Breaking News
Home / ਜੀ.ਟੀ.ਏ. ਨਿਊਜ਼ / ਬਰੈਂਪਟਨ ‘ਚ ਸੜਕ ਦਾ ਨਾਮ ‘ਗੁਰੂ ਨਾਨਕ ਸਟਰੀਟ’ ਰੱਖਿਆ

ਬਰੈਂਪਟਨ ‘ਚ ਸੜਕ ਦਾ ਨਾਮ ‘ਗੁਰੂ ਨਾਨਕ ਸਟਰੀਟ’ ਰੱਖਿਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਜਿੱਥੇ ਵਿਸ਼ਵ ਪੱਧਰ ‘ਤੇ ਬੜੀ ਸ਼ਰਧਾ ਤੇ ਸਦਭਾਵਨਾ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਹੀ ਬਰੈਂਪਟਨ ਸਿਟੀ ਵਲੋਂ ਇਕ ਹੋਰ ਪਹਿਲਕਦਮੀ ਕਰਦਿਆਂ ਬਰੈਂਪਟਨ ‘ਚ ਇਕ ਸਟਰੀਟ (ਸੜਕ) ਦਾ ਨਾਮ ਗੁਰੂ ਨਾਨਕ ਸਟਰੀਟ ਰੱਖਿਆ ਗਿਆ ਹੈ, ਜਿਸਦਾ ਲੋਕਾਂ ਦੇ ਭਰਵੇਂ ਇਕੱਠ ਵਿਚ ਰਸਮੀ ਤੌਰ ‘ਤੇ ਉਦਘਾਟਨ ਕੀਤਾ ਗਿਆ।
ਬਰੈਂਪਟਨ ਦੇ ਰੀਜ਼ਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਤੇ ਸਿਟੀ ਕੌਂਸਲਰ ਹਰਕੀਰਤ ਸਿੰਘ ਦੀ ਪਹਿਲਕਦਮੀ, ਜਿਸ ਵਿਚ ਉਨ੍ਹਾਂ ਨੇ ਬਰੈਂਪਟਨ ਦੇ ਪੀਟਰ-ਰੌਬਰਟਸਨ ਤੇ ਡਿਕਸੀ ਰੋਡ ਲਾਗੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਦੇ ਮੋਹਰਿਓਂ ਲੰਘਦਾ ਪੀਟਰ-ਰੌਬਰਟਸਨ ਰੋਡ ਦਾ ਗਰੇਟ ਲੇਕ ਰੋਡ ਤੱਕ ਦਾ ਇਕ ਟੋਟਾ ਜਿਸਦਾ ਨਾਮ ਗੁਰੂ ਨਾਨਕ ਸਟਰੀਟ ਰੱਖਣ ਦੀ ਤਜਵੀਜ਼ ਪੇਸ਼ ਕੀਤੀ ਸੀ, ਨੂੰ ਬਰੈਂਪਟਨ ਕੌਂਸਲ ਦੀ ਮਨਜ਼ੂਰੀ ਮਿਲਣ ਮਗਰੋਂ ਇਸ ਸੜਕ ਦਾ ਨਾਮ ‘ਗੁਰੂ ਨਾਨਕ ਸਟਰੀਟ’ ਰੱਖਿਆ ਗਿਆ।
ਰੀਜ਼ਨ ਆਫ਼ ਪੀਲਜ਼ ਸਟਰੀਟ ਨੋਮਿੰਗ ਕਮੇਟੀ ਵਲੋਂ ਬਕਾਇਦਾ ਮਨਜ਼ੂਰੀ ਮਿਲਣ ‘ਤੇ ਇਕ ਪ੍ਰਕਿਰਿਆ ਤਹਿਤ ਇਸ ਸੜਕ ਦਾ ਨਾਮ ਬਦਲਿਆ ਗਿਆ ਤੇ ਬਕਾਇਦਾ ਇਸਦਾ ਸਾਈਨ ਤਿਆਰ ਕਰਵਾ ਕੇ ਲਗਾਇਆ ਗਿਆ। ਜਦੋਂ ਕਿ ਸਿੱਖ ਧਰਮ ਵਿਚ 5 ਅਤੇ 13 ਦੀ ਮਹੱਤਤਾ ਅਨੁਸਾਰ ਗੁਰਦੁਆਰਾ ਸਾਹਿਬ ਦਾ ਐਡਰੈੱਸ ਵੀ 585 ਪੀਟਰ-ਰੌਬਰਟਸਨ ਤੋਂ ਬਦਲ ਕੇ 13 ਗੁਰੂ ਨਾਨਕ ਸਟਰੀਟ ਰੱਖਿਆ ਗਿਆ ਹੈ। ਜਿੱਥੇ ਸਿੱਖ ਧਰਮ ਦੇ ਨੁਮਾਇੰਦਿਆਂ ਤੋਂ ਇਲਾਵਾ ਬਰੈਂਮਲੀ ਕ੍ਰਿਸਚਨ ਚਰਚ ਦੇ ਪਾਸਟਰ ਮਿ: ਰੈਂਡੀ ਨਿਕਸ ਤੇ ਜਮਾਤ ਉਲ ਅਨੁਸਾਰ ਮੋਸੀਕੀ ਇਸਲਾਮ ਦੇ ਇਮਾਮ ਜ਼ਾਹਰ ਬਾਹਸ ਨੇ ਇਸ ਮੌਕੇ ਪਹੁੰਚ ਕੇ ਜਿੱਥੇ ਆਪੋ-ਆਪਣੇ ਧਰਮਾਂ ਦੇ ਅਨੁਸਾਰ ਪ੍ਰਾਰਥਨਾ/ਦੁਆ ਕੀਤੀ ਤੇ ਸਭ ਧਰਮਾਂ ਵਿਚ ਆਪਸੀ ਪਿਆਰ ਤੇ ਚੰਗੇ ਸੰਬੰਧਾਂ ਦੀ ਕਾਮਨਾ ਕੀਤੀ।
ਉਨ੍ਹਾਂ ਆਖਿਆ ਕਿ ਸਿੱਖ ਧਰਮ ਸ਼ਾਂਤੀ, ਆਪਸੀ ਮੇਲ ਮਿਲਾਪ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਅਤੇ ਜੋ ਇਸ ਸੜਕ ਦਾ ਨਾਮ ਗੁਰੂ ਨਾਨਕ ਸਟਰੀਟ ਰੱਖਿਆ ਗਿਆ ਹੈ। ਅਸੀਂ ਉਸ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹਾਂ। ਇਸ ਮੌਕੇ ਬੋਲਦਿਆਂ ਗੁਰਪ੍ਰੀਤ ਸਿੰਘ ਢਿੱਲੋਂ ਤੇ ਹਰਕੀਰਤ ਸਿੰਘ ਨੇ ਆਖਿਆ ਕਿ ਇਸ ਸਮੇਂ ਪੂਰੀ ਦੁਨੀਆ ਵਿਚੋਂ ਦੋ ਵੱਡੀਆਂ ਖ਼ਬਰਾਂ ਆ ਰਹੀਆਂ ਹਨ ਕਿ ਇਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੁਆਰਾ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣਾ ਤੇ ਦੂਜਾ ਕੈਨੇਡਾ ਦੇ ਬਰੈਂਪਟਨ ਵਿਚ ਇਕ ਸੜਕ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਰੱਖਣ ਦੀਆਂ। ਉਨ੍ਹਾਂ ਆਖਿਆ ਕਿ ਸਦੀਆਂ-ਸਦੀਆਂ ਤੱਕ ਹੁਣ ਹਮੇਸ਼ਾ ਹੀ ਇਸ ਸਟਰੀਟ (ਸੜਕ) ਦਾ ਨਾਮ ਗੁਰੂ ਨਾਨਕ ਸਟਰੀਟ ਰਹੇਗਾ। ਇਸ ਸਮਾਗਮ ਦੌਰਾਨ ਪੀਲ ਪੁਲਿਸ ਤੇ ਫਾਇਰ ਡਿਪਾਰਟਮੈਂਟ ਦੇ ਅਧਿਕਾਰੀਆਂ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਮਨਿੰਦਰ ਸਿੱਧੂ, ਰੂਬੀ ਸਹੋਤਾ ਤੇ ਐੱਮ. ਪੀ. ਪੀ ਗੁਰਰਤਨ ਸਿੰਘ ਤੋਂ ਇਲਾਵਾ ਵੱਖ-ਵੱਖ ਭਾਈਚਾਰਿਆਂ ਦੇ ਹੋਰ ਲੋਕ ਮੌਜੂਦ ਸਨ।

Check Also

ਲਿਬਰਲ ਕਾਕਸ ਦੇ ਪਾਰਲੀਮੈਂਟ ਮੈਂਬਰਾਂ ਅਤੇ ਮੰਤਰੀਆਂ ਨੇ ਪਾਰਲੀਮੈਂਟ ਹਿੱਲ ‘ਤੇ ਮਿਲ ਕੇ ਮਨਾਈ ਵਿਸਾਖੀ

ਔਟਵਾ/ਬਿਊਰੋ ਨਿਊਜ਼ : ਪੰਜਾਬ ਦਾ ਮਹਾਨ ਇਤਿਹਾਸਕ ਤੇ ਸੱਭਿਆਚਾਰਕ ਤਿਓਹਾਰ ‘ਵਿਸਾਖੀ’ ਜੋ ਕਿ ਦੇਸੀ ਮਹੀਨੇ …