Breaking News
Home / ਘਰ ਪਰਿਵਾਰ / ਮਨ ਦਾ ਅਨੰਦ

ਮਨ ਦਾ ਅਨੰਦ

ਮਨ ਦਾ ਅਨੰਦ ਅਸੀਂ ਲੱਭਦੇ ਹਾਂ, ਪਰ ਲੱਭਦਾ ਨਹੀਂ; ਅਨੰਦ ਸਾਡੇ ਮੋਹਰੇ ਮੋਹਰੇ ਤੇ ਅਸੀਂ ਮਗਰ ਮਗਰ ਭਾਲਦੇ ਫਿਰਦੇ ਹਾਂ। ਦਰਅਸਲ ਅਨੰਦ ਕੋਈ ਦਿਖਣ ਵਾਲੀ ਜਾਂ ਪਦਾਰਥੀ ਵਸਤੂ ਨਹੀਂ; ਇਹ ਇੱਕ ਅਨੁਭਵੀ ਅਵਸਥਾ ਹੈ। ਇਹ ਨਾਂ ਤਾਂ ਪੈਸਿਆਂ ਨਾਲ ਖਰੀਦੀ ਜਾ ਸਕਦੀ ਹੈ ਅਤੇ ਨਾ ਹੀ ਕਿਸੇ ਹੱਟੀਓਂ ਜਾਂ ਬਜ਼ਾਰੋਂ ਮਿਲਦੀ ਹੈ। ਬੰਦਾ ਆਪਣੀ ਜ਼ਿੰਦਗੀ ਵਿੱਚ ਬੜੇ ਬੇਲਣ ਬੇਲਦਾ ਅਤੇ ਬੇਲਦਾ ਹੀ ਤੁਰਿਆ ਜਾਂਦਾ, ਬੇਅੰਤ ਖੜਯੰਤਰ ਰਚਣ ਉਪਰੰਤ ਵੀ ਸੰਤੁਸ਼ਟ ਨਹੀਂ ਹੁੰਦਾ, ਸੰਤੁਸ਼ਟਤਾ ਭਲਦਾ ਹੀ ਉਮਰ ਬਿਤਾ ਜਾਂਦਾ। ਜਦ ਮਨ ‘ਚ ਸੰਤੁਸ਼ਟਤਾ ਹੀ ਨਹੀਂ ਤਾਂ ਅਨੰਦ ਕਿੱਥੋਂ ਆ ਜਾਊ? ਅਨੰਦ ਬੰਦੇ ਦੇ ਆਲੇ ਦੁਆਲੇ ਤੇ ਚੌਗਿਰਦੇ ‘ਚ ਹੀ ਹੈ, ਇਸ ਵਲ ਉਸ ਦਾ ਧਿਆਨ ਹੀ ਨਹੀਂ ਜਾਂਦਾ ਸਗੋਂ ਹੋਰ ਹੀ ਅੱਕੀਂ ਪਲਾਹੀਂ ਹੱਥ ਮਾਰਦਾ ਤੁਰਿਆ ਫਿਰਦਾ ਹੈ। ਬਿਰਤੀ ਖਿੱਲਰੀ ਹੋਵੇ ਤਾਂ ਮਨ ਦਾ ਟਕਾਓ ਨਹੀਂ ਬਣਦਾ। ਅੱਜ ਦੇ ਵਿਗਿਅਨਕ ਅਤੇ ਟਕਨਾਲੋਜੀ ਦੇ ਯੁੱਗ ਵਿੱਚ ਤਾਂ ਮਨ ਨੂੰ ਬੰਨਣਾਂ ਤਾਂ ਦੂਰ ਦੀ ਗੱਲ ਸਗੋਂ ਇਸ ਨੂੰ ਸੀਮਤ ਦਾਇਰੇ ‘ਚ ਰੱਖਣਾਂ ਵੀ ਮੁਸ਼ਕਲ ਹੈ। ਬੰਦਾ ਬੇਸਬਰਾ ਹੋ ਕੇ ਭੱਜਿਆ ਫਿਰਦਾ ਚਾਰ ਚੁਫੇਰੇ। ਸ਼ੁਹਰਤ ਦਾ ਭੁੱਖਾ, ਪੈਸੇ ਦਾ ਭੁੱਖਾ, ਵਡਿਆਈ ਦਾ ਮਾਰਿਆ ਅਤੇ ਇਨ੍ਹਾਂ ਦੀ ਪ੍ਰਾਪਤੀ ਲਈ ਪਤਾ ਨਹੀਂ ਕੀ ਕੀ ਵੇਲਣ ਵੇਲਦਾ ਫਿਰਦਾ ਹੈ। ਦੇਖੋ, ਕਿਸਾਨ ਦੀ ਬੀਜੀ ਹੋਈ ਫ਼ਸਲ ‘ਚ ਘਾਹ ਫੂਸ ਅਤੇ ਹੋਰ ਜੜੀਆਂ ਬੂਟੀਆਂ ੳੱਗਦੀਆਂ ਹੀ ਰਹਿੰਦੀਆਂ, ਕਿਸਾਨ ਜਿੰਨੀਆਂ ਮਰਜੀ ਕੋਸ਼ਿਸ਼ਾਂ ਕਰੀ ਜਾਏ; ਚਾਹੇ ਪੁੱਟੀ ਜਾਏ ਜਾਂ ਜੜੀਆਂ ਬੂਟੀਆਂ ਮਾਰਨ ਵਾਲੇ ਰਸਾਇਣਕ ਛਿੜਕਾਓ ਕਰੀ ਜਾਏ ਉਹ ਉਗਣੋਂ ਨਹੀਂ ਹਟਦੀਆਂ: ਇਸੇ ਤਰ੍ਹਾਂ ਹੀ ਬੰਦੇ ਦੇ ਮਨ ‘ਚ ਫੁਰਨੇ ਰੂਪੀ ਜੜੀਆਂ ਬੂਟੀਆਂ/ ਘਾਹ ਫੂਸ ਉੱਗਦਾ ਹੀ ਰਹਿੰਦਾ ਹੈ। ਜਿੰਨੇ ਮਰਜੀ ਯਤਨ ਕਰੀਏ ਉਹ ਫੁਰਨੇ ਫੁਰਨੋਂ ਹਟਦੇ ਨਹੀਂ। ਰੋਜ਼ ਨਵੇਂ ਤੋਂ ਨਵੇਂ ਫੁਰਨੇ ਮਨ ‘ਚ ਫੁਰਨਗੇ, ਬੰਦਾ ਫੁਰਨਿਆਂ ਨੂੰ ਤ੍ਰਿਪਤ ਕਰਨ ਲਈ ਯਤਨ ਕਰਦੈ ਪਰ ਉਹ ਫਿਰ ਵੀ ਪੂਰੇ ਨਹੀਂ ਹੁੰਦੇ। ਜਦੋਂ ਫੁਰਨੇ ਹੀ ਪੂਰੇ ਨਾ ਹੋਣ ਤਾਂ ਮਨ ਦਾ ਅਨੰਦ ਕਿੱਥੋਂ ਬਣੂੰ?
ਇਨਸਾਨ ਫੁਰਨਿਆਂ ਦੇ ਸਿਰ ‘ਤੇ ਹੀ ਜਿਊਂਦਾ ਹੈ। ਜਦੋਂ ਉਸ ਦਾ ਮਨ ਚਾਹਿਆ ਫੁਰਨਾਂ ਪੂਰਾ ਹੋ ਜਾਏ ਤਾਂ ਖੁਸ਼ ਹੁੰਦਾ ਹੈ; ਥੋੜ ਚਿਰੀ ਮਨ ਨੂੰ ਅਨੰਦ ਵੀ ਆਉਂਦਾ ਤੇ ਲਗਦੈ ਕੁਝ ਪ੍ਰਾਪਤ ਕਰ ਲਿਆ: ਇਸ ਪ੍ਰਾਪਤੀ ਦੇ ਥੋੜ੍ਹੇ ਚਿਰ ਮਗਰੋਂ ਹੀ ਮੁੜ ਅੰਦਰ ਖਾਲੀ ਖਾਲੀ ਹੋਇਆ ਭਾਸਦਾ। ਲੰਬੀਆਂ ਦੌੜਾਂ ਦੌੜਨ ਵਾਲੇ ਦੌੜਾਕ, ਮੈਰਾਥਾਨ ਦੌੜ ਦੌੜਨ ਤੋਂ ਪਹਿਲਾਂ, ਕਈ ਹਫਤੇ ਨੇਮ ਅਤੇ ਯੁਗਤ ਨਾਲ ਤਿਆਰੀ ਕਰਦੇ ਹਨ ਤਾਂ ਕਿ ਉਹ ਦੌੜ ਸੰਪੂਰਨ ਕਰ ਸਕਣ ਅਤੇ ਆਪਣੇ ਵਿੱਤ ਅਤੇ ਸਮਰੱਥਾ ਮੁਤਬਿਕ ਘੱਟ ਤੋਂ ਘੱਟ ਸਮੇਂ ‘ਚ ਉਹ ਦੌੜ ਪੂਰੀ ਦੌੜ ਸਕਣ। ਨੇਮ ਬੱਧ ਯੁਗਤ ਨਾਲ ਤਿਆਰੀ ਕਰਨਾਂ ਆਪਣੇ ਆਪ ਨੂੰ ਚੱਕੀ ‘ਚ ਪੀਸਣ ਦੇ ਬਰਾਬਰ ਹੁੰਦਾ, ਤਦੇ ਜਾ ਕੇ ਦੌੜ ਦੌੜਨ ਦੇ ਕਾਬਲ ਹੋ ਹੁੰਦਾ। ਇਹ ਤਦੇ ਸੰਭਵ ਹੋ ਸਕਦਾ ਜੇ ਮਨ ‘ਚ ਫੁਰਨਾਂ ਹੋਵੇ ਕਿ ਇਹ ਸਭ ਕੁਝ ਨੇਮ ਬੱਧ ਤਰਕੇ ਨਾਲ ਕਰਨਾਂ ਹੈ। ਹਫਤਿਆਂ ਬੱਧੀ ਤਿਆਰੀ ਕਰਨ ਉਪਰੰਤ ਜਦੋਂ ਆਪਣੇ ਮਿੱਥੇ ਸਮੇਂ ਅਨੁਸਾਰ ਮੈਰਾਥਾਨ ਪੂਰੀ ਹੋ ਜਾਏ ਤਾਂ ਮਨ ‘ਚ ਅੰਤਾਂ ਦੀ ਖੁਸ਼ੀ ਦੇ ਫੁਆਰੇ ਫੁੱਟ ਤੁਰਦੇ ਹਨ। ਇਹ ਉਸ ਪ੍ਰਾਪਤੀ ਦੀ ਖੁਸ਼ੀ ਦਾ ਸਿਖ਼ਰ ਹੁੰਦਾ। ਇਹ ਖੁਸ਼ੀ ਮਨ ਅੰਦਰ ਅਨੰਦ ਦੇ ਭੰਦਾਰੇ ਖੋਲ੍ਹ ਦਿੰਦੀ ਹੈ। ਮਨ ਦਾ ਅਨੰਦ ਆਉਣ ਦਾ ਕੋਈ ਖਾਸ ਸਮਾਂ ਜਾਂ ਸਥਾਨ ਨਹੀਂ ਹੁੰਦਾ। ਜਦ ਇਹ ਆਉਂਦਾ ਹੈ ਤਾਂ ਸਹਿਜ ਸੁਭਾਅ, ਝੱਟ ਹੀ ਆ ਜਾਂਦਾ ਹੈ। ਸੋਚਾਂ ਅਤੇ ਵਿਚਾਰਾਂ ਦੇ ਸੁਮੇਲ ਦੀ ਜਦੋਂ ਵੇਬਲਿੰਥ ਮਿਲਦੀ (ਬਣਦੀ) ਹੈ ਤਾਂ ਅਨੰਦ ਰੂਪੀ ਦਲਾਨ ਦਾ ਦਰਵਾਜ਼ਾ ਖੁੱਲ੍ਹ ਜਾਂਦਾ ਹੈ। ਇਹ ਮਨ ਦੀ ਇੱਕ ਖਾਸ ਅਵਸਥਾ ਹੁੰਦੀ ਹੈ, ਇਹ ਬਿਆਨ ਤੋਂ ਬਾਹਰ ਹੈ; ਇਸ ਦੀ ਕੋਈ ਖਾਸ ਪਰਿਭਾਸ਼ਾ ਨਹੀਂ ਲਿਖੀ ਜਾ ਸਕਦੀ। ਜ਼ਿੰਦਗੀ ਬਹੁਤ ਕਿਸਮ ਦੇ ਸੰਯੋਗਾਂ ਦਾ ਸੁਮੇਲ ਹੈ। ਬੇਅੰਤ ਘਟਨਾਵਾਂ ਵਾਪਰਦੀਆਂ ਹਨ, ਸੁਖਾਵੀਆਂ ਭੀ ਤੇ ਅਣਸੁਖਾਵੀਆਂ ਵੀ। ਉਹ ਮਨ ਨੂੰ ਟਿਕਣ ਨਹੀਂ ਦੇਂਦੀਆਂ। ਮਨ ਤਾਂ ਅੱਗੇ ਹੀ ਪਾਣੀ ਦੇ ਭਰੇ ਗਲਾਸ ਵਾਂਗ ਹੈ, ਮਾੜਾ ਜਿਹਾ ਹਿਲਾ ਦੇਈਏ ਤਾਂ ਪਾਣੀ ਗਲਾਸ ‘ਚ ਤਰੰਗਾਂ ਛੱਡਣ ਲਗਦਾ ਹੈ, ਭਾਵ ਉਸ ਦੀ ਸਥਿਰਤਾ ਕਹਿ ਲਓ ਜਾਂ ਟਿਕਾਓ ਕਹਿ ਲਓ, ਹਿਲ ਜਾਂਦਾ ਹੈ ਤੇ ਇੰਜ ਕਿੰਨਾਂ ਹੀ ਚਿਰ ਉਹ ਪਾਣੀ ਛਲਕਦਾ ਰਹਿੰਦਾ ਹੈ: ਮਨ ਦਾ ਵੀ ਇਹੀ ਹਾਲ ਹੈ; ਜਿੰਨਾਂ ਚਿਰ ਮਨ ਇੱਕ ਥਾਂ ਟਿਕਦਾ ਨਹੀਂ ਉਤਨਾਂ ਚਿਰ ਅਨੰਦ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ। ਚੌਗਿਰਦਾ ਦੇਖ ਕੇ ਮਨ ਟਿਕਣ ਦੀ ਥਾਂ ਭਟਕਦਾ ਹੈ, ਭਟਕਿਆ ਮਨ ਕਦੇ ਸ਼ਾਂਤੀ ਨਹੀਂ ਆਉਣ ਦਏਗਾ; ਬੇਚੈਨੀ ‘ਚ ਹੀ ਰੱਖੇਗਾ। ਸਾਡੀਆਂ ਰੁਚੀਆਂ ਬਹੁ ਪਾਸੇ ਭੱਜਦੀਆਂ ਹਨ, ਬਹੁ ਪਾਸੇ ਸੋਚਦੇ ਹਾਂ; ਬਹੁਤ ਉਦਾਹਰਣਾਂ ਚਿਤਵ ਚਿਤਵ, ਚਿਤਵਦੇ ਹਾਂ ਕਿ ਜੇ ਆਹ ਹੋ ਗਿਆ ਤੇ ਫਿਰ ਕਿਵੇਂ ਹੋਊ? ਜੇ ਇੰਜ ਕੋਈ ਘਟਨਾਂ ਵਾਪਰ ਜਾਏ ਤਾਂ ਕਿਵੇਂ ਨਜਿੱਠਿਆ ਜਾਊ: ਬੱਸ ਅਜਿਹੇ ਖਿਆਲ ਆ ਆ ਕੇ ਮਨ ਦੁਬਿਧਾ ‘ਚ ਹੀ ਰਹਿੰਦਾ ਹੈ। ਸਾਰਾ ਕੁੱਝ ਜੋ ਦੁਨੀਆਂ ‘ਚ ਵਾਪਰ ਰਿਹਾ ਹੈ, ਉਹ ਇੱਕਾ ਦੁੱਕਾ ਬੰਦੇ ਦੇ ਬੱਸ ‘ਚ ਤਾਂ ਨਹੀਂ? ਉਹ ਤਾਂ ਸਰਬ ਵਿਆਪੀ ਇੱਕ ਖੇਡ ਹੈ, ਅਸੀਂ ਉਸ ਦਾ ਹਿੱਸਾ ਹਾਂ, ਉਸ ਦਾ ਹਿੱਸਾ ਹੋਣ ਦੇ ਨਾਤੇ ਇਸ ਖੇਡ ਰੂਪੀ ਇੰਜਣ ਦਾ ਇੱਕ ਪੁਰਜਾ ਹਾਂ ਤੇ ਮਨ ਉਸ ਪੁਰਜੇ ਦਾ ਹਿੱਸਾ ਹੈ। ਹੁਣ ਜ਼ਰਾ ਸੋਚੀਏ ਤਾਂ ਇੰਜਣ ਦਾ ਇੱਕ ਪੁਰਜਾ ਤਾਂ ਸਮੁੱਚੇ ਇੰਜਣ ਨੂੰ ਚਲਦਾ ਰੱਖਣ ਲਈ ਆਪਣਾਂ ਕੰਮ ਕਰਦਾ ਹੈ: ਪੂਰਾ ਇੰਜਣ ਤਾਂ ਨਾਂ ਨਾਂਹ ਹੋਇਆ। ਇੰਜ ਜੇ ਬੰਦਾ ਰੂਪੀ ਪੁਰਜਾ ਇਹ ਸੋਚਣ ਲੱਗੇ ਕਿ ਸਾਰਾ ਇੰਜਣ ਹੀ ਉਹ ਹੈ ਇਹ ਤਾਂ ਗਲਤ ਧਾਰਨਾਂ ਹੋ ਗਈ ਨਾਂਹ? ਇਸ ਵਿਚਾਰ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ ਕਿ ਇਕ ਬੰਦਾ ਸਾਰੀ ਦੁਨੀਆਂ ਨਹੀਂ ਚਲਾ ਰਿਹਾ ਤੇ ਉਸ ਵਾਰੇ ਸੋਚ ਸੋਚ ਫਿਕਰਮੰਦ ਰਹਿਣਾਂ ਤਾਂ ਫਜੂਲ ਹੈ। ਬਹੁ ਪਾਸੇ ਫਿਕਰ ਕਰਨ ਨਾਲ ਮਨ ਦੀ ਬਿਰਤੀ ਟੁੱਟ ਕੇ ਖਿਲਰਦੀ ਹੈ। ਟੁੱਟੀ ਬਿਰਤੀ ‘ਚ ਕਦੇ ਮਨ ਦਾ ਅਨੰਦ ਨਹੀਂ ਬਣਦਾ। ਆਪਣੇ ਦਾਇਰੇ ‘ਚ ਰਹੀਏ ਤਾਂ ਬਿਰਤੀ ਟਿਕਣ ਵਾਲੇ ਪਾਸੇ ਜਾਣ ਦਾ ਰਾਹ ਖੁੱਲਣ ਦੀ ਆਸ ਕਰ ਸਕਦੇ ਹਾਂ ਪਰ ਜੇ ਚਾਰ ਚੁਫੇਰੇ ਹੀ ਬਿਰਤੀ ਭੱਜੀ ਰਹੇ ਤਾਂ ਮਨ ਨੇ ਤਾਂ ਟਿਕਣਾਂ ਹੀ ਨਹੀਂ। ਬਹੁਤ ਪਾਸਿਆਂ ਵਲ ਮਨ ਨੂੰ ਭੱਜਦੇ ਰਹਿਣ ਦੇਣਾਂ ਬੇਚੈਨੀ ਨੂੰ ਸੱਦਾ ਦੇਣਾਂ ਹੈ। ਇੱਕੋ ਸਮੇਂ, ਇੱਕ ਵਿਸ਼ੇ ਤੇ ਹੀ ਮਨ ਨੂੰ ਜੇ ਕੇਂਦਰਿਤ ਕਰੀਏ ਤਾਂ ਭਟਕਣ ਘੱਟ ਹੋ ਸਕੇਗੀ। ਇੱਕੋ ਸਮੇਂ ਮਨ ਨੂੰ ਚਾਰ ਚੁਫੇਰੇ ਦੌੜਾਈ ਜਾਣਾਂ ਅਤੇ ਫ਼ਰਜ਼ੀ ਸਮੱਸਿਆਵਾਂ ਦੇ ਚਿੰਤਨ ਕਰ ਕਰ ਫਿਕਰਮੰਦ ਹੋਈ ਜਾਣਾਂ, ਦੁਭਿਧਾ ਦੇ ਚੰਡੋਲ ਚੜ੍ਹਨਾਂ ਹੈ; ਇੰਜ ਉਸੇ ਘੁੰਮਣ ਘੇਰੀ ‘ਚ ਫਸੇ ਰਹੋਗੇ। ਸਾਰੀ ਦੁਨੀਆਂ ‘ਚ ਪੈਦਾ ਹੋਈਆਂ ਸੁੱਖ ਸਹੂਲਤਾਂ ਅਤੇ ਬਸਤਾਂ ਹਰ ਇੱਕ ਬੰਦਾ ਪ੍ਰਾਪਤ ਨਹੀਂ ਕਰ ਸਕਦਾ ਅਤੇ ਨਾਂ ਹੀ ਉਹਨਾਂ ਸਾਰੀਆਂ ਦੀ ਜੀਵਨ ਸਾਈਕਲ ‘ਚ ਲੋੜ ਹੈ, ਉਹਨਾਂ ਦੀ ਪ੍ਰਾਪਤੀ ਦੇ ਅਣਮੁੱਕ ਚੱਕਰ ‘ਚ ਫਸ ਬੇਚੈਨ ਹੋਣਾਂ ਮਨ ਦਾ ਬਣਿਆਂ ਅਨੰਦ ਗੁਆਉਣਾਂ ਹੈ। ਜਿਹੜੇ ਮਨ ਦੇ ਅਨੰਦ ਦੀ ਪ੍ਰਾਪਤੀ ਲਈ ਮ੍ਰਿਗ ਤ੍ਰਿਸ਼ਨਾਂ ਦਾ ਸ਼ਿਕਾਰ ਹੋ; ਆਪਣੀ ਬੁੱਕਲ ‘ਚ ਬੈਠੇ ਅਨੰਦ ਨੂੰ ਲੱਤ ਮਾਰ: ਫਰਜ਼ੀ ਤੇ ਕਦੇ ਵੀ ਨਾਂ ਪ੍ਰਾਪਤ ਹੋ ਸਕਣ ਵਾਲੇ ਅਨੰਦ ਦੇ ਪ੍ਰਛਾਵੇਂ ਮਗਰ ਭੱਜਣਾਂ ਬੇਅਰਥ ਹੈ। ਦੀਵੇ ਦੀ ਲੋਅ ਦੁਆਲੇ ਭਾਉਂਦਾ ਭਵੱਕੜ ਲੋਅ ਪ੍ਰਾਪਤ ਹੋਣ ਦੇ ਬਾਵਜੂਦ ਵੀ ਲੋਅ ਲੱਭਦਾ ਲੋ ‘ਚ ਹੀ ਸੜ ਕੇ ਮਰ ਜਾਂਦਾ ਹੈ। ਇਹੀ ਹਾਲ ਬੰਦੇ ਦਾ ਹੈ; ਬੰਦਾ ਵੀ ਆਪਣੇ ਸੀਮਤ ਦਾਇਰੇ ‘ਚ ਰਹਿੰਦਾ, ਸੀਮਤ ਸਾਧਨਾਂ ਮੁਤਬਕ ਅਨੰਦ ਹੋਣ ਦੇ ਉਪਰੰਤ ਵੀ ਭਟਕਣ ‘ਚ ਗ੍ਰਸ ਹੋ, ਮਨ ਦਾ ਪਹਿਲਾ ਪ੍ਰਾਪਤ ਅਨੰਦ ਵੀ ਖੋਅ ਲੈਂਦਾ ਹੈ। ਜ਼ਿੰਦਗੀ ਦੀ ਰੋਜ਼ਾਨਾਂ ਗੱਡੀ ਚੱਲਦੀ ਰੱਖਣ ਲਈ ਸਾਨੂੰ ਪੈਂਤੜੇ ਬਣਾਉਣੇ ਪੈਂਦੇ ਹਨ ਕਿ ਆਹ ਕੰਮ ਪਹਿਲਾਂ ਕਰਨਾਂ ਹੈ, ਫਿਰ ਆਹ ਕਰਨਾਂ ਹੈ ਤੇ ਫਿਰ ਆਹ; ਨਾਲ ਹੀ ਉਹਨਾਂ ਦੀ ਤਰਤੀਬ ਅਤੇ ਯੁਗਤ ਬਣਾਉਣੀਂ ਪੈਂਦੀ ਹੈ। ਇੰਜ ਜਦੋਂ ਕਰਮਵਾਰ ਉਹ ਮਿੱਥੇ ਸਾਰੇ ਕੰਮ ਸਹੀ ਸਲਾਮਤ ਅਸੀਂ ਨੇਪਰੇ ਚਾੜ੍ਹ ਦੇਂਦੇ ਹਾਂ ਤਾਂ ਸਾਨੂੰ ਆਰਜੀ ਖੁਸ਼ੀ ਮਿਲਦੀ ਹੈ ਤੇ ਥੋੜ੍ਹ ਚਿਰਾ ਮਨ ਦਾ ਅਨੰਦ ਬਣ ਜਾਂਦਾ ਹੈ। ਇਸ ਤਰ੍ਹਾਂ ਵਰਤਮਾਨ ਕਾਲ ‘ਚ ਹੀ ਰਹਿੰਦੇ ਹੋਏ ਥੋੜ੍ਹਾ ਥੋੜ੍ਹਾ ਅਨੰਦ ਵੀ ਜੇ ਮਾਨਣ ਲੱਗੀਏ ਤਾਂ ਇਸ ਦੀ ਇੱਕ ਲੰਬੀ ਕੜੀ ਬਣ ਜਾਏਗੀ। ਇੱਕ ਦਿਨ ਦਾ ਬਹੁਤਾ ਭਾਗ ਅਸੀਂ ਅਨੰਦ ‘ਚ ਬਦਲਣ ‘ਚ ਸਫਲ ਹੁੰਦੇ ਜਾਈਏ ਤਾਂ ਦਿਨ ਅਸੀਂ ਅਨੰਦ ‘ਚ ਬਿਤਾ ਲਵਾਂਗੇ; ਇੰਜ ਅਗਲਾ ਦਿਨ ਤੇ ਹੋਰ ਅਗਲਾ ਦਿਨ ਕਰਦੇ ਕਰਦੇ ਮਨ ਦੇ ਅਨੰਦ ਦੇ ਬਹਾ ‘ਚ ਬਹਿਣ ਲੱਗ ਜਾਵਾਂਗੇ। ੲ ੲ ੲ ੲ

Check Also

ਵਾਲਾਂ ਦਾ ਝੜਨਾ : ਕਾਰਨਾਂ ਨੂੰ ਸਮਝਣਾ

ਵਾਲਾਂ ਦਾ ਝੜਨਾ, ਜਾਂ ਅਲੋਪੇਸ਼ੀਆ, ਇੱਕ ਆਮ ਸਥਿਤੀ ਹੈ ਜੋ ਹਰ ਉਮਰ ਅਤੇ ਲਿੰਗ ਦੇ …