Breaking News
Home / ਜੀ.ਟੀ.ਏ. ਨਿਊਜ਼ / ਟਰੂਡੋ ਨੂੰ ਵਿੱਤ ਮੰਤਰੀ ‘ਤੇ ਹਾਲੇ ਵੀ ਪੂਰਾ ਭਰੋਸਾ

ਟਰੂਡੋ ਨੂੰ ਵਿੱਤ ਮੰਤਰੀ ‘ਤੇ ਹਾਲੇ ਵੀ ਪੂਰਾ ਭਰੋਸਾ

ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਹਾਲੇ ਵੀ ਉਨ੍ਹਾਂ ਨੂੰ ਵਿੱਤ ਮੰਤਰੀ ਬਿੱਲ ਮੌਰਨਿਊ ‘ਤੇ ਪੂਰਾ ਭਰੋਸਾ ਹੈ। ਫਿਰ ਭਾਵੇਂ ਉਨ੍ਹਾਂ ਦੇ ਅਸਤੀਫੇ ਦੀ ਮੰਗ ਤੇਜ਼ ਹੋ ਰਹੀ ਹੈ ਤੇ ਕੈਬਨਿਟ ਵਿੱਚ ਉਨ੍ਹਾਂ ਦੇ ਦਿਨ ਹੁਣ ਗਿਣੇ ਚੁਣੇ ਦੱਸੇ ਜਾ ਰਹੇ ਹਨ। ਕੈਬਨਿਟ ਵਿੱਚ ਫੇਰਬਦਲ ਦੀਆਂ ਕਨਸੋਆਂ ਅਤੇ ਵਿੱਤ ਮੰਤਰੀ ਦੀ ਸਿਆਸੀ ਹੋਣੀ ਉੱਤੇ ਲੱਗੇ ਸਵਾਲੀਆ ਚਿੰਨ੍ਹ ਦਰਮਿਆਨ ਪ੍ਰਧਾਨ ਮੰਤਰੀ ਆਫਿਸ ਵੱਲੋਂ ਜਾਰੀ ਕੀਤੇ ਗਏ ਨਵੇਂ ਬਿਆਨ ਵਿੱਚ ਮੌਰਨਿਊ ਦੇ ਪੂਰੇ ਸਮਰਥਨ ‘ਤੇ ਜ਼ੋਰ ਦਿੱਤਾ ਗਿਆ ਹੈ। ਪੀਐਮਓ ਦੇ ਬੁਲਾਰੇ ਐਲੈਕਸ ਵੈਲਸਟੈਡ ਨੇ ਆਖਿਆ ਕਿ ਪ੍ਰਧਾਨ ਮੰਤਰੀ ਨੂੰ ਵਿੱਤ ਮੰਤਰੀ ਵਿੱਚ ਪੂਰਾ ਭਰੋਸਾ ਹੈ ਤੇ ਇਸ ਸਬੰਧ ਵਿੱਚ ਕੋਈ ਵੀ ਹੋਰ ਬਿਆਨ ਗਲਤ ਹੈ। ਬਿਆਨ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਜਾਣਦੇ ਹਨ ਕਿ ਮੰਤਰੀ ਮੌਰਨਿਊ ਤੇ ਕੈਬਨਿਟ ਮੰਤਰੀਆਂ ਦੀ ਸਮੁੱਚੀ ਟੀਮ ਕੈਨੇਡੀਅਨਾਂ ਨੂੰ ਮਹਾਂਮਾਰੀ ਵਿੱਚੋਂ ਸਹੀ ਸਲਾਮਤ ਬਾਹਰ ਕੱਢਣ ਵਿੱਚ ਲੱਗੀ ਹੋਈ ਹੈ। ਸੋਮਵਾਰ ਨੂੰ ਮੀਡੀਆ ਵੱਲੋਂ ਨਸ਼ਰ ਕੀਤੀਆਂ ਗਈਆਂ ਖਬਰਾਂ ਵਿੱਚ ਇਸ ਗਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਮਹਾਂਮਾਰੀ ਵਿੱਚੋਂ ਕੈਨੇਡੀਅਨ ਅਰਥਚਾਰੇ ਨੂੰ ਸਹੀ ਸਲਾਮਤ ਬਾਹਰ ਕੱਢਣ ਲਈ ਟਰੂਡੋ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੇ ਤੋਂ ਸਲਾਹ ਲੈ ਰਹੇ ਹਨ। ਇਸ ਨਾਲ ਇਨ੍ਹਾਂ ਕਿਆਸਅਰਾਈਆਂ ਨੂੰ ਵੀ ਸ਼ਹਿ ਮਿਲੀ ਹੈ ਕਿ ਕਿਤੇ ਕਾਰਨੇ ਨੂੰ ਮੌਰਨਿਊ ਦੇ ਬਦਲ ਵਜੋਂ ਤਾਂ ਨਹੀਂ ਵੇਖਿਆ ਜਾ ਰਿਹਾ। ਦੂਜੇ ਪਾਸੇ ਵੁਈ ਚੈਰਿਟੀ ਵਿਵਾਦ ਦੇ ਸਬੰਧ ਵਿੱਚ ਐਥਿਕਸ ਕਮੇਟੀ ਸਾਹਮਣੇ 22 ਜੁਲਾਈ ਨੂੰ ਪੇਸ਼ ਹੋਣ ਤੋਂ ਬਾਅਦ ਮੌਰਨਿਊ ਸਭ ਦੇ ਸਾਹਮਣੇ ਘੱਟ ਹੀ ਆ ਰਹੇ ਹਨ।ઠਹਾਲਾਂਕਿ ਕਈ ਕੈਬਨਿਟ ਮੰਤਰੀਆਂ ਵੱਲੋਂ ਵੁਈ ਚੈਰਿਟੀ ਨਾਲ ਨੇੜਲੇ ਸਬੰਧ ਰੱਖਣ ਦੇ ਬਾਵਜੂਦ ਵਿੱਤ ਮੰਤਰੀ ਬਿੱਲ ਮੌਰਨਿਊ ਵਿੱਚ ਪੂਰਾ ਭਰੋਸਾ ਪ੍ਰਗਟਾਇਆ ਜਾ ਰਿਹਾ ਹੈ ਪਰ ਸੰਭਾਵੀ ਕੈਬਨਿਟ ਫੇਰਬਦਲ ਦੇ ਮੱਦੇਨਜ਼ਰ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਸਮੇਤ ਵਿਦੇਸ਼ ਮੰਤਰੀ ਫਰੈਂਕੌਇਸ ਫਿਲਿਪ ਸ਼ੈਂਪੇਨ ਤੇ ਖਜ਼ਾਨਾ ਬੋਰਡ ਦੇ ਪ੍ਰੈਜ਼ੀਡੈਂਟ ਜੀਨ-ਯਵੇਸ ਡਕਲਸ ਨੂੰ ਉਨ੍ਹਾਂ ਦੇ ਬਦਲ ਵਜੋਂ ਵੀ ਵੇਖਿਆ ਜਾ ਰਿਹਾ ਹੈ। ਉਹ ਵੱਖਰੀ ਗੱਲ ਹੈ ਕਿ ਟਰੂਡੋ ਦੇ ਬਿਆਨ ਨੇ ਹਾਲ ਦੀ ਘੜੀ ਕੈਬਨਿਟ ਵਿੱਚ ਕੀਤੀ ਜਾਣ ਵਾਲੀ ਕਿਸੇ ਵੀ ਤਰ੍ਹਾਂ ਦੀ ਫੇਰਬਦਲ ਦੀਆਂ ਸੰਭਾਵਨਾਵਾਂ ਉੱਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …