Breaking News
Home / ਘਰ ਪਰਿਵਾਰ / ਮਹਿੰਦੀ ਦੇ ਬੂਟੇ ਨੂੰ ਲਾ ਦੇ ਭਾਬੀਏ ਪਾਣੀ

ਮਹਿੰਦੀ ਦੇ ਬੂਟੇ ਨੂੰ ਲਾ ਦੇ ਭਾਬੀਏ ਪਾਣੀ

ਮਹਿੰਦੀ ਦਾ ਨਾਂ ਸੁਣਦੇ ਪੜ੍ਹਦੇ ਹੀ ਹਾਰ ਸ਼ਿੰਗਾਰ ਅਤੇ ਰਸਮ ਰਿਵਾਜਾਂ ਦੀ ਤਰੰਗ ਜਿਹੀ ਪੈਣ ਲੱਗ ਪੈਂਦੀ ਹੈ। ਅੋਰਤ ਦਾ ਮਹਿੰਦੀ ਰੂਪੀ ਸ਼ਿੰਗਾਰ ਅਤੇ ਮਰਦ ਦਾ ਇਸ ਸ਼ਿੰਗਾਰ ਨੂੰ ਦੇਖ ਕੇ ਇੱਕ ਰੋਮਾਂਟਿਕ ਤਰੰਗ ਪੈਦਾ ਹੋਣੀ, ਇਕ ਸੁਭਾਅ ਹੀ ਹੁੰਦਾ ਹੈ। ਧੀ ਦਾ ਜੰਮਦੀ ਸਾਰ ਹਾਰ ਸ਼ਿੰਗਾਰ ਵੱਲ ਰੂਚਿਤ ਹੋਣ ਦਾ ਇੱਕ ਅਧਿਆਏ ਮਹਿੰਦੀ ਦਾ ਬੂਟਾ ਵੀ ਹੈ, ਜਿਸਨੂੰ ਆਮ ਤੋਰ ਤੇ ਖੇਤਾਂ ਘਰਾਂ ਵਿੱਚ ਲਾਇਆ ਜਾਂਦਾ ਸੀ। ਸੁਹਾਗਣ ਜੀਵਨ ਦਾ ਮਹਿੰਦੀ ਅਤੀਤ ਤੋਂ ਵਰਤਮਾਨ ਤੱਕ ਇੱਕ ਅੰਗ ਹੈ। ਧੀਆਂ ਘਰਾਂ ਵਿੱਚ ਕੂੰਡੇ ਵਿੱਚ ਕੁੱਟ ਕਿ ਮਹਿੰਦੀ ਦੇ ਪੱਤੇ ਹੱਥਾਂ ਤੇ ਲਾਉਂਦੀਆਂ ਹੋਈਆਂ ਭਵਿੱਖੀ ਸੁਹਾਗ ਦੇ ਸੁਪਨੇ ਲੈਂਦੀਆਂ ਸਨ। ਮਹਿੰਦੀ ਨੂੰ ਪੰਜਾਬੀ ਵਿਰਸੇ ਨਾਲ ਜ਼ੋੜ ਕੇ ਧੀਆਂ ਦਾ ਮੇਲ ਮਾਣ-ਮੱਤੇ ਗਾਇਕ ਬਲਕਾਰ ਸਿੱਧੂ ਨੇ ਇਉਂ ਕੀਤਾ ਹੈ:-
ਵੀਰ ਮੇਰਾ ਮਹਿਲਾਂ ਦਾ ਰਾਜਾ ਤੂੰ ਭਾਬੀਏ ਰਾਣੀ,
ਮਹਿੰਦੀ ਦੇ ਬੂਟੇ ਨੂੰ ਲਾ ਭਾਬੀਏ ਪਾਣੀ
ਪੰਜਾਬ ਦੇ ਕਈ ਰੂੜ੍ਹੀਵਾਦੀ ਪਰਿਵਾਰ ਛੋਟੀ ਉਮਰੇ ਧੀਆਂ ਨੂੰ ਮਹਿੰਦੀ ਲਾਉਣ ਹੀ ਨਹੀ ਦਿੰਦੇ ਸਨ, ਪਰ ਹੁਣ ਫਰਕ ਹੈ। ਛੋਟੀਆਂ ਅਤੇ ਕੁੰਵਾਰੀਆਂ ਧੀਆਂ ਨੂੰ ਮਹਿੰਦੀ ਲਾਉਣ ਦੇਣ ਲਈ ਕਈ ਵਾਰ ਮਾਂ ਨੂੰ ਪਰਿਵਾਰ ਅਤੇ ਧੀਆਂ ਵਿਚਾਲੇ ਪੁੱਲ ਦਾ ਕੰਮ ਕਰਨਾ ਪੈਂਦਾ ਸੀ। ਭਾਰਤ ਵਿੱਚ ਮਹਿੰਦੀ ਦਾ ਆਗਾਜ਼ 12ਵੀਂ ਸਦੀ ਵਿੱਚ ਮੁਗਲ ਸਲਤਨਤ ਤੋਂ ਸ਼ੂਰੁ ਹੋਇਆ ਮੰਨਿਆ ਜਾਂਦਾ ਹੈ। ਹਿੰਦੂ ਮੱਤ ਵਿੱਚ ਮਹਿੰਦੀ ਦੀ ਚਰਚਾ ਕਾਫੀ ਲੰਬੀ ਹੈ। ਅੋਰਤ ਦੇ ਸ਼ਿੰਗਾਰ ਨੂੰ ਸਸਤੇ ਤਰੀਕੇ ਨਾਲ ਵਧਾਉਂਦੀ ਮਹਿੰਦੀ ਪੰਜਾਬੀ ਸੱਭਿਆਚਾਰ ਨਾਲ ਅੱਜ ਵੀ ਆਪਣੀ ਸਾਂਝ ਨੂੰ ਪਕੇਰੀ ਕਰਦੀ ਹੈ। ਮਹਿੰਦੀ ਦੀ ਰਸਮ ਤੋਂ ਬਿਨ੍ਹਾ ਵਿਆਹ ਅਧੂਰਾ ਲੱਗਦਾ ਹੈ। ਲਾੜਾ ਆਪਣੀ ਹਥੇਲੀ ਅਤੇ ਲਾੜੀ ਆਪਣੀ ਹਥੇਲੀ ਤੇ ਇੱਕ ਦੂਜੇ ਦਾ ਨਾਮ ਮਹਿੰਦੀ ਨਾਲ ਲਿਖ ਲੈਂਦੇ ਹਨ। ਇਸ ਨਾਲ ਦੋ ਰੂਹਾਂ ਇੱਕ ਜਿਸਮ ਦੀ ਮਹਿਸੁਸਤਾ ਪ੍ਰਗਟ ਹੁੰਦੀ ਹੈ।
ਮਹਿੰਦੀ ਦਾ ਰੰਗ ਜਿੰਨਾਂ ਗੂੜ੍ਹਾ ਚੜ੍ਹਦਾ ਹੈ, ਉਂਨੀ ਹੀ ਨੂੰਹ ਪਤੀ ਅਤੇ ਸੱਸ ਦੀ ਪਿਆਰੀ ਬਣਦੀ ਹੈ। ਇਸ ਤਰਜ਼ ਤੇ ਰੰਗ ਗੂੜ੍ਹਾ ਕਰਨ ਦਾ ਮਿਲਾਵਟੀ ਢਾਂਚਾ ਵੀ ਚਲਿਆ, ਜਿਸ ਸਦਕੇ ਰਿਸਤਿਆਂ ਵਿੱਚ ਖਟਾਸ ਵੀ ਆਈ। ਮਹਿੰਦੀ ਇੱਕ ਆਯੂਰਵੈਦਿਕ ਦਵਾਈ ਵੀ ਹੈ। ਇਸ ਨੂੰ ਸਿਰ ਅਤੇ ਪੈਰਾਂ ਦੀਆਂ ਤਲੀਆਂ ਤੇ ਲਗਾਇਆ ਜਾਂਦਾ ਹੈ। ਮਹਿੰਦੀ ਦੇ ਨਵੇਂ ਰੂਪਾਂ ਨੇ ਦਿੱਖ ਤਾਂ ਵਧਾਈ ਹੈ, ਪਰ ਅਸਲੀ ਰੱਸ ਗਾਇਬ ਹੈ। ਮਹਿੰਦੀ ਰੰਗੀ ਪੱਗ ਮਹਿੰਦੀ ਦਾ ਸੂਟ ਮਹਿੰਦੀ ਨੂੰ ਪਹਿਰਾਵੇ ਦੀ ਦਿੱਖ ਵੀ ਦਿੰਦਾ ਹੈ।
ਪ੍ਰੇਮ, ਸੱਭਿਆਚਾਰਕ ਵੰਨਗੀ, ਸ਼ਿੰਗਾਰ ਅਤੇ ਰਿਵਾਜ਼ ਦਾ ਸੁਨਹਿਰੀ ਪੰਨਾ ਛਾਪਦੀ ਮਹਿੰਦੀ ਅੱਜ ਵੀ ਪੂਰੇ ਜ਼ੋਬਨ ਤੇ ਹੈ। ਵਿਆਹ ਵਾਲੇ ਦਿਨਾਂ ਵਿੱਚ ਪਰਿਵਾਰ ਦੀਆਂ ਕੁੜੀਆਂ ਅਤੇ ਅੋਰਤਾਂ ਨੂੰ ਰੂੜ੍ਹੀਵਾਦੀ ਸੁਭਾਅ ਛਿੱਕੇ ਟੰਗ ਕੇ ਮਹਿੰਦੀ ਲਾਉਣ ਦੀ ਖੁੱਲ ਹੁੰਦੀ ਹੈ। ਵਿਆਹ ਵਾਲੀ ਧੀ ਮਹਿੰਦੀ ਨਾਲ ਸ਼ਗਨਾ ਦਾ ਸੁਨੇਹਾ ਇਉਂ ਦਿੰਦੀ ਹੈ:-
ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ,
ਮਹਿੰਦੀ ਬਾਗ ਵਿੱਚ ਰਹਿੰਦੀ,
ਘੋਟ-ਘੋਟ ਮੈਂ ਹੱਥਾਂ ਤੇ ਲਾਵਾਂ,
ਬੱਤੀਆਂ ਬਣ-ਬਣ ਲਹਿੰਦੀ,
ਬੋਲ ਸ਼ਰੀਕਾ ਦੇ ਮੈਂ ਨਾ ਬਾਬਲਾ ਸਹਿੰਦੀ
ਜਦੋਂ ਤੱਕ ਮਹਿੰਦੀ ਦਾ ਰੰਗ ਕਾਇਮ ਰਹੇਗਾ ਉਦੋਂ ਤੱਕ ਸੱਭਿਆਚਾਰ ਅਤੇ ਹਾਰ ਸ਼ਿੰਗਾਰ ਦੀ ਮਹਿਕ ਨੂੰ ਰੂਪਮਾਨ ਕਰਦੀ ਹੀ ਰਹੇਗੀ। ਧੀ ਦੇ ਸਮਾਜੀਕਰਨ, ਸੱਭਿਆਚਾਰ ਅਤੇ ਪਰਿਵਾਰਕ ਗੂੜ੍ਹਤੀ ਵਿੱਚ ਮਹਿੰਦੀ ਇੱਕ ਰੀਤ ਵਜੋਂ ਰਹਿਣੀ ਚਾਹੀਦੀ ਹੈ। ਇਸ ਨਾਲ ਸਾਡੀਆਂ ਰਸਮਾਂ, ਰਿਵਾਜਾਂ ਅਤੇ ਸੱਭਿਆਚਾਰ ਵਿੱਚ ਮਿਲਾਵਟ ਹੋਣੋਂ ਰੁੱਕ ਜਾਵੇਗੀ। ਮਹਿੰਦੀ ਦੀ ਖੁਸ਼ਬੂ ਆਉਂਦੀ ਰਹੇਗੀ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ

Check Also

ਰੰਗਾਂ ਦਾ ਇਨਸਾਨਾਂ ਉੱਤੇ ਪ੍ਰਭਾਵ

‘ਜ਼ਿੰਦਗੀ ਇੱਕ ਸਤਰੰਗੀ ਪੀਂਘ ਹੈ ਜਿਸ ਦੇ ਸਾਰੇ ਰੰਗ ਮਾਨਣ ਲਈ ਧੁੱਪ ਅਤੇ ਮੀਂਹ ਦੋਵੇਂ …