Breaking News
Home / ਪੰਜਾਬ / ਸਿੱਖ ਬੀਬੀਆਂ ਨਹੀਂ ਪਾਉਣਗੀਆਂ ਹੈਲਮਟ : ਸਿੰਘ ਸਾਹਿਬਾਨ

ਸਿੱਖ ਬੀਬੀਆਂ ਨਹੀਂ ਪਾਉਣਗੀਆਂ ਹੈਲਮਟ : ਸਿੰਘ ਸਾਹਿਬਾਨ

ਐਸਜੀਪੀਸੀ ਨੂੰ ਕਾਨੂੰਨੀ ਲੜਾਈ ਲੜਨ ਦੇ ਨਿਰਦੇਸ਼
ਅੰਮ੍ਰਿਤਸਰ : ਚੰਡੀਗੜ੍ਹ ਪ੍ਰਸ਼ਾਸਨ ਵਲੋਂ ਟ੍ਰੈਫਿਕ ਸੁਰੱਖਿਆ ਤਹਿਤ ਲਾਜ਼ਮੀ ਕੀਤੇ ਗਏ ਹੈਲਮਟ ਦੇ ਮੁੱਦੇ ‘ਤੇ ਪੰਜ ਸਿੰਘ ਸਾਹਿਬਾਨ ਨੇ ਸਪੱਸ਼ਟ ਕਰ ਦਿੱਤਾ ਕਿ ਸਿੱਖ ਬੀਬੀਆਂ ਹੈਲਮਟ ਨਹੀਂ ਪਾਉਣਗੀਆਂ। ਇਸ ਲਈ ਕਾਨੂੰਨੀ ਲੜਾਈ ਲੜੀ ਜਾਵੇਗੀ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਚੰਡੀਗੜ੍ਹ ਵਿਚ ਸਿੱਖ ਬੀਬੀਆਂ ਨੂੰ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ (ਲੋਹ ਟੋਪ) ਪਾਉਣਾ ਲਾਜ਼ਮੀ ਕੀਤੇ ਜਾਣ ਨੂੰ ਸਿੱਖ ਸਿਧਾਂਤਾਂ ਦੇ ਉਲਟ ਕਰਾਰ ਦਿੰਦਿਆਂ ਇਹ ਮਾਮਲਾ ਕਾਨੂੰਨੀ ਚਾਰਾਜੋਈ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤਾ ਹੈ। ਇਹ ਫੈਸਲਾ ਸੋਮਵਾਰ ਨੂੰ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਕੀਤਾ ਗਿਆ।
ਇਕੱਤਰਤਾ ਮਗਰੋਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਸਿੱਖ ਰਹਿਤ ਮਰਿਆਦਾ ਮੁਤਾਬਕ ਕੋਈ ਵੀ ਕੇਸਧਾਰੀ ਸਿੱਖ ਮਰਦ ਜਾਂ ਔਰਤ ਲਈ ਲੋਹ ਟੋਪ ਪਹਿਨਣਾ ਸਿਧਾਂਤ ਦੀ ਉਲੰਘਣਾ ਹੈ। ਉਨ੍ਹਾਂ ਆਖਿਆ ਕਿ ਸਿੱਖ ਬੀਬੀਆਂ ਦੀ ਸ਼ਨਾਖਤ ਦਸਤਾਰਧਾਰੀ ਜਾਂ ਗੈਰ ਦਸਤਾਰਧਾਰੀ ਹੋਣ ਨਾਲ ਨਹੀਂ ਜੁੜੀ ਹੋਈ ਹੈ। ਕੋਈ ਵੀ ਸਿੱਖ ਬੀਬੀ ਜਿਸ ਦੇ ਨਾਂ ਨਾਲ ‘ਕੌਰ’ ઠਸ਼ਬਦ ਜੁੜਦਾ ਹੈ ਅਤੇ ਉਹ ਸਾਬਤ ਸੂਰਤ ਹੈ ਤਾਂ ਉਹ ਸਿੱਖ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਫੈਸਲਾ ਕਿ ਦਸਤਾਰਧਾਰੀ ਸਿੱਖ ਬੀਬੀਆਂ ਨੂੰ ਹੈਲਮਟ ਪਹਿਨਣ ਤੋਂ ਛੋਟ ਹੋਵੇਗੀ ਅਤੇ ਬਾਕੀ ਗੈਰ ਦਸਤਾਰਧਾਰੀ ਸਿੱਖ ਬੀਬੀਆਂ ਨੂੰ ਇਹ ਛੋਟ ਨਹੀਂ ਮਿਲੇਗੀ, ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹੁਕਮਾਂ ਖਿਲਾਫ਼ ਸੰਗਤ ਵੱਲੋਂ ਵੱਡੇ ਪੱਧਰ ‘ਤੇ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਪਿਛਲੇ ਦਿਨੀਂ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਬੀਬੀਆਂ ਦਾ ਇਕ ਵਫ਼ਦ ਵੀ ਉਨ੍ਹਾਂ ਨੂੰ ਮਿਲਿਆ ਸੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਅਦਾਲਤੀ ਆਦੇਸ਼ਾਂ ਨਾਲ ਜੁੜਿਆ ਹੋਇਆ ਹੈ, ਇਸ ਲਈ ਕਾਨੂੰਨੀ ਚਾਰਾਜੋਈ ਵਾਸਤੇ ਇਹ ਮਾਮਲਾ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤਾ ਗਿਆ ਹੈ।ਇਸ ਦੌਰਾਨ ਰਾਜਸਥਾਨ ਦੇ ਜ਼ਿਲ੍ਹਾ ਗੰਗਾਨਗਰ ਸਥਿਤ ਗੁਰਦੁਆਰਾ ਬੁੱਢਾ ਜੋਹੜ ਦੇ ਮਾਮਲੇ ਨੂੰ ਵਿਚਾਰਨ ਮਗਰੋਂ ਕੀਤੇ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਉਥੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਅਣਡਿਠਾ ਕਰਕੇ ਆਪਣੀ ਮਰਜ਼ੀ ਨਾਲ ਗੁਰਦੁਆਰੇ ਦੀ ਪ੍ਰਬੰਧਕੀ ਕਮੇਟੀ ਦਾ ਸੰਵਿਧਾਨ ਤਿਆਰ ਕੀਤਾ ਗਿਆ ਹੈ ਅਤੇ ਕਮੇਟੀ ਬਣਾਈ ਗਈ ਹੈ, ਜਿਸ ਨਾਲ ਆਪਸੀ ਵਿਵਾਦ ਵਧਿਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਕਮੇਟੀਆਂ ਨੂੰ ਭੰਗ ਕਰ ਦਿੱਤਾ ਗਿਆ ਹੈ ਤੇ ਇਨ੍ਹਾਂ ਦੀ ਥਾਂ ਇਕ 9 ਮੈਂਬਰੀ ਕਮੇਟੀ ਨੂੰ ਗੁਰਦੁਆਰੇ ਦਾ ਪ੍ਰਬੰਧ ਸੌਂਪ ਦਿੱਤਾ ਗਿਆ ਹੈ। ਇਹ ਕਮੇਟੀ ਕਾਨੂੰਨੀ ਮਾਹਿਰਾਂ ਤੇ ਸੰਗਤਾਂ ਦੀ ਰਾਏ ਨਾਲ ਨਵਾਂ ਸੰਵਿਧਾਨ ਤਿਆਰ ਕਰਨ ਮਗਰੋਂ ਪ੍ਰਵਾਨਗੀ ਲਈ ਅਕਾਲ ਤਖ਼ਤ ਸਾਹਿਬ ਵਿਖੇ ਭੇਜੇਗੀ। ਇਸ ਦੌਰਾਨ ਨਿਹੰਗ ਜਥੇਬੰਦੀਆਂ ਅਤੇ ਸਤਿਕਾਰ ਕਮੇਟੀ ਦੇ ਕਾਰਕੁੰਨ ਵੀ ਪੰਜ ਸਿੰਘ ਸਾਹਿਬਾਨ ਕੋਲ ਪੇਸ਼ ਹੋਏ ਹਨ। ਦੋਵਾਂ ਧਿਰਾਂ ਨੇ ਪੰਜ ਸਿੰਘ ਸਾਹਿਬਾਨ ਨੂੰ ਦਸਿਆ ਕਿ ਉਨ੍ਹਾਂ ਆਪਸੀ ਵਿਵਾਦ ਹੱਲ ਕਰ ਲਿਆ ਹੈ ਅਤੇ ਭਵਿੱਖ ਵਿਚ ਇਕ ਦੂਜੇ ਖਿਲਾਫ ਦੂਸ਼ਣਬਾਜੀ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਮਲੋਟ ਰੈਲੀ ਵਿੱਚ ਦਸਤਾਰ ਬੇਅਦਬੀ ਦਾ ਮਾਮਲਾ ਅਗਲੀ ਇਕੱਤਰਤਾ ਵਿਚ ਵਿਚਾਰਿਆ ਜਾਵੇਗਾ। ਕਾਂਗਰਸੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਅਤੇ ਮਨਪ੍ਰੀਤ ਸਿੰਘ ਬਾਦਲ ਦੇ ਬੇਟੇ ਵਲੋਂ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਮਾਫੀ ਮੰਗਣ ਦੇ ਮਾਮਲੇ ਨੂੰ ਲਗਾਤਾਰ ਲਟਕਾਏ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਜਦੋਂ ਤਕ ਇਹ ਦੋਵੇਂ ਇਥੇ ਪੇਸ਼ ਹੋ ਕੇ ਮਾਫੀ ਨਹੀਂ ਮੰਗਦੇ, ਉਹ ਦੋਸ਼ੀ ਹਨ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …