ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਸਾਰੇ ਸ਼ਹਿਰਾਂ ਵਿਚ ਐਤਵਾਰ ਨੂੰ ਮੁਕੰਮਲ ਕਰਫਿਊ ਲਗਾ ਦਿੱਤਾ ਹੈ। ਪੰਜਾਬ ਦੇ 167 ਸ਼ਹਿਰਾਂ ਵਿਚ 30 ਸਤੰਬਰ ਤੱਕ ਐਤਵਾਰ ਨੂੰ ਮੁਕੰਮਲ ਕਰਫਿਊ ਰਹੇਗਾ ਅਤੇ ਸ਼ਨਿੱਚਰਵਾਰ ਨੂੰ ਕਰਫਿਊ ਨਹੀਂ ਹੋਵੇਗਾ। ਰਾਤ ਦਾ ਕਰਫਿਊ ਸਾਰੇ ਸ਼ਹਿਰਾਂ ਵਿਚ ਪੂਰਾ ਹਫ਼ਤਾ ਰਾਤ 9:30 ਵਜੇ ਤੋਂ ਲੈ ਕੇ ਸਵੇਰ 5 ਵਜੇ ਤੱਕ ਪਹਿਲਾਂ ਵਾਂਗ ਜਾਰੀ ਰਹੇਗਾ। ਰਾਤਰੀ ਕਰਫਿਊ ਦੌਰਾਨ ਗੈਰ-ਜ਼ਰੂਰੀ ਗਤੀਵਿਧੀ ਦੀ ਮਨਾਹੀ ਹੋਵੇਗੀ। ਪੰਜਾਬ ਸਰਕਾਰ ਨੇ ਅਨਲੌਕ-4 ਦੇ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਨਵੇਂ ਹੁਕਮ ਜਾਰੀ ਕੀਤੇ ਹਨ, ਜਿਸ ਤਹਿਤ ਸ਼ਹਿਰੀ ਖੇਤਰ ਵਿਚ ਕੁਝ ਛੋਟਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਅਨੁਸਾਰ ਹੋਟਲ ਪੂਰਾ ਹਫ਼ਤਾ ਦਿਨ-ਰਾਤ ਖੁੱਲ੍ਹੇ ਰਹਿਣਗੇ ਜਦੋਂਕਿ ਸ਼ਰਾਬ ਦੇ ਠੇਕੇ ਪੂਰਾ ਹਫ਼ਤਾ ਰਾਤ ਦੇ 9 ਵਜੇ ਤੱਕ ਖੁੱਲ੍ਹ ਸਕਣਗੇ। ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਅਤੇ ਸ਼ਾਪਿੰਗ ਮਾਲਜ਼ ਐਤਵਾਰ ਨੂੰ ਸਾਰੇ ਸ਼ਹਿਰਾਂ ਵਿਚ ਬੰਦ ਰਹਿਣਗੇ ਜਦੋਂਕਿ ਬਾਕੀ ਛੇ ਦਿਨ ਰਾਤ ਦੇ 9 ਵਜੇ ਤੱਕ ਖੁੱਲ੍ਹ ਸਕਣਗੇ। ਇਸੇ ਤਰ੍ਹਾਂ ਧਾਰਮਿਕ ਸਥਾਨ ਵੀ ਰਾਤ ਦੇ ਨੌਂ ਵਜੇ ਤੱਕ ਪੂਰਾ ਹਫ਼ਤਾ ਖੋਲ੍ਹੇ ਜਾਣ ਦੇ ਹੁਕਮ ਦਿੱਤੇ ਗਏ ਹਨ। ਰੈਸਟੋਰੈਂਟ ਵੀ ਪੂਰਾ ਹਫ਼ਤਾ ਰਾਤ ਦੇ 9 ਵਜੇ ਤੱਕ ਖੁੱਲ੍ਹ ਸਕਣਗੇ। ਸਿੱਖਿਆ ਬੋਰਡਾਂ, ਯੂਨੀਵਰਸਿਟੀਆਂ ਅਤੇ ਪਬਲਿਕ ਸਰਵਿਸ ਕਮਿਸ਼ਨ ਦੀਆਂ ਪ੍ਰੀਖਿਆਵਾਂ, ਦਾਖ਼ਲਾ ਪ੍ਰੀਖਿਆ, ਦਾਖ਼ਲਿਆਂ ਲਈ ਵਿਦਿਆਰਥੀਆਂ ਨੂੰ ਆਉਣ-ਜਾਣ ਦੀ ਪੂਰਾ ਹਫ਼ਤਾ ਛੋਟ ਹੋਵੇਗੀ। ਚੁਪਹੀਆ ਵਾਹਨ ਵਿਚ ਡਰਾਈਵਰ ਸਮੇਤ ਤਿੰਨ ਵਿਅਕਤੀ ਸਫ਼ਰ ਕਰ ਸਕਣਗੇ ਅਤੇ ਬੱਸਾਂ ਵਿਚ ਲੋਕਾਂ ਨੂੰ ਖੜ੍ਹ ਕੇ ਸਫ਼ਰ ਕਰਨ ਦੀ ਮਨਾਹੀ ਹੋਵੇਗੀ। ਇਹ ਬੱਸਾਂ ਪੰਜਾਹ ਫ਼ੀਸਦੀ ਸਮਰੱਥਾ ਨਾਲ ਚੱਲ ਸਕਣਗੀਆਂ। ਪੰਜਾਬ ਸਰਕਾਰ ਨੇ ਧਰਨਿਆਂ-ਮੁਜ਼ਾਹਰਿਆਂ ਅਤੇ ਹੋਰ ਇਕੱਠਾਂ ‘ਤੇ ਪਹਿਲਾਂ ਦੀ ਤਰ੍ਹਾਂ ਪਾਬੰਦੀ ਲਾਈ ਹੋਈ ਹੈ। ਭੋਗ ਸਮਾਗਮਾਂ ‘ਤੇ 20 ਅਤੇ ਵਿਆਹ ਸਮਾਗਮਾਂ ਵਿਚ 30 ਵਿਅਕਤੀਆਂ ਦੇ ਇਕੱਠੇ ਹੋਣ ਦੀ ਛੋਟ ਦਿੱਤੀ ਗਈ ਹੈ। ਇਸੇ ਤਰ੍ਹਾਂ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਵਿਚ 50 ਫ਼ੀਸਦ ਸਟਾਫ ਹੀ ਇਸ ਮਹੀਨੇ ਦੇ ਅਖੀਰ ਤੱਕ ਆ ਸਕੇਗਾ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …