ਹਰਜੀਤ ਬੇਦੀ
ਜ਼ਮਾਨੇ ਨੇ ਬਹੁਤ ਤਰੱਕੀ ਕਰ ਲਈ ਹੈ । ਵਿੱਦਿਆ ਦਾ ਫੈਲਾਅ, ਨਵੀਆਂ ਕਾਢਾਂ, ਜੀਵਣ ਦੇ ਨਵੇਂ ਤੌਰ ਤਰੀਕੇ, ਗੱਲ ਕੀ ਨਵੀਆਂ ਗੁੱਡੀਆਂ ਨਵੇਂ ਪਟੋਲੇ। ਜੇ ਇਸ ਨਵੀਨਤਾ ਨੁੰ ਅੰਦਰੋਂ ਫਰੋਲਿਆ ਜਾਵੇ ਤਾਂ ਲੀਰਾਂ ਦੀ ਖਿੱਦੋ ਵਾਲੀ ਹਾਲਤ ਹੈ। ਉੱਪਰੋਂ ਪਿੜੀਆਂ ਬੜੇ ਸਲੀਕੇ ਨਾਲ ਚਿਣੀਆਂ ਜਾਪਦੀਆਂ ਹਨ ਪਰ ਅੰਦਰਲਾ ਬਾਹਰ ਆਉਣ ਤੇ ਚਿੱਤ ਘਾਊਂ ਮਾਊਂ ਹੋਣ ਲਗਦਾ ਹੈ। ਉੱਤੋਂ ਹੋਰ ਤੇ ਵਿੱਚੋਂ ਹੋਰ ਵਾਲੀ ਗੱਲ ਬਾਵ੍ਹੜ ਕੇ ਸਾਡੇ ਸਨਮੁੱਖ ਆਣ ਖਲੋਂਦੀ ਹੈ । ਮਨੁੱਖ ਸਰਪਟ ਦੌੜਦਾ ਜਾ ਰਿਹਾ ਹੈ ਅਤੇ ਸਾਹ ਚੜ੍ਹੇ ਤੋਂ ਸਾਫ ਸਪਸ਼ਟ ਕੁੱਝ ਦਿਖਾਈ ਨਹੀਂ ਦੇ ਰਿਹਾ । ਜੀਵਣ ਦੇ ਹਰ ਖੇਤਰ ਵਿੱਚ ਭੰਵਲਭੂਸਾ ਹੈ । ਇਨ੍ਹਾ ਗੱਲਾਂ ਦਾ ਅਸਰ ਸਾਰੇ ਪਾਸੇ ਸਾਫ ਦਿਖਾਈ ਦੇ ਰਿਹਾ ਹੈ ।
ਮਨੁੱਖ ਨੇ ਚੰਦ ਉੱਤੇ ਆਪਣੇ ਪੈਰ ਟਿਕਾਅ ਦਿੱਤੇ ਨੇ ਅਤੇ ਉਸ ਨਾਲ ਸਾਂਝ ਬਣਾ ਲਈ ਹੈ । ਪਰ ਉਹ ਆਪਣੇ ਗੁਆਢੀਆਂ ਤੋਂ ਬੇ-ਖਬਰ ਹੁੰਦਾ ਜਾ ਰਿਹਾ ਹੈ। ਬਿੱਲਕੁੱਲ ਹੀ ਨਜ਼ਦੀਕ ਰਹਿ ਰਹੇ ਮਨੁੱਖਾਂ ਨਾਲ ਸਾਂਝ ਖਤਮ ਹੁੰਦੀ ਜਾ ਰਹੀ ਹੈ । ਸਾਂਝ ਤਾਂ ਕਿੱਥੋਂ ਰਹਿਣੀ ਸੀ ਹਾਲਤ ਤਾਂ ਇੱਥੋਂ ਤੱਕ ਪਹੁੰਚ ਰਹੇ ਹਨ ਕਿ ਹੁਣ ਤਾਂ ਇਹ ਵੀ ਪਤਾ ਨਹੀਂ ਹੁੰਦਾ ਕਿ ਗੁਆਂਢ ਵਿੱਚ ਰਹਿ ਕੌਣ ਰਿਹਾ ਹੈ। ਹਮਸਾਇਆ ਮਾਂ ਪਿਉ ਜਾਇਆ ਤਾਂ ਬੀਤੇ ਦੀ ਗੱਲ ਹੀ ਬਣ ਕੇ ਰਹਿ ਜਾਵੇਗੀ । ਮਨੁੱਖੀ ਸਾਂਝ ਉੱਡ ਪੁੱਡ ਜਾ ਰਹੀ ਨਜ਼ਰ ਆਉਂਦੀ ਹੈ ।
ਪਰਿਵਾਰਾਂ ਦੀਆਂ ਆਮਦਨਾਂ ਬੇਸ਼ੱਕ ਵਧ ਰਹੀਆਂ ਹਨ । ਪਰ ਮਾਨਸਿਕ ਸਾਂਤੀ ਉਡੰਤਰ ਹੁੰਦੀ ਜਾ ਰਹੀ ਹੈ। ਮਾਨਸਕ ਉਲਝਣਾਂ ਵਿੱਚ ਵਾਧਾ ਹੋਣਾ ਫਿਕਰ ਵਾਲੀ ਗੱਲ ਹੈ । ਪਰਵਾਰਾਂ ਵਿੱਚ ਖੁਸ਼ਹਾਲੀ ਦੇ ਬਾਵਜੂਦ ਖਿੱਚੋਤਾਣ ਵਧ ਰਹੀ ਹੈ। ਘਰੇਲੂ ਕਲੇਸ਼, ਪਰਿਵਾਰਾਂ ਦਾ ਟੁੱਟਣਾ, ਇੱਕ ਦੂਜੇ ਪ੍ਰਤੀ ਸਨੇਹ ਦੀ ਘਾਟ, ਅਪਣੱਤ ਨਾ ਹੋਣਾ ਆਮ ਹੋ ਗਿਆ ਹੈ । ਆਪਣੇ ਆਪ ਵਿੱਚ ਮਸਤ ਪਰਿਵਾਰਕ ਮੈਂਬਰਾਂ ਦਾ ਇੱਕੋ ਘਰ ਵਿੱਚ ਰਹਿੰਦੇ ਹੋਏ ਕਈ ਕਈ ਦਿਨ ਇੱਕ ਦੂਜੇ ਨਾਲ ਜ਼ੁਬਾਨ ਸਾਂਝੀ ਨਾ ਕਰਨਾ ਬਦਲੀ ਹੋਈ ਮਾਨਸਿਕਤਾ ਦੀ ਨਿਸ਼ਾਨੀ ਹੈ । ”ਪਹਿਲਾਂ ਵਾਲੀ ਗੱਲ ਨਾ ਰਹੀ” ਅਨੁਸਾਰ ਆਪਸੀ ਸਾਂਝ ਨੁੰ ਗ੍ਰਹਿਣ ਲੱਗਿਆ ਜਾਪਦਾ ਹੈ। ਘਰਾਂ ਵਿੱਚ ਖਾਣ ਪੀਣ ਦੀਆਂ ਚੀਜਾਂ ਦੀ ਬਹੁਲਤਾ ਹੋਣ ਦੇ ਬਾਵਜੂਦ ਨੀਤਾਂ ਮਾੜੀਆਂ ਹੋ ਰਹੀਆਂ ਹਨ । ਹਰ ਪਾਸੇ ਨਿੱਜਤਾ ਭਾਰੂ ਹੈ । ਪਹਿਲਾਂ ਵਾਂਗੂ ਪਾਲੋ ਪਾਲ ਮੰਜੇ ਡਾਹ ਕੇ ਸੌਣ ਵੇਲੇ ਪਰਿਵਾਰਕ ਗੱਲਾਂ ਕਰਨੀਆਂ ਬੀਤੇ ਦੀ ਗੱਲ ਹੈ । ਹੁਣ ਤਾਂ ਆਪਣੋ ਆਪਣੇ ਬੈੱਡਰੂਮਾਂ ਚ ਵੜ ਕੇ ਡੋਰ ਬੰਦ ਕਰ ਕੇ ਸੌਣ ਦਾ ਰਿਵਾਜ ਹੈ । ਕੋਈ ਕਿਸੇ ਨੂੰ ਬੌਦਰ ਨਹੀਂ ਕਰਦਾ ਮਤਲਬ ਆਪਸੀ ਗੱਲਬਾਤ ਵੀ ਕਰਨਾ ਇੱਕ ਦੂਜੇ ਨੁੰ ਬੌਦਰ ਕਰਨਾ ਹੋ ਗਿਆ ਹੈ ।
ਗਿਆਨ ਦਾ ਪਸਾਰਾ ਹੋਣ ਦੇ ਬਾਵਜੂਦ ਸਿਆਣਪ ਘਟਦੀ ਜਾ ਰਹੀ ਹੈ । ਸਿਆਣਪ ਦੇ ਤਾਂ ਅਰਥ ਹੀ ਬਦਲ ਗਏ ਜਾਪਦੇ ਹਨ । ਹੁਣ ਓਹੀ ਸਿਆਣਾ ਜੋ ਨਿੱਜ ਨੂੰ ਪਹਿਲ ਦੇਵੇ । ਆਪਣਾ ਮਤਲਬ ਕੱਢਣਾ ਤੇ ਫਿਰ ਤੂੰ ਕੌਣ ਤੇ ਮੈਂ ਕੌਣ ? ਦੋ ਨੰਬਰ ਦੇ ਧੰਦੇ ਕਰ ਕੇ ਧਨ ਕਮਾਉਣ ਨੂੰ ਸਿਆਣਪ ਸਮਝਿਆ ਜਾਣ ਲੱਗ ਪਿਆ ਹੈ। ਹੇਰਾ- ਫੇਰੀ ਨੂੰ ਕਲਾਕਾਰੀ ਕਹਿ ਕੇ ਨਿਵਾਜਿਆ ਜਾ ਰਿਹਾ ਹੈ । ਸਿਆਣਪ ਵਰਤ ਕੇ ਸਮਾਜ ਨੂੰ ਹੋਰ ਚੰਗੇਰਾ ਬਣਾਉਣ ਦੀ ਥਾਂ ਤਿਕੜਮਬਾਜੀ ਨੇ ਲੈ ਲਈ ਹੈ । ਸਿਆਣਪ ਦੀ ਕੋਈ ਪ੍ਰੀਭਾਸ਼ਾ ਨਹੀਂ ਰਹੀ,ਦੁਨੀਆ ਦਾ ਹਰ ਬੰਦਾ ਆਪਣੇ ਆਪ ਨੂੰ ਸਭ ਤੋਂ ਸਿਆਣਾ ਮਨੁੱਖ ਸਮਝਦਾ ਹੈ । ਜੇ ਕੋਈ ਆਪਣਾ ਹਿੱਤ ਮੂਹਰੇ ਰੱਖਣ ਦੀ ਥਾਂ ਤੇ ਸਮਾਜ ਦੇ ਭਲੇ ਲਈ ਕੋਈ ਸਿਆਣੀ ਗੱਲ ਕਰਦਾ ਹੈ ਤਾਂ ਉਸਨੂੰ ਸਗੋਂ ਮੂਰਖ ਸਮਝਿਆ ਜਾਂਦਾ ਹੈ । ਇਹਨਾਂ ਗੱਲਾਂ ਕਰ ਕੇ ਸਮਾਜ ਦਾ ਤਾਣਾ-ਬਾਣਾ ਉਲਝ ਰਿਹਾ ਹੈ । ਰਹਿੰਦੀ ਖੂੰਹਦੀ ਕਸਰ ਸਾਡੇ ਸਿਆਸਤਦਾਨ ਕੱਢ ਰਹੇ ਹਨ । ਉਹ ਰਹਿਬਰ ਬਣਨ ਦੀ ਥਾਂ ਤੇ ਠੱਗਾਂ ਦੇ ਟੋਲੇ ਬਣਦੇ ਜਾ ਰਹੇ ਹਨ। ਲੋਕਾਂ ਨੂੰ ਆਪਣੇ ਪਿੱਛੇ ਲਾਉਣ ਨੂੰ ਆਪਣੀ ਸਿਆਣਪ ਸਮਝਦੇ ਹਨ ਜਦੋਂ ਕਿ ਉਹ ਨਿਰੋਲ ਚੁਸਤੀ, ਚਲਾਕੀ ਅਤੇ ਮੱਕਾਰੀ ਹੁੰਦੀ ਹੈ । ਕਹਿਣ ਨੂੰ ਤਾਂ ਦੁਨੀਆਂ ਵਿੱਚ ਮਨੁੱਖਾਂ ਦੀ ਗਿਣਤੀ ਵਧ ਰਹੀ ਹੈ ਪਰ ਮਨੁੱਖਾਂ ਦੀ ਗਿਣਤੀ ਦੇ ਵਾਧੇ ਦੀ ਅਨੁਪਾਤ ਦੀ ਦਰ ਨਾਲ ਹੀ ਮਨੁੱਖਤਾ ਘਟ ਰਹੀ ਹੈ । ਮਨੁੱਖ ਦਿਨੋਂ ਦਿਨ ਨਿੱਜਵਾਦੀ ਹੋ ਰਿਹਾ ਹੈ । ਉਸ ਨੂੰ ਆਪਣੇ ਆਪ ਤੋਂ ਬਿਨਾਂ ਕੁੱਝ ਹੋਰ ਦਿਖਾਈ ਦੇਣੋਂ ਹਟਦਾ ਜਾ ਰਿਹਾ ਹੈ। ਮਸੀਨਾਂ ਤੇ ਕੰਮ ਕਰ ਕੇ ਬੰਦਾ, ਬੰਦਾ ਨਾ ਰਹਿ ਕੇ ਮਸ਼ੀਨ ਹੀ ਬਣਦਾ ਜਾ ਰਿਹਾ ਹੈ । ਨਿਜੀ ਆਜ਼ਾਦੀ ਦੇ ਸੌੜੇ ਸੰਕਲਪ ਨੇ ਮਨੁੱਖ ਨੂੰ ਮਨੁੱਖ ਨਾਲੋਂ ਲੱਗਭੱਗ ਤੋੜ ਹੀ ਦਿੱਤਾ ਹੈ । ਹਰੇਕ ਬੰਦੇ ਦੀ ਇਹੀ ਚਾਹਣਾਂ ਹੈ ਕਿ ਮੇਰੀ ਨਿੱਜੀ ਆਜਾਦੀ ਕਾਇਮ ਰਹਿਣੀ ਚਾਹੀਦੀ ਹੈ ਦੂਜੇ ਭਾਵੇਂ ਢੱਠੇ ਖੂਹ ਚ ਪੈਣ । ਤ੍ਰਾਸਦੀ ਇਹ ਕਿ ਨਿਜੀ ਆਜ਼ਾਦੀ ਦੇ ਗਲਤ ਅਰਥ ਲਏ ਜਾ ਰਹੇ ਹਨ ਤੇ ਇਸ ਕਰ ਕੇ ਆਪਣੇ ਆਪ ਨਾਲ ਵੀ ਇਨਸਾਫ ਨਹੀਂ ਹੋ ਰਿਹਾ । ਜੇ ਗਲਤ ਧਾਰਨਾਵਾਂ ਮਨ ਵਿੱਚ ਬਿਠਾ ਕੇ ਮਨੁੱਖ ਆਪਣੇ ਆਪ ਨਾਲ ਵੀ ਬੇਇਨਸਾਫੀ ਕਰਨ ਤੇ ਤੁਲਿਆ ਹੋਇਆ ਹੈ ਤਾਂ ਉਸ ਤੋਂ ਦੂਜਿਆਂ ਨਾਲ ਇਨਸਾਫ ਦੀ ਆਸ ਕਿੱਥੋਂ ਰੱਖੀ ਜਾ ਸਕਦੀ ਹੈ। ਮਨੁੱਖਤਾ ਦਾ ਘਾਣ ਤਾਂ ਹੋਣਾ ਹੀ ਹੋਇਆ । ਸਹਿਹੋਂਦ ਅਤੇ ਸ਼ਹਿਣਸ਼ੀਲਤਾ ਬੰਦੇ ਦੇ ਸੁਭਾਅ ਵਿੱਚੋਂ ਖਤਮ ਹੋ ਰਹੀਆਂ ਹਨ । ਇਹਨਾਂ ਦੋਹਾਂ ਗੁਣਾਂ ਤੋਂ ਸੱਖਣੇ ਬੰਦਿਆਂ ਤੋਂ ਚੰਗੇ ਸਮਾਜ ਦੀ ਸਿਰਜਣਾ ਦੀ ਉੱਕਾ ਹੀ ਆਸ ਨਹੀਂ ਹੋ ਸਕਦੀ ।
ਅੱਜ ਫੇਸ-ਬੁੱਕ ਤੇ ਸਾਡੇ ਮਿੱਤਰਾਂ ਦੀ ਗਿਣਤੀ ਬੇਸ਼ੁਮਾਰ ਹੋ ਸਕਦੀ ਹੈ। ਪਰ ”ਬੈਸਟ ਫਰੈਂਡਜ” ਦਾ ਕਾਲ ਪੈਂਦਾ ਜਾ ਰਿਹਾ ਹੈ । ਮਿੱਤਰ ਹੀ ਮਿੱਤਰ, ਪਰ ਪੱਕਾ ਮਿੱਤਰ ਕੋਈ ਨਹੀਂ। ਉੰਝ ਤਾਂ ਸਾਡੇ ਕੋਲ ਸਮਾਂ ਨਹੀਂ ਪਰ ਸਮਾਂ ਲੰਘਾਉਣ ਲਈ ਲੰਬਾ ਸਮਾਂ ਫੇਸ-ਬੁੱਕ ਖੋਲ੍ਹ ਕੇ ਬੈਠੇ ਰਹਿੰਦੇ ਹਾਂ । ਫੇਸ-ਬੁੱਕ ਖੋਲ੍ਹਣ ਸਾਰ ਨਵੀਆਂ ਪੋਸਟਾਂ ਤੇ ਕਲਿੱਕ ਕਰਕੇ ‘ਲਾਈਕ’ ਕਰਦੇ ਹਾਂ ਪਰ ਬਹੁਤੀ ਵਾਰ ਪੜ੍ਹੇ ਤੋਂ ਬਿਨਾਂ ਹੀ । ਜਿਹੜੀਆਂ ਪੋਸਟਾਂ ਵਿੱਚ ਸਿਰਫ ਹਰ ਰੋਜ ਆਪਣੀਆਂ ਨਵੀਆਂ ਫੋਟੋ ਹੀ ਪਾਈਆਂ ਹੁੰਦੀਆਂ ਹਨ । ‘ਲਾਈਕ’ ਦੀ ਗਿਣਤੀ ਉਹਨਾਂ ਤੇ ਵਧੇਰੇ ਤੇ ਕੁੰਮੈਂਟਸ ਵੀ ਵਧੇਰੇ ਤੇ ਹਾਸੋ ਹੀਣੇ ‘ਬਹੁਤ ਸੁੰਦਰ’, ‘ਘੈਂਟ’, ‘ਅੱਤ ਕਰਤੀ’ , ‘ਸਿਰਾ ਕਰਤਾ’, ‘ਸੁਹਣੇ’। ਝੂਠੀ-ਮੂਠੀ ਫੂਕ ਛਕਾਉਣ ਵਾਲੇ ਵੀ ਖੁਸ਼ ਤੇ ਛਕਣ ਵਾਲਾ ਵੀ ਖੁਸ਼ । ਦੂਜਿਆਂ ਕੋਲ ਸ਼ੇਖੀਆਂ ਮਾਰਣਗੇ, ਮੇਰੀ ਪੋਸਟ ਨੂੰ ਐਨੇ ”ਲਾਈਕ” ਮਿਲੇ ਨੇ। ਆਮ ਤੌਰ ਤੇ ਜਿੰਨ੍ਹਾ ਨੇ ਕੋਈ ਸਾਰਥਕ ਪੋਸਟਾਂ ਪਾਈਆਂ ਹੁੰਦੀਆਂ ਹਨ । ਉਨ੍ਹਾਂ ਨੂੰ ਪਤਾ ਨੀ ਪੜ੍ਹਨਾ ਪੈਂਦਾ ਕਰਕੇ ਬਹੁਤ ਘੱਟ ਗਿਣਤੀ ਵਿੱਚ ‘ਲਾਈਕ’ ਮਿਲਦੇ ਹਨ । ਫੇਸ-ਬੁੱਕ ਨੇ ਭੇਡ-ਚਾਲ ਦਾ ਰੂਪ ਧਾਰਨ ਕਰ ਲਿਆ ਹੈ। ਫੇਸ-ਬੁੱਕ ਫੈਸ਼ਨ ਬੁੱਕ ਹੈ ਬੱਸ । ਬਹੁਤ ਘੱਟ ਲੋਕ ਹਨ ਜੋ ਇਸ ਦੀ ਸਹੀ ਵਰਤੋਂ ਕਰਦੇ ਹਨ । ਬਹੁਤੀਆਂ ਹਾਲਤਾਂ ਵਿੱਚ ਤਾਂ-
ਕੰਪਿਊਟਰ ਦੇ ਨਾਲ ਪਾ ਲਈ ਜਿਸ ਬੰਦੇ ਨੇ ਦੋਸਤੀ,
ਮਿੱਤਰ ਜਿਉਂਦਾ ਜਾਗਦਾ ਸਮਝੋ ਉਸ ਲਈ ਮਰ ਗਿਆ।
ਕੋਈ ਕਿਵੇਂ ਸਮਝ ਲਊ ਫੇਸ-ਬੁੱਕ ਦੇ ਮਿੱਤਰਾਂ ਨੂੰ,
ਮਿੱਤਰ ਫੇਸ-ਬੁੱਕ ਦਾ ਏਸੇ ਲਈ ਠੱਗੀ ਕਰ ਗਿਆ ।
ਫੇਸ-ਬੁੱਕ, ਵੱਟਸ-ਅੱਪ, ਫੋਨ ਅਤੇ ਹੋਰ ਟੈਕਨੋਲੋਜੀ ਦੀ ਬਹੁਤ ਜਿਆਦਾ ਦੁਰਵਰਤੋਂ ਹੋ ਰਹੀ ਹੈ ।
ਆਮ ਘਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਘਰ ਦੇ ਜੀਅ ਘਰੇ ਹੋਣ ਦੇ ਬਾਵਜੂਦ ਵੀ ਇੱਕ ਦੂਜੇ ਲਈ ਘਰੇ ਨਹੀਂ ਹੁੰਦੇ । ਇੱਕ ਦੂਜੇ ਤੋਂ ਬੇ-ਖਬਰ ਆਪੋ ਆਪਣੇ ਕੰਪਿਊਟਰ ਤੇ ਫੇਸ-ਬੁੱਕ , ਵੱਟਸ-ਅੱਪ, ਈ-ਮੇਲ ਜਾਂ ਕਿਸੇ ਹੋਰ ਅਜਿਹੇ ਕੰਮ ਵਿੱਚ ਉਲਝੇ ਹੁੰਦੇ ਹਨ ।
ਅੱਜ ਦਾ ਸਾਡਾ ਜੀਣਾ ਅਸਲ ਘੱਟ ਤੇ ਨਕਲ ਵੱਧ ਬਣਦਾ ਜਾ ਰਿਹਾ ਹੈ । ਬੱਸ ਸਭ ਕੁੱਝ ਪੇਤਲਾ, ਪੇਤਲਾ ਸਭ ਕੁੱਝ ਓਪਰਾ ਓਪਰਾ, ਯਥਾਰਥ ਤੋਂ ਕੋਹਾਂ ਦੂਰ। ਇਹ ਸਮਾਂ ਸਾਨੂੰ ਬੇਸ਼ੁਮਾਰ ਨਵੀਆਂ ਨਵੀਂਆਂ ਚੀਜਾਂ ਦੇ ਰਿਹਾ ਹੈ । ਬਹੁਤ ਸਾਰੀਆਂ ਸਹੁਲਤਾਂ ਸਾਡੇ ਲਈ ਹਨ ਪਰ ਮਾਨਸਿਕ ਤਸੱਲੀ ਨਹੀਂ। ਇਹ ਸਾਡੇ ਸਮੇਂ ਦੀ ਸਚਾਈ ਹੈ।
647-924-9087
Check Also
Dayanand Medical College & Hospital Ludhiana,Punjab,India
DMCH Infertility & IVF Unit IVF with self and donor oocytes ICSI and …