ਪੰਜ ਸਾਲ ਪਹਿਲਾਂ ਕੈਨੇਡਾ ਨੇ ਵਾਅਦਾ ਕੀਤਾ ਸੀ ਕਿ ਸਾਲ 2030 ਤੱਕ ਹੈਪਾਟਾਈਟਸ ਸੀ ਨੂੰ ਖਤਮ ਕਰਨ ਦੇ ਵਰਲਡ ਹੈਲਥ ਔਰਗੇਨਾਈਜੇਸ਼ਨ ਦੇ ਟੀਚੇ ਨੂੰ ਪੂਰਾ ਕਰਨ ਲਈ ਕੈਨੇਡਾ ਕੰਮ ਕਰੇਗਾ। ਉਸ ਤੋਂ ਬਾਅਦ ਇਸ ਟੀਚੇ ਨੂੰ ਪੂਰਾ ਕਰਨ ਲਈ ਕਈ ਕਦਮ ਉਠਾਏ ਗਏ ਹਨ। ਪਰ ਉਪਲਬਧ ਡੇਟਾ ‘ਤੇ ਜੇ ਨਜ਼ਰ ਮਾਰੀਏ ਤਾਂ ਅਜੇ ਵੀ ਬਹੁਤ ਕੁੱਝ ਕਰਨਾ ਬਾਕੀ ਹੈ।
ਮਈ 2016 ਵਿਚ ਕੈਨੇਡਾ ਨੇ ਵਰਲਡ ਹੈਲਥ ਔਰਗੇਨਾਈਜੇਸ਼ਨ ਦੀ ਪਹਿਲੀ ਗਲੋਬਲ ਵਾਇਰਲ ਹੈਪਾਟੀਟਸ ਸਟ੍ਰੈਟਿਜੀ ‘ਤੇ ਦਸਤਖਤ ਕੀਤੇ ਸਨ। ਇਸ ਦਾ ਮਕਸਦ 2030 ਤੱਕ ਇਕ ਪਬਲਿਕ ਹੈਲਥ ਖਤਰੇ ਵਜੋਂ ਵਾਇਰਲ ਹੈਪਾਟਾਈਟਸ ਦਾ ਖਾਤਮਾ ਕਰਨਾ ਸੀ। ਪਰ ਫੈਡਰਲ ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਸੀ ਕਿ ਇਸ ਟੀਚੇ ਨੂੰ ਪੂਰਾ ਕਰਨ ਲਈ ਆਪਣੇ ਸਿਟੀਜ਼ਨਜ਼ ਵਾਸਤੇ ਸੂਬਾਈ ਅਤੇ ਟੈਰੀਟੋਰੀਅਲ ਸਰਕਾਰਾਂ ਜਵਾਬਦੇਹ ਹੋਣਗੀਆਂ, ਨਾ ਕਿ ਫੈਡਰਲ ਸਰਕਾਰ।
ਉਪਲਬਧ ਡੇਟਾ ਮੁਤਾਬਕ 250,000 ਕਨੇਡੀਅਨਜ਼ ਨੂੰ ਐਚ ਵੀ ਸੀ ਹੈ ਅਤੇ ਇਨ੍ਹਾਂ ਵਿਚੋਂ 44 ਪਰਸੈਂਟ ਨੂੰ ਤਾਂ ਇਸ ਦੀ ਖਬਰ ਵੀ ਨਹੀਂ ਹੁੰਦੀ।
ਐਕਸ਼ਨ ਹੈਪਾਟਾਈਟਸ ਕੈਨੇਡਾ ਦੇ ਮੈਂਬਰਾਂ ਨੇ ਇਕ ਪ੍ਰੌਗਰੈਸ ਰਿਪੋਰਟ ਤਿਆਰ ਕੀਤੀ ਹੈ, ਜਿਸ ਵਿਚ ਹੈਪਾਟਾਈਟਸ ਤੋਂ ਪ੍ਰਭਾਵਤ ਅਬਾਦੀ ਦੇ ਹਿੱਸਿਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਅਤੇ ਕੈਨੇਡਾ ਦੇ ਪ੍ਰਭਾਵਤ ਖੇਤਰਾਂ ਦੀ ਪਛਾਣ ਵੀ ਕੀਤੀ ਗਈ ਹੈ, ਜਿਨ੍ਹਾਂ ਵਿਚ ਪਹਿਲ ਦੇ ਅਧਾਰ ਤੇ ਕੰਮ ਕਰਨ ਦੀ ਲੋੜ ਹੈ।
ਇਸ ਰਿਪੋਰਟ ਵਿਚ ਇਹ ਵੀ ਨੋਟ ਕੀਤਾ ਗਿਆ ਹੈ ਕਿ ਦਸ ਵਿਚੋਂ ਸੱਤ ਸੂਬੇ ਹੀ ਅਜਿਹੇ ਹਨ, ਜਿਹੜੇ ਇਸ ਟੀਚੇ ਦੀ ਪੂਰਤੀ ਵੱਲ ਵਧ ਰਹੇ ਹਨ ਅਤੇ ਤਿੰਨ ਟੈਰਟਰੀਆਂ ਦੀ ਕੀ ਹਾਲਤ ਹੈ, ਉਸ ਨੂੰ ਜਾਣਨ ਲਈ ਪੂਰਾ ਡੇਟਾ ਵੀ ਉਪਲਬਧ ਨਹੀਂ।
ਵਰਲਡ ਹੈਪਾਟਾਈਟਸ ਡੇ 29 ਜੁਲਾਈ ਨੂੰ ਮਨਾਇਆ ਜਾਂਦਾ ਹੈ ਅਤੇ ਇਸ ਮੌਕੇ ‘ਤੇ ਐਕਸ਼ਨ ਹੈਪਾਟਾਈਟਸ ਕੈਨੇਡਾ ਸਰਕਾਰ ਸਮੇਤ ਸੰਬੰਧਤ ਧਿਰਾਂ ਨੂੰ ਯਾਦ ਕਰਵਾਉਣਾ ਚਾਹੁੰਦਾ ਹੈ ਕਿ ਇਸ ਟੀਚੇ ਦੀ ਪੂਰਤੀ ਵੱਲ ਧਿਆਨ ਦਿੱਤਾ ਜਾਵੇ ਅਤੇ ਇਸ ਲਈ ਆਪਣੇ ਆਪ ਨੂੰ ਜਵਾਬਦੇਹ ਸਮਝਿਆ ਜਾਵੇ।
ਜੋ ਸਿਫਾਰਿਸ਼ਾਂ ਕੀਤੀਆਂ ਗਈਆਂ ਹਨ, ਉਨ੍ਹਾਂ ਮੁਤਾਬਕ ਫੈਡਰਲ ਸਰਕਾਰ ਨੂੰ ਕਿਹਾ ਗਿਆ ਹੈ ਕਿ ਉਹ ਪਹਿਲ ਵਾਲੇ ਅਬਾਦੀ ਦੇ ਹਿਸਿਆਂ ਦੀ ਸਲਾਹ ਨਾਲ ਰਣਨੀਤੀ ਅਤੇ ਟੀਚੇ ਤੈਅ ਕਰੇ ਤਾਂ ਜੋ ਫੈਡਰਲ ਅਧਿਕਾਰ ਖੇਤਰ ਵਾਲੀਆਂ ਥਾਵਾਂ ‘ਤੇ ਪ੍ਰਗਤੀ ਨੂੰ ਮਾਪਿਆ ਜਾ ਸਕੇ, ਜਿਵੇਂ ਕਿ ਫੈਡਰਲ ਜੇਲ੍ਹਾਂ, ਇੰਡਿਜਨਸ ਲੋਕ, ਅਤੇ ਕੁੱਝ ਨਿਊਕਮਰਜ਼।
ਸੂਬਿਆਂ ਅਤੇ ਟੈਰੀਟਰੀਆਂ ਨੂੰ ਸਿਫਾਰਿਸ਼ ਕੀਤੀ ਗਈ ਹੈ ਕਿ ਉਹ ਸੂਬਾਈ/ਖੇਤਰੀ ਖਾਤਮਾ ਯੋਜਨਾਵਾਂ ਤਿਆਰ ਕਰਨ ਅਤੇ ਸਾਰੇ ਬੱਚਿਆਂ ਨੂੰ ਜਨਮ ਸਮੇਂ ਏਚਬੀਵੀ ਵੈਕਸੀਨੇਸ਼ਨ ਪ੍ਰਦਾਨ ਕਰਨ। ਇਸ ਤੋਂ ਇਲਾਵਾ ਸਾਰੀਆਂ ਸੂਬਾਈ ਅਤੇ ਟੈਰੀਟੋਰੀਅਲ ਜੇਲ੍ਹਾਂ ਵਿਚ ਟੈਸਟਿੰਗ ਅਤੇ ਇਲਾਜ ਪ੍ਰਦਾਨ ਕੀਤਾ ਜਾਵੇ।
ਪੂਰੀ ਰਿਪੋਰਟ ਅਤੇ ਸਿਫਾਰਸ਼ਾਂ ਬਾਰੇ ਪੜ੍ਹਨ ਲਈ ਦੇਖੋ: actionhepatitiscanada.ca