![](https://parvasinewspaper.com/wp-content/uploads/2020/09/2-1-300x188.jpg)
ਲੰਬੀ : ਕੇਂਦਰੀ ਫੂਡ ਪ੍ਰੋਸੈਸਿੰਗ ਮਾਮਲਿਆਂ ਬਾਰੇ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਖੇਤੀ ਆਰਡੀਨੈਂਸਾਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ ਸੂਬੇ ਦੇ ਕਿਸਾਨ ਭਾਈਚਾਰੇ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਲਗਾਏ। ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਉਤੇ ਖੇਤੀ ਆਰਡੀਨੈਂਸ ਦੇ ਨਾਂ ‘ਤੇ ਹੇਠਲੇ ਦਰਜੇ ਦੀ ਰਾਜਨੀਤੀ ਕਰਨ ਦੇ ਦੋਸ਼ ਲਾਉਂਦਿਆਂ ਆਖਿਆ ਕਿ ਕੈਪਟਨ ਆਪਣੇ ਚੋਣ ਮੈਨੀਫ਼ੈਸਟੋ ਵਾਲਾ ਉਹੀ ਆਰਡੀਨੈਂਸ ਅਗਸਤ 2017 ਵਿਚ ਬਾਕਾਇਦਾ ਲਾਗੂ ਕਰ ਚੁੱਕੇ ਹਨ। ਉਨ੍ਹਾਂ ਆਖਿਆ ਕਿ ਨਸ਼ਿਆਂ ਬਾਰੇ ਝੂਠੀ ਸਹੁੰ ਖਾਣ ਵਾਲੇ ਅਮਰਿੰਦਰ ਸਿੰਘ ਤਾਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਆਰਡੀਨੈਂਸ ਬਾਰੇ ਚਿੱਠੀ ਨੂੰ ਵੀ ਬੇਮੁੱਲੀ ਦੱਸਦੇ ਹਨ। ਉਨ੍ਹਾਂ ਸਵਾਲ ਉਠਾਇਆ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਅਤੇ ਕੇਂਦਰ ਦੇ ਆਰਡੀਨੈਂਸ ਵਿਚ ਫ਼ਰਕ ਦੇ ਵੇਰਵੇ ਸਪੱਸ਼ਟ ਕਰਨ। ਹਰਸਿਮਰਤ ਨੇ ਬਰਗਾੜੀ ਮਾਮਲੇ ‘ਤੇ ਵੀ ਕੈਪਟਨ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪਹਿਲੇ ਤਿੰਨ ਸਾਲ ਉਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਭੜਕਾਉਂਦੇ ਹੋਏ ਲੰਘਾ ਦਿੱਤੇ। ਹੁਣ ਚਾਰ ਸਾਲਾਂ ਵਿਚ ਦੋਸ਼ੀਆਂ ਨੂੰ ਨਹੀਂ ਫੜ ਸਕੇ।