ਓਟਵਾ/ਬਿਊਰੋ ਨਿਊਜ਼ : ਵੁਈ ਚੈਰਿਟੀ ਵਿਵਾਦ ਵਿੱਚ ਐਥਿਕਸ ਕਮੇਟੀ ਸਾਹਮਣੇ ਪੇਸ਼ ਹੋਈ ਰੁਜ਼ਗਾਰ ਮੰਤਰੀ ਕਾਰਲਾ ਕੁਆਲਤਰੋ ਨੇ ਆਖਿਆ ਕਿ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਵਿੱਤ ਮੰਤਰੀ ਬਿੱਲ ਮੌਰਨਿਊ ਦੀਆਂ ਭੂਮਿਕਾਵਾਂ ਦੇ ਸਬੰਧ ਵਿੱਚ ਕਿਸੇ ਤਰ੍ਹਾਂ ਦੀ ਬਹਾਨੇਬਾਜ਼ੀ ਨਹੀਂ ਕਰੇਗੀ ਤੇ ਨਾ ਹੀ ਕਿਸੇ ਤਰ੍ਹਾਂ ਦੀ ਸਫਾਈ ਦੇਵੇਗੀ। ਉਨ੍ਹਾਂ ਆਖਿਆ ਕਿ ਆਪਣੇ ਸਟੂਡੈਂਟ ਵਾਲੰਟੀਅਰ ਗ੍ਰਾਂਟ ਪ੍ਰੋਗਰਾਮ ਦੇ ਸਬੰਧ ਵਿੱਚ ਸਰਕਾਰ ਤੋਂ ਗਲਤੀ ਹੋਈ ਹੈ।
ਹਾਊਸ ਆਫ ਕਾਮਨਜ਼ ਦੀ ਐਥਿਕਸ ਕਮੇਟੀ ਸਾਹਮਣੇ ਗੱਲ ਕਰਦਿਆਂ ਕੁਆਲਤਰੋ ਨੇ ਆਖਿਆ ਕਿ ਸੰਕਟ ਦੀ ਘੜੀ ਵਿੱਚ ਕੈਨੇਡੀਅਨਾਂ ਦੀ ਮਦਦ ਕਰਨ ਦੀ ਕਾਹਲੀ ਵਿੱਚ ਸਰਕਾਰ ਵੱਲੋਂ ਤੇਜ਼ੀ ਨਾਲ ਪ੍ਰੋਗਰਾਮ ਸ਼ੁਰੂ ਕੀਤੇ ਗਏ ਤੇ ਇਹ ਸਾਰਿਆਂ ਨੂੰ ਸਮਝ ਆਉਣਾ ਚਾਹੀਦਾ ਹੈ ਕਿ ਅਜਿਹੀ ਕਾਹਲੀ ਵਿੱਚ ਗਲਤੀਆਂ ਵੀ ਹੋਈਆਂ ਹੋਣਗੀਆਂ। ਉਨ੍ਹਾਂ ਆਖਿਆ ਕਿ ਉਹ ਆਸ ਕਰਦੀ ਹੈ ਕਿ ਲਿਬਰਲ ਸਰਕਾਰ ਦੁਆਲੇ ਉਪਜੇ ਅਜਿਹੇ ਵਿਵਾਦ ਕੈਨੇਡੀਅਨਾਂ ਦੀ ਮਦਦ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਚੰਗੇ ਕੰਮਾਂ ਤੋਂ ਲੋਕਾਂ ਦਾ ਧਿਆਨ ਨਹੀਂ ਹਟਾਉਣਗੇ।ઠ
ਇਹ ਮਹਾਂਮਾਰੀ ਹੈ ਤੇ ਹਾਲਾਤ ਬਹੁਤ ਖਰਾਬ ਹੋਏ ਪਏ ਹਨ। ਸਾਨੂੰ ਹਰ ਕੰਮ ਤੇਜ਼ ਰਫਤਾਰ ਨਾਲ ਕਰਨਾ ਪੈ ਰਿਹਾ ਹੈ। ਪਰ ਸਾਨੂੰ ਗਲਤੀਆਂ ਤੋਂ ਬਚਣਾ ਚਾਹੀਦਾ ਹੈ। ਇਹ ਬਹੁਤ ਮੰਦਭਾਗੀ ਸਥਿਤੀ ਹੈ। ਕੁਆਲਤਰੋ ਨੇ ਆਖਿਆ ਕਿ ਟਰੂਡੋ ਤੇ ਮੌਰਨਿਊ ਇਸ ਬਾਰੇ ਮੁਆਫੀ ਮੰਗ ਚੁੱਕੇ ਹਨ ਤੇ ਅਸੀਂ ਉਨ੍ਹਾਂ ਦੀ ਮੁਆਫੀ ਸਵੀਕਾਰ ਵੀ ਕਰ ਲਈ ਤੇ ਸਾਡਾ ਇਹ ਮੰਨਣਾ ਹੈ ਕਿ ਅਸੀਂ ਇਸ ਤੋਂ ਕਾਫੀ ਕੁੱਝ ਸਿੱਖਿਆ ਹੈ।
ਕਮੇਟੀ ਸਾਹਮਣੇ ਪੇਸ਼ ਹੋਏ ਪ੍ਰਿਵੀ ਕਾਉਂਸਲ ਦੇ ਕਲਰਕ ਈਅਨ ਸ਼ੂਗਰਟ ਨੇ ਆਖਿਆ ਕਿ ਇੰਪਲੌਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਦੇ ਅਧਿਕਾਰੀ ਫਾਈਲ ਦੇ ਇਨਚਾਰਜ ਸਨ। ਉਨ੍ਹਾਂ ਵੱਲੋਂ ਇਸ ਸਬੰਧ ਵਿੱਚ ਟਰੂਡੋ ਨੂੰ ਕੋਈ ਵਿਸ਼ੇਸ਼ ਸਲਾਹ ਨਹੀਂ ਦਿੱਤੀ ਗਈ ਤੇ ਨਾ ਹੀ ਕੋਈ ਚੇਤਾਵਨੀ ਹੀ ਦਿੱਤੀ ਗਈ। ਸ਼ੂਗਰਟ ਨੇ ਆਖਿਆ ਕਿ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਚੀਫ ਆਫ ਸਟਾਫ ਕੇਟੀ ਟੈਲਫੋਰਡ ਨੂੰ ਕੰਮ ਸਿਰੇ ਚੜ੍ਹਾਉਣ ਦੀ ਲਗਨ ਸੀ ਪਰ ਉਨ੍ਹਾਂ ਇਸ ਪ੍ਰੋਗਰਾਮ ਨੂੰ ਹੈਂਡਲ ਕਰ ਰਹੇ ਅਧਿਕਾਰੀਆਂ ਉੱਤੇ ਹੀ ਸਾਰੀ ਗੱਲ ਛੱਡ ਦਿੱਤੀ। ਸ਼ੂਗਰਟ ਨੇ ਆਖਿਆ ਕਿ ਉਸ ਤੋਂ ਇਸ ਮਾਮਲੇ ਵਿੱਚ ਕੋਈ ਰਾਇ ਨਹੀਂ ਲਈ ਗਈ ਤੇ ਉਨ੍ਹਾਂ ਕੋਈ ਸਲਾਹ ਦੇਣੀ ਜ਼ਰੂਰੀ ਨਹੀਂ ਸਮਝੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …