ਜਸਟਿਨ ਟਰੂਡੋ ਦੇ ਅਸਤੀਫ਼ੇ ਦੀ ਫਿਰ ਉਠੀ ਮੰਗ
ਓਟਵਾ/ਬਿਊਰੋ ਨਿਊਜ਼ : ਹਾਊਸ ਆਫ ਕਾਮਨਜ਼ ਦੀ ਹੋਈ ਵਿਸ਼ੇਸ਼ ਸਿਟਿੰਗ ਵਿੱਚ ਵੁਈ ਚੈਰਿਟੀ ਨਾਲ ਜੁੜੇ ਸਟੂਡੈਂਟ ਗ੍ਰਾਂਟ ਵਿਵਾਦ ਨੂੰ ਲੈ ਕੇ ਸਵਾਲ ਜਵਾਬ ਚੱਲਦੇ ਰਹੇ ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਸਿਟਿੰਗ ਵਿੱਚ ਹਾਜ਼ਰ ਨਹੀਂ ਹੋਏ। ਇਸ ਦੌਰਾਨ ਬਲਾਕ ਕਿਊਬਿਕ ਵੱਲੋਂ ਟਰੂਡੋ ਤੇ ਉਨ੍ਹਾਂ ਦੇ ਦੋ ਹੋਰਨਾਂ ਅਧਿਕਾਰੀਆਂ ਦੇ ਅਸਤੀਫੇ ਦੀ ਮੰਗ ਵੀ ਕੀਤੀ ਜਾਂਦੀ ਰਹੀ। ਬਲਾਕ ਨੇ ਤਾਂ ਇੱਥੋਂ ਤੱਕ ਆਖਿਆ ਕਿ ਜੇ ਟਰੂਡੋ ਅਜਿਹਾ ਨਹੀਂ ਕਰਨਗੇ ਤਾਂ ਸਾਰੇ ਚੋਣਾਂ ਲਈ ਤਿਆਰ ਰਹਿਣ।
ਵਿਰੋਧੀ ਧਿਰਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਭਾਵੇਂ ਟਰੂਡੋ ਹਾਊਸ ਵਿੱਚ ਮੌਜੂਦ ਨਹੀਂ ਸਨ ਪਰ ਵਿੱਤ ਮੰਤਰੀ ਬਿਲ ਮੌਰਨਿਊ ਤੇ ਕੈਬਨਿਟ ਦੇ ਹੋਰਨਾਂ ਮੈਂਬਰਾਂ ਨੇ ਕੋਵਿਡ-19 ਬਾਰੇ ਸਰਕਾਰ ਦੀ ਪਹੁੰਚ ਤੇ ਨਜ਼ਰੀਏ ਨੂੰ ਸਪਸ਼ਟ ਕਰਨ ਦੀ ਬਹੁਤ ਕੋਸ਼ਿਸ਼ ਕੀਤੀ। ਪ੍ਰਸ਼ਨ ਕਾਲ ਦੌਰਾਨ ਵਾਰੀ ਵਾਰੀ ਇਹ ਵੀ ਪੁੱਛਿਆ ਗਿਆ ਕਿ ਗਰਮੀਆਂ ਵਿੱਚ ਪਹਿਲਾਂ ਤੋਂ ਹੀ ਅਰੇਂਜ ਕੀਤੀਆਂ ਗਈਆਂ ਚਾਰ ਵਿਸ਼ੇਸ਼ ਸਿਟਿੰਗਜ਼ ਵਿੱਚੋਂ ਇਸ ਤੀਜੀ ਸਿਟਿੰਗ ਵਿੱਚ ਵੀ ਟਰੂਡੋ ਕਿਉਂ ਨਹੀਂ ਪਹੁੰਚੇ। ਕੁੱਝ ਐਮਪੀਜ਼ ਨੇ ਆਖਿਆ ਕਿ ਟਰੂਡੋ ਵਰਚੂਅਲ ਵੀਡੀਓ ਕਾਨਫਰੰਸ ਵਿੱਚ ਹਿੱਸਾ ਲੈਂਦੇ ਰਹੇ ਹਨ।
ਵੁਈ ਚੈਰਿਟੀ ਵਿਵਾਦ ਦੇ ਸਬੰਧ ਵਿੱਚ ਟਰੂਡੋ ਤੇ ਮੌਰਨਿਊ ਹਾਊਸ ਆਫ ਕਾਮਨਜ਼ ਦੀ ਫਾਇਨਾਂਸ ਕਮੇਟੀ ਸਾਹਮਣੇ ਪੇਸ਼ ਹੋ ਚੁੱਕੇ ਹਨ। ਇਹ ਉਨ੍ਹਾਂ ਕਈ ਕਮੇਟੀਆਂ ਵਿੱਚੋਂ ਇੱਕ ਹੈ ਜਿਹੜੀਆਂ ਇਸ ਵਿਵਾਦ ਦੇ ਵਿਵਾਦਗ੍ਰਸਤ ਸਟੂਡੈਂਟ ਗ੍ਰਾਂਟ ਡੀਲ ਦਾ ਮੁਲਾਂਕਣ ਕਰ ਰਹੀਆਂ ਹਨ। ਹਾਊਸ ਦੀ ਐਥਿਕਸ ਕਮੇਟੀ ਇਸ ਮਾਮਲੇ ਵਿੱਚ ਟਰੂਡੋ ਤੋਂ ਹੋਰ ਕਾਫੀ ਕੁੱਝ ਜਾਨਣਾ ਚਾਹੁੰਦੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਐਮਪੀਜ਼ ਨੂੰ ਵੀ ਦਸਤਾਵੇਜ਼ਾਂ ਦਾ ਪੁਲੰਦਾ ਚਾਹੀਦਾ ਹੋਵੇਗਾ, ਜਿਸ ਵਿੱਚ ਗ੍ਰਾਂਟ ਪ੍ਰੋਗਰਾਮ ਬਾਰੇ ਕੈਬਨਿਟ ਵਿੱਚ ਹੋਏ ਹੋਰ ਵਿਚਾਰ ਵਟਾਂਦਰੇ ਦਾ ਜ਼ਿਕਰ ਤੇ ਵੇਰਵਾ ਹੋਵੇਗਾ। ਵਿਰੋਧੀ ਧਿਰ ਦੇ ਆਗੂ ਐਂਡਰਿਊ ਸ਼ੀਅਰ ਵੀ ਇਸ ਸਿਟਿੰਗ ਵਿੱਚ ਆਖਰੀ ਵਾਰੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਵਜੋਂ ਹਿਸਾ ਲੈਣ ਪਹੁੰਚੇ ਸਨ, ਤੇ ਉਨ੍ਹਾਂ ਆਖਿਆ ਕਿ ਟਰੂਡੋ ਸਵਾਲਾਂ ਦੇ ਜਵਾਬ ਦੇਣ ਤੋਂ ਡਰਦੇ ਸਾਹਮਣੇ ਨਹੀਂ ਆ ਰਹੇ। ਉਹ ਜਵਾਬਦੇਹੀ ਤੋਂ ਭੱਜ ਰਹੇ ਹਨ। ਉਹ ਇਹ ਦੱਸਣ ਤੋਂ ਕਤਰਾ ਰਹੇ ਹਨ ਕਿ ਉਨ੍ਹਾਂ ਟੈਕਸਦਾਤਾਵਾਂ ਦਾ ਪੈਸਾ ਆਪਣੀ ਲਿਹਾਜੀ ਵੁਈ ਚੈਰਿਟੀ ਦੇ ਆਪਣੇ ਦੋਸਤਾਂ ਨੂੰ ਕਿਉਂ ਦਿੱਤਾ। ਐਨਡੀਪੀ ਆਗੂ ਜਗਮੀਤ ਸਿੰਘ ਨੇ ਸਰਕਾਰ ਵੱਲੋਂ ਇਸ ਏਡ ਪ੍ਰੋਗਰਾਮ ਨੂੰ ਹੈਂਡਲ ਕਰਨ ਦੇ ਸਰਕਾਰ ਦੇ ਤਰੀਕੇ ਉੱਤੇ ਸਵਾਲ ਕੀਤਾ। ਉਨ੍ਹਾਂ ਆਖਿਆ ਕਿ ਇਸ ਸਾਰੇ ਮਾਮਲੇ ਤੋਂ ਤਾਂ ਇੰਜ ਲੱਗ ਰਿਹਾ ਹੈ ਜਿਵੇਂ ਲਿਬਰਲ ਲੋਕਾਂ ਦੀ ਮਦਦ ਕਰਨ ਦੀ ਥਾਂ ਆਪਣੀ ਮਦਦ ਕਰ ਰਹੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …