ਹੁਣ ਕੈਨੇਡਾ ‘ਚ ਹਰ ਵਾਰ ਦੋ ਸਾਲ ਲਈ ਰੁਕਿਆ ਜਾ ਸਕੇਗਾ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਸਰਕਾਰ ਦਾ ਦਾਅਵਾ ਹੈ ਕਿ ਦੇਸ਼ ਦੇ ਇਮੀਗ੍ਰੇਸ਼ਨ ਸਿਸਟਮ ਦਾ ਮੁੱਖ ਮਕਸਦ ਪਰਿਵਾਰਾਂ ਨੂੰ ਇਕੱਠੇ ਰੱਖਣਾ ਹੈ। ਲੰਘੇ ਕੁਝ ਸਮੇਂ ਤੋਂ ਕੈਨੇਡਾ ਦੀ ਆਰਥਿਕਤਾ ਅਤੇ ਰੋਜ਼ਗਾਰ ਮਾਰਕੀਟ ਦੀਆਂ ਲੋੜਾਂ ਅਨੁਸਾਰ ਸਰਕਾਰ ਵਲੋਂ ਇਮੀਗ੍ਰੇਸ਼ਨ ਕਾਨੂੰਨਾਂ ਵਿਚ ਬਦਲਾਅ ਕੀਤੇ ਜਾਂਦੇ ਰਹੇ ਹਨ। ਕੈਨੇਡੀਅਨ ਨਾਗਰਿਕ ਤੇ ਪੱਕੇ ਰਿਹਾਇਸ਼ੀ ਨੂੰ ਆਪਣੇ ਮਾਪੇ/ ਦਾਦਕੇ/ ਨਾਨਕੇ ਸਪਾਂਸਰ ਕਰਕੇ ਕੈਨੇਡਾ ਬੁਲਾਉਣ ਦੇ ਰਾਹ ਵਿਚ ਕਈ ਕਾਨੂੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਸੁਪਰ ਵੀਜ਼ਾ ਭਾਵ ਪੀ.ਜੀ. (ਪੇਰੇਂਟਸ/ਗਰੈਂਡ ਪੇਰੇਂਟਸ) ਵੀਜ਼ਾ ਮਿਲਣ ਤੋਂ ਬਾਅਦ ਲੋਕਾਂ ਵਿਚ ਖੁਸ਼ੀ ਹੈ, ਪਰ ਇਸ ਬਾਰੇ ਗਲਤ ਧਾਰਨਾ ਰਹੀ ਕਿ 10 ਸਾਲਾਂ ਤੱਕ ਪੇਰੇਂਟਸ/ਗਰੈਂਡ ਪੇਰੇਂਟਸ ਹਰ ਵਾਰ ਕੈਨੇਡਾ ਵਿਚ ਜਾ ਕੇ ਦੋ ਸਾਲ ਰਹਿ ਸਕਦੇ ਹਨ, ਜਦਕਿ ਸਚਾਈ ਇਹ ਸੀ ਕਿ ਪੀ.ਜੀ. (ਸੁਪਰ) ਵੀਜ਼ੇ ਨਾਲ ਕੈਨੇਡਾ ਵਿਚ ਸਿਰਫ਼ ਪਹਿਲੀ ਵਾਰੀ ਦਾਖ਼ਲ ਹੋ ਕੇ ਦੋ ਸਾਲ ਰਿਹਾ ਜਾ ਸਕਦਾ ਸੀ। ਪੀ.ਜੀ. ਵੀਜ਼ਾ ਮਿਲਣ ਤੋਂ ਬਾਅਦ ਜਦ ਪਹਿਲੀ ਵਾਰੀ ਕੈਨੇਡਾ ਜਾਣ ‘ਤੇ ਦੋ ਸਾਲ ਦੀ ਐਂਟਰੀ ਬਿਨਾਂ ਕਿਸੇ ਮੁਸ਼ਕਿਲ ਤੋਂ (ਜੇਕਰ ਬੀਮੇ ਦੇ ਪੇਪਰ ਹੋਣ ਤਾਂ) ਮਿਲਦੀ ਰਹੀ। ਪਹਿਲੀ ਵਾਰੀ ਦੋ ਸਾਲਾਂ ਦੇ ਦਾਖ਼ਲੇ ਵਾਲੀ ਮੋਹਰ ਲੱਗਣ ਤੋਂ ਬਾਅਦ ਪੀ.ਜੀ. (ਸੁਪਰ) ਵੀਜ਼ਾ ਆਮ ਵਿਜ਼ਟਰ ਵੀਜ਼ਾ ਬਣ ਜਾਂਦਾ ਸੀ। ਅਗਲੀ ਵਾਰੀ ਉਸੇ ਪੀ.ਜੀ. ਵੀਜ਼ੇ ਨਾਲ ਵਿਜ਼ਟਰ ਵਜੋਂ ਵੱਧ ਤੋਂ ਵੱਧ ਛੇ ਮਹੀਨਿਆਂ ਦੀ ਐਂਟਰੀ ਮਿਲਣਾ ਸੰਭਵ ਸੀ। ਹੁਣ ਸਰਕਾਰ ਵਲੋਂ ਸੁਪਰ ਵੀਜ਼ਾ ਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। 17 ਜੁਲਾਈ 2018 ਨੂੰ ਕੈਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਜਿਸ ਵਿਚ ਸੁਪਰ ਵੀਜ਼ਾ ਧਾਰਕਾਂ ਵਾਸਤੇ ਕੈਨੇਡਾ ਦੇ ਦਰਵਾਜ਼ੇ ਪੂਰੀ ਤਰ੍ਹਾਂ ਖੋਲ੍ਹਣ ਦਾ ਜ਼ਿਕਰ ਹੈ। ਉਸ ਤਹਿਤ ਪੇਰੇਂਟਸ/ਗਰੈਂਡ ਪੇਰੇਂਟਸ (ਸੁਪਰ ਵੀਜ਼ਾ ਧਾਰਕ) ਦੀ ਹਰ ਦਾਖਲਾ ਦੋ ਸਾਲ ਦਾ ਹੋਵੇਗਾ। ਇਹ ਵੀ ਕਿ ਦੋ ਸਾਲਾਂ ਬਾਅਦ ਜਿਹੜੇ ਭਾਰਤ ਵਾਪਸ ਨਹੀਂ ਜਾਣਾ ਚਾਹੁੰਦੇ, ਉਨ੍ਹਾਂ ਲਈ ਭਾਰਤ ਮੁੜਨਾ ਜ਼ਰੂਰੀ ਨਹੀਂ ਹੈ। ਜਿਨ੍ਹਾਂ ਕੋਲ ਅਮਰੀਕਾ ਜਾਂ ਕਿਸੇ ਵੀ ਹੋਰ ਦੇਸ਼ ਦਾ ਵੀਜ਼ਾ ਹੋਵੇ ਤਾਂ ਉਹ ਉੱਥੇ ਜਾ ਕੇ ਵਾਪਸੀ ਸਮੇਂ ਕੈਨੇਡਾ ਦੀ ਦੋ ਸਾਲਾਂ ਵਾਸਤੇ ਨਵੀਂ ਐਂਟਰੀ ਲੈ ਸਕਣਗੇ। ਹੁਣ ਨਵੀਂ ਸੋਧ ਇਹ ਵੀ ਹੈ ਕਿ ਦਾਖ਼ਲੇ ਵਾਲੀ ਮੋਹਰ ‘ਤੇ ਅਫ਼ਸਰ ਵਲੋਂ ਦੋ ਸਾਲ ਦਾ ਸਮਾਂ ਲਿਖਿਆ ਹੋਣਾ ਜ਼ਰੂਰੀ ਨਹੀਂ। ਸਾਧਾਰਨ ਮੋਹਰ ਦਾ ਮਤਲਬ ਦੋ ਸਾਲ ਦਾ ਦਾਖ਼ਲਾ ਸਮਝਿਆ ਜਾਵੇਗਾ ਕਿਉਂਕਿ ਉਹ ਮੋਹਰ ਸੁਪਰ ਵੀਜ਼ਾ ਆਧਾਰਤ ਹੁੰਦੀ ਹੈ। ਧਿਆਨਯੋਗ ਗੱਲ ਇਹ ਹੈ ਕਿ ਸਿਹਤ ਬੀਮਾ ਹੋਣਾ ਜ਼ਰੂਰੀ ਹੈ, ਪਰ ਕੰਮ ਕਰਨ ਦੀ ਮਨਾਹੀ ਬਰਕਰਾਰ ਰਹੇਗੀ। ਸੁਪਰ ਵੀਜ਼ਾ ਵਾਲੀ ਠਾਹਰ ਨੂੰ ਵਰਕ ਪਰਮਿਟ ਸਮਝਣ ਦੀ ਭੁੱਲ ਪਰਿਵਾਰਾਂ ਲਈ ਮਹਿੰਗੀ ਪੈ ਸਕਦੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …