ਡਾ. ਜਤਿੰਦਰ ਰੰਧਾਵਾ
ਆ ਬੁੱਧ ਆ, ਹੁਣ, ਘਰ ਮੁੜ੍ਹ ਚੱਲੀਏ
ਬਹੁਤ ਚਿਰ ਹੋਇਆ ਤੈਨੂੰ ਭਟਕਦਿਆਂ
ਬਹੁਤ ਚਿਰ ਹੋ ਗਿਆ, ਮੈਨੂੰ ਕਲਪਦਿਆਂ
ਨਾ ਤੂੰ ਕੁੱਛ ਖੱਟਿਆ, ਨਾ ਮੈਂ ਕੁੱਛ ਲੱਭਿਆ
ਐਵੇਂ ਕਾਹਤੋਂ ਫੇਰ ਸ਼ਿਕਵਾ ਕਰੀਏ
ਆ, ਬੁੱਧ ਆ ਹੁਣ ਘਰ ਮੁੜ੍ਹ ਚੱਲੀਏ।
ਤੂੰ ਦੁੱਖਾਂ ਤੋਂ ਦੂਰ ਸੈਂ ਭੱਜਿਆ
ਮੈਂ ਸੁੱਖਾਂ ਤੋਂ ਬਾਂਝੀ ਹੋ ਗਈ
ਤੇਰੇ ਹੁੰਦਿਆਂ ਤੇਰੀ ਯਸ਼ੋਦਰਾ
ਬਿੰਬਾਂ, ਗੋਪਾ ਬਣ ਓਝਲ ਹੋ ਗਈ
ਦੇਹੀ ਨੂੰ ਜੇ ਦੁੱਖ ਨੇ ਭਲਿਆ-
ਦੇਹੀ ਤੋਂ ਸੁੱਖ ਵੀ ਮਿਲਣੇ ਸਨ
ਜੇ ਰਲ਼ ਕੇ ਤੁਰ ਲੈਂਦੇ ਦੋ ਪਲ
ਸਾਰੇ ਮੰਜ਼ਰ ਸਰ ਹੋਣੇ ਸਨ
ਹੁਣ ਕੇਹੀ ਆਸ਼ਾ, ਤੇ ਕੀ ਨਿਰਾਸ਼ਾ
ਕਿਹੜੇ ਵਿਸਰੇ ਪਲ ਦੀ ਗੱਲ ਕਰੀਏ
ਆ ਬੁੱਧ ਆ, ਹੁਣ, ਘਰ ਮੁੜ੍ਹ ਚੱਲੀਏ
ਸੁਣਿਆ ਤੂੰ ਤਾਂ ਨਿਰਵਾਣ ਹੈ ਪਾਇਆ
ਮੇਰੇ ਹਿੱਸੇ ਦੱਸ ਕੀ ਆਇਆ?
ਮੇਰੀਆਂ ਸੱਧਰਾਂ ਦਫ਼ਨ ਹੋ ਗਈਆਂ
ਮੇਰਾ ਮਨ ਹਾਲੇ ਤਿਰਹਾਇਆ
ਜਿਸ ਭੈ ਤੋਂ ਤੂੰ ਡਰ ਡਰ ਨੱਸਦੈ
ਆ ਉਸ ਡਰ ਦੀ ਥਾਹ ਨੂੰ ਫੜੀਏ
ਰਲ ਕੇ ਦੋਵੇਂ ਵੰਡੀਏ ਚਾਨਣ
ਕਿਰਦੇ ਜਾਂਦੇ ਸਮੇਂ ਨੂੰ ਫੜੀਏ
ਆ ਬੁੱਧ ਆ, ਹੁਣ, ਘਰ ਨੂੰ ਮੁੜ੍ਹੀਏ
ਆ ਬੁੱਧ ਆ, ਹੁਣ, ਘਰ ਮੁੜ੍ਹ ਚੱਲੀਏ।