ ਜਾਂਦਾ ਸੀ। ਅਸੀਂ ਕਾਫੀ ਘੁੰਮੇ ਤੇ ਕਈ ਥਾਵਾਂ ਤੇ ਪਾਣੀ ਇਕੱਠਾ ਹੋਣ ਤੇ ਰੰਗ ਵਟਣ ਦੀ ਸ਼ਨਾਖਤ ਕਰਦੇ ਰਹੇ। ਐਂਤਕੀ ਮਈ ਦੇ ਮਹੀਨੇ ਦਰਿਆ ਬਿਆਸ ਵਿੱਚ ਦੂਸ਼ਿਤ ਪਾਣੀ ਦੀ ਬਹੁਤ ਗੱਲ ਹੋਈ ਕਿਉਂਕਿ ਗੁਰਦਾਸਪੁਰ ਵਿੱਚ ਚੱਢਾ ਸ਼ੂਗਰ ਮਿੱਲ ਦਾ ਵਰਤਿਆ ਹੋਇਆ ਸੀਰਾ ਦਰਿਆ ਦੇ ਪਾਣੀ ਵਿੱਚ ਘੁਲਗਦਾ ਰਿਹਾ। ਮਾਲਕ ਤੇ ਸਰਕਾਰ ਨੂੰ ਕੋਈ ਖ਼ਬਰ ਹੀ ਨਹੀਂ ਸੀ। ਪੰਜਾਬੀ ਚੈਨਲਾਂ ਨੇ ਦਰਿਆ ਵਿੱਚ ਮਰੀਆਂ ਹੋਈਆਂ ਮੱਛੀਆਂ ਦੇ ਢੇਰ ਦਿਖਾ ਕੇ ਲੋਕਾਂ ਨੂੰ ਦੰਗ ਕਰ ਦਿੱਤਾ। ਉਹ ਜਹਿਰੀਲਾ ਪਾਣੀ ਹੋਣ ਕਰਕੇ ਹੀ ਮਰੀਆਂ ਸਨ। ਉਸ ਨੂੰ ਅੱਗੇ ਕੱਢ ਕੇ ਸਾਫ ਪਾਣੀ ਪਿੱਛੋਂ ਛੁਡਵਾਇਆ ਗਿਆ, ਕਾਫੀ ਉਪਰਾਲੇ ਹੋਏ, ਪਰ ਮਰੀਆਂ ਮੱਛੀਆਂ ਦੇ ਢੇਰ ਟੀ.ਵੀ. ਕਈ ਦਿਨ ਦਿਖਾਉਂਦੇ ਰਹੇ। ਮਹੀਨੇ ਦੇ ਅਖੀਰ ਵਿੱਚ ਸ਼ਾਹਕੋਟ ਦੀ ਚੋਣ ਸੀ। ਆਪ ਤੇ ਅਕਾਲੀ ਦਲ ਨੇ ਇਹ ਮਸਲਾ ਬੜੇ ਜੋਰ ਨਾਲ ਚੁੱਕਿਆ। ਕਿਉਂਕਿ ਇਹ ਸੀਟ ਸ. ਅਜੀਤ ਸਿੰਘ ਕੁਹਾੜ ਅਕਾਲੀ ਦੇ ਚਲਾਣਾ ਕਰਨ ਤੇ ਖਾਲੀ ਹੋਈ ਸੀ। ਇਹ ਅਕਾਲੀ ਦਲ ਲਈ ਚਣੌਤੀ ਸੀ। ਪੰਜਾਬ ਦੇ ਲਿਖਤੀ ਮੀਡੀਆ ਦੇ ਚਾਰ-ਪੰਜ ਚੈਨਲਾਂ ਨੇ ਜੋਰ ਦੀ ਪ੍ਰਚਾਰ ਕੀਤਾ ਕਿ ਇਹ ਸ਼ੂਗਰ ਮਿੱਲ ਦਿੱਲੀ ਦੇ ਸਰਨਾ ਸਾਹਿਬ ਦੇ ਰਿਸ਼ਤੇਦਾਰਾਂ ਦੀ ਹੈ। ਮੁੱਖ ਮੰਤਰੀ ਨੂੰ ਉਨ੍ਹਾਂ ਦੀ ਲਿਹਾਜ ਹੈ, ਪਰ ਉਸ ਨੂੰ ਜੁਰਮਾਨੇ ਹੋਏ ਤੇ ਮਿੱਲ ਬੰਦ ਵੀ ਕੀਤੀ ਗਈ। ਲੁਧਿਆਣੇ ਦੇ ਨਜਦੀਕ ਕੱਪੜੇ ਰੰਗਣ ਦੀਆਂ ਕਈ ਵੱਡੀਆਂ ਫੈਕਟਰੀਆਂ ਹਨ। 15-20 ਸਾਲ ਤੋਂ ਬੁੱਢੇ ਨਾਲੇ ਵਿੱਚ ਇਹ ਗੰਦਾ ਪਾਣੀ ਪੈਣ ਦੀ ਚਰਚਾ ਚੱਲੀ ਆਉਂਦੀ ਹੈ। ਕਈ ਸਰਕਾਰਾਂ ਬਦਲੀਆਂ, ਪਰ ਇਹ ਫੈਕਟਰੀਆਂ ਜਾਰੀ ਹਨ ਤੇ ਦੂਸ਼ਿਤ ਪਾਣੀ ਨੂੰ ਸਾਫ ਕਰਨ ਦੀ ਖੇਚਲ ਨਹੀਂ ਕਰਦੀਆਂ, ਕਿਉਂਕਿ ਦਸਤਕਾਰੀ ਅਮੀਰ ਵਿਅਕਤੀਆਂ ਦੀ ਹੁੰਦੀ ਹੈ ਤੇ ਇਨ੍ਹਾਂ ਦਾ ਸਬੰਧ ਸਿਆਸੀ ਪੁਰਸ਼ਾਂ ਨਾਲ ਵੀ ਹੁੰਦਾ ਹੈ। ਰੌਲਾ ਪੈਣ ਸਮੇਂ ਕੁੱਝ ਚਿਰ ਹਟ ਜਾਂਦਾ ਹੈ, ਕਹਿੰਦੇ ਹਨ ਕਿ ਇਹ ਬੁੱਢਾ ਨਾਲਾ ਬੁੱਢਾ ਦਰਿਆ ਕਹਾਉਂਦਾ ਸੀ, ਜਿਹੜੇ ਬੁੱਢੇ ਨਾਲ ਦੇ ਨਾਂ ਲੈ ਚੁੱਕਿਆ ਹੈ।
ਹਰੀਕੇ ਪੱਤਣ ਤੇ ਸਤਲੁਜ ਤੇ ਬਿਆਸ ਇਕੱਠੇ ਹੋ ਜਾਂਦੇ ਹਨ। ਦੋਵਾਂ ਦੇ ਮਿਲਣ ਦੀ ਥਾਂ ਤੇ ਦੇਖਿਆ ਜਾਵੇ ਦੋਵਾਂ ਦਾ ਰੰਗ ਅੱਡੋ-ਅੱਡ ਹੁੰਦਾ ਹੈ ਤੇ ਉਹ ਨਵੇਂ ਰੰਗ ਨੂੰ ਪ੍ਰਗਟ ਕਰਦਾ ਹੈ। ਘੱਗਰ ਨੂੰ ਦਰਿਆ ਤਾਂ ਨਹੀਂ ਕਿਹਾ ਜਾ ਸਕਦਾ, ਪਰ ਵੱਡਾ ਬਰਸਾਤੀ ਨਾਲ ਕਹਿਣਾ ਯੋਗ ਹੈ। ਪਹਾੜ ਵਿੱਚੋਂ ਇਹ ਵੀ ਸਾਫ ਹੀ ਚੱਲਦਾ ਹੈ, ਪਰ ਕਾਲਕਾ ਕੋਲ ਆ ਕੇ ਹਿਮਾਚਲ ਦੇ ਗੰਦੇ ਪਾਣੀ ਕਾਰਨ ਰੰਗ ਵਟਾ ਲੈਂਦਾ ਹੈ। ਬੱਦੀ ਹਿਮਾਚਲ ਵਿੱਚ ਬਹੁਤ ਦਸਤਕਾਰੀ ਲੱਗੀ ਹੈ। ਪੰਜਾਬ ਦੀ ਬਹੁਤ ਦਸਤਕਾਰੀ ਉੱਜੜ ਕੇ ਉੱਥੇ ਗਈ ਹੈ, ਕਿਉਂਕਿ ਪਹਾੜੀ ਰਾਜਾਂ ਨੂੰ ਦਸਤਕਾਰੀ ਸਮੇਂ ਟੈਕਸ ਵਿੱਚ ਸ੍ਰੀ ਵਾਜਪਾਈ ਦੇ ਸਮੇਂ ਤੋਂ ਛੋਟ ਚਲੀ ਆਉਂਦੀ ਹੈ। ਇਹ ਸਾਰਾ ਪਾਣੀ ਵੀ ਪੰਜਾਬ ਦੇ ਦਰਿਆਵਾਂ ਵੱਲ ਹੀ ਆਉਂਦਾ ਹੈ ਤੇ ਇਸ ਨੂੰ ਸਾਫ ਕੋਈ ਨਹੀਂ ਕਰਦਾ।
1955 ਤੇ 59 ਵਿੱਚ ਪੰਜਾਬ ਵਿੱਚ ਤਕੜੀ ਬਾਰਸ ਹੋਈ। ਇੱਕ ਤਰ੍ਹਾਂ ਦੇ ਪੰਜਾਬ ਵਿੱਚ ਹੜ੍ਹ ਆ ਗਏ। ਉਸ ਸਮੇਂ ਦੋ ਫਸਲਾਂ ਨਹੀਂ ਸਨ, ਇੱਕ ਫਸਲ ਹੀ ਹੁੰਦੀ ਸੀ। ਬਹੁਤੇ ਹੜ੍ਹਾਂ ਦੇ ਆਉਣ ਕਾਰਨ ਸ. ਪ੍ਰਤਾਪ ਸਿੰਘ ਕੈਂਰੋ ਮੁੱਖ ਮੰਤਰੀ ਨੇ ਬਹੁਤ ਡਰੇਨਾਂ ਪਟਵਾਈਆਂ। ਜਿਹੜੀਆਂ ਕਿ ਬਰਸਾਤੀ ਪਾਣੀ ਇਕੱਠਾ ਕਰਕੇ ਅੱਗੇ ਤੋਰਦੀਆਂ ਸਨ। ਕੁਦਰਤੀ ਨਾਲੇ ਤੇ ਚੋਅ ਵੀ ਪਟਵਾਏ ਗਏ। ਇਹ ਬਹੁਤੀਆਂ ਡਰੇਨਾਂ ਪੰਜਾਬ ਦੇ ਮਾਲਵੇ ਵਿੱਚ ਨਿਕਲੀਆਂ। ਸੇਮ ਕਾਰਨ ਸੇਮ ਦੇ ਪਾਣੀ ਤੋਂ ਬਚਾਓ ਕਰਦੀਆਂ ਰਹੀਆਂ। ਸਰਕਾਰ ਹਰ ਸਾਲ ਪਟਵਾਉਂਦੀ ਸੀ, ਪਰ ਹੁਣ ਪਿਛਲੇ 25-30 ਸਾਲ ਤੋਂ ਇਹ ਪਟਵਾਈਆਂ ਨਹੀਂ ਜਾਂਦੀਆਂ, ਸਗੋਂ ਇਹ ਬਰਸਾਤੀ ਪਾਣੀ ਦੀ ਥਾਂ ਗੰਦੇ ਪਾਣੀ ਦੀਆਂ ਡਰੇਨਾਂ ਬਣ ਗਈਆਂ ਹਨ। ਬਰਨਾਲਾ ਬਠਿੰਡਾ ਵਿੱਚ ਗੰਦਾ ਪਾਣੀ ਭਰਿਆ ਖੜ੍ਹਾ ਹੈ। ਪਾਣੀ ਤੇ ਬਾਰਸ ਘਟਨ ਨਾਲ ਸਰਹੰਦ ਚੋਅ ਆਪਣੀ ਹੋਂਦ ਗੁਆ ਚੁੱਕਿਆ ਹੈ। ਇਸ ਵਿੱਚ ਨਾਭੇ ਤੋਂ ਲੈ ਕੇ ਸਾਰੇ ਸ਼ਹਿਰਾਂ ਦਾ ਗੰਦਾ ਪਾਣੀ ਹੀ ਆ ਰਿਹਾ ਹੈ। ਨਾਲੇ ਪੁੱਟਣ ਦੀ ਲੋੜ ਹੀ ਨਹੀਂ ਪੈਂਦੀ ਕਿਉਂਕਿ ਬਾਰਸ ਅੱਗੇ ਨਾਲ ਬਹੁਤ ਘਟ ਗਈ ਹੈ। ਅਸੀਂ ਧਰਤੀ ਵਿੱਚੋਂ ਪਾਣੀ ਕੱਢਣ ਵਿੱਚ ਹੀ ਮਸਤ ਹਾਂ। ਲੋੜ ਹੈ ਇਨ੍ਹਾਂ ਨਾਲਿਆਂ ਦੀ ਹੋਂਦ ਬਚਾਈ ਜਾਵੇ ਤੇ ਨਾਲ ਸਫਾਈ ਤੋਂ ਬਿਨਾਂ ਗੰਦਾ ਪਾਣੀ ਨਾ ਛੱਡਿਆ ਜਾਵੇ। ਸ. ਸੁਖਪਾਲ ਸਿੰਘ ਖਹਿਰਾ ਤੇ ਆਮ ਪਾਰਟੀ ਦੇ ਦੂਸ਼ਿਤ ਪਾਣੀ ਦੀਆਂ ਬੋਤਲਾਂ ਬਹੁਤ ਦਿਖਾਈਆਂ, ਪਰ ਹੁਣ ਸਾਰੇ ਦੂਸ਼ਿਤ ਪਾਣੀ ਦੀ ਗੱਲ ਭੁੱਲ ਹੀ ਗਏ ਹਨ।
ਸਾਫ ਪਾਣੀ ਐਵੇਂ ਹੀ ਨਸ਼ਟ ਕਰ ਰਹੇ ਹਾਂ। ਸ਼ਹਿਰਾਂ ਵਿੱਚ ਹਰ ਘਰ ਵਿੱਚ ਸਬਮਰਸੀਬਲ ਪੰਪ ਚੱਲ ਰਹੇ ਹਨ। ਚੋਣਾਂ ਸਮੇਂ ਸਿਆਸੀ ਆਦਮੀਆਂ ਨੇ ਪਿੰਡਾਂ ਦੇ ਪੱਛੜੇ ਲੋਕਾਂ ਲਈ ਮੋਟਰਾਂ ਲਗਵਾ ਦਿੱਤੀਆਂ ਸਨ, ਜੋ ਹੁਣ ਵੀ ਚੱਲ ਰਹੀਆਂ ਹਨ। ਕੋਈ ਕੰਟਰੋਲ ਨਹੀਂ, ਪਾਣੀ ਐਵੇਂ ਹੀ ਵੱਗਦਾ ਹੈ। ਕਾਰਾਂ ਦੀ ਧੁਆਈ ਤੇ ਅਸੀਂ ਬਹੁਤ ਪਾਣੀ ਖਰਚ ਕਰਦੇ ਹਾਂ। ਇਸ ਪਾਣੀ ਨੂੰ ਸਾਫ ਕਰਨ ਦੀ ਕੋਈ ਗੱਲ ਹੀ ਨਹੀਂ ਹੋ ਰਹੀ। ਸਮਾਂ ਮੰਗ ਕਰਦਾ ਹੈ ਕਿ ਇਹ ਪਾਣੀ ਸਾਭਿਆ ਜਾਏ।
ਪਾਣੀ ਦੀ ਸੰਭਾਲ ਦੀ ਲੋੜ ਤਾਂ ਬੜੇ ਚਿਰ ਤੋਂ ਸੀ, ਪਰ ਹੁਣ ਇਸ ਦੀ ਲੋੜ ਬਹੁਤ ਜਿਆਦਾ ਵਧ ਗਈ ਹੈ। ਸ੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ, ਉਹ ਬਨਾਰਸ ਤੋਂ ਜਿੱਤੇ ਸਨ, ਉਨ੍ਹਾਂ ਨੇ ਨਾਅਰਾ ਲਾਇਆ ਸੀ, ਗੰਗਾ ਮਈਆਂ ਨੇ ਬੁਲਾਇਆ ਹੈ, ਪਰ ਪਿਛਲੇ 4 ਸਾਲਾਂ ਵਿੱਚ ਗੰਗਾ ਮਈਆ ਤੇ ਕੋਈ ਸੁਧਾਰ ਨਹੀਂ ਹੋ ਸਕਿਆ। ਪਾਣੀ ਕੀ ਵਾਤਾਵਰਨ ਦੀ ਸਫਾਈ ਵੀ ਜ਼ਰੂਰੀ ਹੈ। ਇਹ ਕੰਮ ਕੋਈ ਇਕੱਲਾ ਨਹੀਂ ਕਰ ਸਕਦਾ, ਨਾ ਹੀ ਇਕੱਲੀ ਸਰਕਾਰ ਕਰ ਸਕਦੀ ਹੈ। ਲੋੜ ਹੈ ਕਿ ਅਸੀਂ ਅਜਿਹੇ ਸਾਧਨ ਵਰਤੀਏ, ਕਿ ਵਾਤਾਵਰਨ ਤੇ ਪਾਣੀ ਦੂਸ਼ਿਤ ਨਾ ਹੋਣ। ਅਸੀਂ ਸਾਰੇ ਤੇ ਮੀਡੀਆ 2018 ਦੀ ਛਪੀ ਸਮੱਗਰੀ ਭੁੱਲ ਗਏ ਹਾਂ।
Check Also
Dayanand Medical College & Hospital Ludhiana,Punjab,India
DMCH Infertility & IVF Unit IVF with self and donor oocytes ICSI and …