ਹਰ ਰੋਜ਼ ਔਰਤਾਂ ਹੁੰਦੀਆਂ ਹਨ ਮਾਨਸਿਕ ਤੇ ਸਰੀਰਕ ਸ਼ੋਸ਼ਣ ਦਾ ਸ਼ਿਕਾਰ
ਪਟਿਆਲਾ/ਬਿਊਰੋ ਨਿਊਜ਼ : ਭਾਰਤ ਦੇ ਹਰ ਖੇਤਰ ਵਿਚ ਸਮੇਂ ਦੇ ਨਾਲ ਵਿਕਾਸ ਤੇ ਬਦਲਾਅ ਹੋਣ ਦੇ ਬਾਵਜੂਦ ਦੇਸ਼ ਭਰ ਦੀਆਂ ਔਰਤਾਂ ਨੂੰ ਸੁਰੱਖਿਆ ਅਤੇ ਸਨਮਾਨ ਦੇਣ ਦੇ ਪੱਧਰ ਵਿਚ ਕੋਈ ਬਹੁਤੀ ਤਬਦੀਲੀ ਆਉਂਦੀ ਨਜ਼ਰ ਨਹੀਂ ਆ ਰਹੀ। ਜਿਨ੍ਹਾਂ ਔਰਤਾਂ ਦਾ ਸਤਿਕਾਰ ਅਤੇ ਸੁਰੱਖਿਆ ਇਕ ਸਭਿਅਕ ਦੇਸ਼ ਦੇ ਸਮਾਜ ਵਿਚ ਹੋਣਾ ਚਾਹੀਦਾ ਹੈ ਓਨਾ ਨਹੀਂ ਹੋ ਰਿਹਾ, ਜਿਸ ਦਾ ਸਬੂਤ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਹਰ ਦਿਨ ਔਰਤਾਂ ਨਾਲ ਵਾਪਰਦੀਆਂ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਦੀਆਂ ਘਟਨਾਵਾਂ ਤੋਂ ਮਿਲਦਾ ਹੈ। ਹਿੰਦੁਸਤਾਨ ਦੀਆਂ ਮਾਂ, ਬੇਟੀਆਂ ਕਿੰਨੀਆਂ ਕੁ ਸੁਰੱਖਿਅਤ ਹਨ ਇਸ ਦੀ ਝਲਕ ਰਾਜ ਸਭਾ ਵਿਚ 14 ਮਾਰਚ 2018 ਨੂੰ ਮਨਿਸਟਰੀ ਆਫ਼ ਹੋਮ ਅਫੇਅਰਜ਼ ਵਲੋਂ ਦੇਸ਼ ਦੀਆਂ ਔਰਤਾਂ ਖ਼ਿਲਾਫ਼ ਹੋਏ ਅਪਰਾਧਾਂ ਸਬੰਧੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਉਰੋ ਦੇ ਅੰਕੜਿਆਂ ਦੇ ਆਧਾਰ ‘ਤੇ ਰਿਪੋਰਟ ਪੇਸ਼ ਕਰਦੀ ਹੈ।
ਇਸ ਰਿਪੋਰਟ ਵਿਚ ਦੱਸਿਆ ਗਿਆ ਸੀ ਕਿ ਸਾਲ 2014 ਤੋਂ 2016 ਤੱਕ 10 ਲੱਖ 7 ਹਜ਼ਾਰ ਤੋਂ ਵੱਧ ਵੱਖ-ਵੱਖ ਅਪਰਾਧਿਕ ਘਟਨਾਵਾਂ ਦੇਸ਼ ਵਿਚ ਔਰਤਾਂ ਨਾਲ ਵਾਪਰੀਆਂ ਸਨ। ਇਸ ਰਿਪੋਰਟ ਵਿਚ ਔਰਤਾਂ ਨਾਲ ਅੱਤਿਆਚਾਰ, ਛੇੜਛਾੜ, ਜਬਰ ਜਨਾਹ, ਪਿੱਛਾ ਕਰਨਾ, ਪੇਸ਼ਾਨ ਕਰਨ ਤੋਂ ਇਲਾਵਾ ਉਹ ਅਪਰਾਧ ਵੀ ਸ਼ਾਮਿਲ ਹਨ। ਜਿਨ੍ਹਾਂ ਨਾਲ ਮਾਨਸਿਕ ਅਤੇ ਸਰੀਰਕ ਤੌਰ ‘ਤੇ ਭਾਰਤੀ ਨਾਰੀਆਂ ਨੂੰ ਨੁਕਸਾਨ ਪਹੁੰਚਦਾ ਹੈ। ਰਿਪੋਰਟ ਅਨੁਸਾਰ ਸਾਲ 2016 ਵਿਚ 3 ਲੱਖ 38 ਹਜ਼ਾਰ 954 ਔਰਤਾਂ ਵੱਖ-ਵੱਖ ਅਪਰਾਧਾਂ ਤੋਂ ਪੀੜਤ ਹੋਈਆਂ। ਇਹ ਅੰਕੜਾ 2015 ਵਿਚ 3 ਲੱਖ 29 ਹਜ਼ਾਰ 243 ਅਤੇ 2014 ‘ਚ 3 ਲੱਖ 39 ਹਜ਼ਾਰ 457 ਸੀ। ਰਿਪੋਰਟ ਮੁਤਾਬਿਕ ਉੱਤਰ ਪ੍ਰਦੇਸ਼ ਵਿਚ ਸਭ ਤੋਂ ਵੱਧ ਔਰਤਾਂ ਨਾਲ ਅਪਰਾਧਿਕ ਘਟਨਾਵਾਂ ਵਾਪਰੀਆਂ ਸਾਲ 2016 ਵਿਚ 49 ਹਜ਼ਾਰ 262 ਔਰਤਾਂ ਜੁਰਮ ਦਾ ਸ਼ਿਕਾਰ ਹੋਈਆਂ ਸਨ। ਦੂਜੇ ਨੰਬਰ ‘ਤੇ ਪੱਛਮੀਂ ਬੰਗਾਲ ਵਿਚ 32 ਹਜ਼ਾਰ 513, ਤੀਜੇ ਸਥਾਨ ‘ਤੇ ਮਹਾਰਾਸ਼ਟਰ ਵਿਚ 31 ਹਜ਼ਾਰ 338 ਔਰਤਾਂ ਨਾਲ ਅਪਰਾਧਿਕ ਘਟਨਾਵਾਂ ਵਾਪਰੀਆਂ। 27 ਹਜ਼ਾਰ 422 ਔਰਤਾਂ ਸਬੰਧੀ ਅਪਰਾਧਾਂ ਨਾਲ ਰਾਜਸਥਾਨ ਚੌਥੇ ਸਥਾਨ ‘ਤੇ ਸੀ। ਪੰਜਵੇਂ ਨੰਬਰ ‘ਤੇ ਮੱਧ ਪ੍ਰਦੇਸ ਵਿਚ 26 ਹਜ਼ਾਰ 604 ਘਟਨਾਵਾਂ ਔਰਤਾਂ ਨਾਲ ਵਾਪਰੀਆਂ।
ਆਸਾਮ ਵਿਚ 20869, ਉੜੀਸਾ ‘ਚ 17837, ਆਂਧਰਾ ਪ੍ਰਦੇਸ ਵਿਚ 16362, ਤੇਲਗਾਨਾ ਵਿਚ 15374, ਦਿੱਲੀ 15310, ਕਰਨਾਟਕਾ ‘ਚ 14131, ਬਿਹਾਰ ਵਿਚ 13400, ਕੇਰਲਾ ਵਿਚ 10034, ਹਰਿਆਣਾ ‘ਚ 9839, ਗੁਜਰਾਤ ਵਿਚ 8532, ਛੱਤੀਸਗੜ੍ਹ ‘ਚ 5947, ਝਾਰਖੰਡ ਵਿਚ 5453, ਪੰਜਾਬ ‘ਚ 5105, ਤਾਮਿਲਨਾਡੂ ਵਿਚ 4463, ਜੰਮੂ ਕਸ਼ਮੀਰ ‘ਚ 2850, ਉੱਤਰਾਖੰਡ ਵਿਚ 1588, ਹਿਮਾਚਲ ਪ੍ਰਦੇਸ ‘ਚ 1222, ਤਿਰਪੁਰਾ ਵਿਚ 1013, ਚੰਡੀਗੜ੍ਹ ‘ਚ 414, ਮੇਘਾਲਿਆ ਵਿਚ 372, ਗੋਆ ‘ਚ 371, ਅਰੁਣਾਚਲ ਪ੍ਰਦੇਸ ਵਿਚ 367, ਮਨੀਪੁਰ ‘ਚ 253, ਸਿੱਕਮ ਵਿਚ 153, ਮਿਜ਼ੋਰਮ ‘ਚ 120, ਅੰਡੋਮਾਨ ਨਿਕੋਬਾਰ ਵਿਚ 108, ਨਾਗਾਲੈਂਡ ਵਿਚ 105, ਪੁੱਡੂਚਰੀ ‘ਚ 95, ਦਮਨ ਅਤੇ ਦਿਓ ਵਿਚ 41, ਡੀ ਐਂਡ ਐਨ ਹਵੇਲੀ ਵਿਚ 28 ਅਤੇ ਲਕਸ਼ਦੀਪ ਔਰਤਾਂ ਖ਼ਿਲਾਫ਼ 9 ਅਪਰਾਧਿਕ ਮਾਮਲੇ ਸਾਹਮਣੇ ਆਏ ਸਨ।