Breaking News
Home / ਪੰਜਾਬ / ਸੰਯੁਕਤ ਰਾਸ਼ਟਰ ਅਤੇ ਅਮਰੀਕਾ ਵੱਲੋਂ ਲਾਂਘਾ ਖੋਲ੍ਹੇ ਜਾਣ ਦਾ ਸਵਾਗਤ

ਸੰਯੁਕਤ ਰਾਸ਼ਟਰ ਅਤੇ ਅਮਰੀਕਾ ਵੱਲੋਂ ਲਾਂਘਾ ਖੋਲ੍ਹੇ ਜਾਣ ਦਾ ਸਵਾਗਤ

ਸੰਯੁਕਤ ਰਾਸ਼ਟਰ/ਵਾਸ਼ਿੰਗਟਨ: ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦਾ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਅਤੇ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਲਾਂਘੇ ਰਾਹੀਂ ਦੋਵੇਂ ਮੁਲਕਾਂ ਵਿਚਕਾਰ ਆਪਸੀ ਸਮਝ ਵਧੇਗੀ ਅਤੇ ਧਰਮਾਂ ਵਿਚਕਾਰ ਸਦਭਾਵਨਾ ਦਾ ਮਾਹੌਲ ਬਣੇਗਾ। ਅਮਰੀਕੀ ਵਿਦੇਸ਼ ਵਿਭਾਗ ਦੀ ਤਰਜਮਾਨ ਮੌਰਗਨ ਓਰਟਾਗਸ ਨੇ ਟਵਿੱਟਰ ‘ਤੇ ਪਾਈ ਪੋਸਟ ‘ਚ ਦੋਵੇਂ ਮੁਲਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਗੁਆਂਢੀ ਮੁਲਕਾਂ ਵਿਚਕਾਰ ਆਪਸੀ ਲਾਹੇ ਲਈ ਰਲ ਕੇ ਕੰਮ ਕਰਨ ਦੀ ਹਾਂ-ਪੱਖੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਨਵਾਂ ਲਾਂਘਾ ਧਾਰਮਿਕ ਆਜ਼ਾਦੀ ਨੂੰ ਹੁਲਾਰਾ ਦੇਣ ਲਈ ਉਠਾਇਆ ਗਿਆ ਵੱਡਾ ਕਦਮ ਹੈ।

ਅਸੀਂ ਚੂੜ੍ਹੀਆਂ ਨਹੀਂ ਪਾਈਆਂ, ਮੂਧੇ ਮਾਰ ਕੇ ਛੱਡਾਂਗੇ : ਕੈਪਟਨ ਅਮਰਿੰਦਰ
ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਵੀ ਪਾਕਿਸਤਾਨ ਨੂੰ ਲਤਾੜਿਆ
ਡੇਰਾ ਬਾਬਾ ਨਾਨਕ : ਪੰਜਾਬ ਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨੀ ਸਮਾਗਮ ਵਿਚ ਜਿੱਥੇ 70 ਸਾਲ ਬਾਅਦ ਲਾਂਘਾ ਖੁੱਲ੍ਹਣ ‘ਤੇ ਖੁਸ਼ੀ ਪ੍ਰਗਟਾਈ, ਉਥੇ ਉਨ੍ਹਾਂ ਇਸ ਦਿਨ ਵੀ ਪਾਕਿਸਤਾਨ ਨੂੰ ਚਿਤਾਵਨੀ ਦੇਣ ਤੋਂ ਗੁਰੇਜ਼ ਨਹੀਂ ਕੀਤਾ ਅਤੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਅਸੀਂ ਵੀ ਚੂੜੀਆਂ ਨਹੀਂ ਪਾਈਆਂ ਹੋਈਆਂ, ਮੂਧਾ ਮਾਰ ਕੇ ਛੱਡਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਆਪਣੇ ਸੰਬੋਧਨ ਦੌਰਾਨ ਕੈਪਟਨ ਨੇ ਕਿਹਾ ਕਿ 1947 ਵਿਚ ਹਾਲਾਤ ਅਜਿਹੇ ਬਣ ਗਏ ਸਨ ਕਿ ਪੰਜਾਬ ਦੋ ਹਿੱਸਿਆਂ ਵਿਚ ਵੰਡਿਆ ਗਿਆ। ਪੰਜਾਬ ਦੇ ਕਈ ਗੁਰਦੁਆਰੇ ਪਾਕਿਸਤਾਨ ‘ਚ ਚਲੇ ਗਏ। ਉਨ੍ਹਾਂ ਕਿਹਾ ਕਿ ਉਹ ਪੰਜਾ ਸਾਹਿਬ, ਨਨਕਾਣਾਸਾਹਿਬ ਤਾਂ ਜਾ ਚੁੱਕੇ ਹਨ, ਪਰ ਕਰਤਾਰਪੁਰ ਨਹੀਂ ਗਏ ਸਨ ਅਤੇ ਇਹ ਇੱਛਾ ਪ੍ਰਧਾਨ ਮੰਤਰੀ ਨੇ ਪੂਰੀ ਕੀਤੀ ਹੈ। ਕੈਪਟਨ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਅਸ਼ਾਂਤੀ ਫੈਲਾਉਣ ਦਾ ਕੰਮ ਨਾ ਕਰੇ ਕਿਉਂਕਿ ਨਾ ਕਸ਼ਮੀਰ ਵਿਚ ਉਸਦੀ ਗੱਲ ਬਨਣੀ ਹੈ, ਨਾ ਪੰਜਾਬ ਵਿਚ। ਪਾਕਿਸਤਾਨ ਨੇ ਪੰਜਾਬ ਪ੍ਰਤੀ ਮਾੜੀ ਨਜ਼ਰ ਰੱਖੀ ਤਾਂ ਅਸੀਂ ਚੂੜ੍ਹੀਆਂ ਨਹੀਂ ਪਾਈਆਂ, ਮੂਧੇ ਮਾਰ ਕੇ ਛੱਡਾਂਗੇ। ਉਨ੍ਹਾਂ ਅੱਗੇ ਕਿਹਾ ਕਿ ਸਾਰੇ ਪੰਜਾਬ ਦੇ ਅਗਲੇ 25 ਸਾਲ ਵਿਚ ਰੇਗਿਸਤਾਨ ਬਣ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਚਾਹੀਦਾ ਹੈ ਕਿ ਉਹ ਨੌਕਰੀਆਂ ਦੇਵੇ ਅਤੇ ਸਨਅਤ ਲਗਾਵੇ।

ਪ੍ਰਧਾਨ ਮੰਤਰੀ ਨੇ 550 ਰੁਪਏ ਦਾ ਸਿੱਕਾ ਕੀਤਾ ਜਾਰੀ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਇਤਿਹਾਸਕ ਦਿਹਾੜੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 550 ਰੁਪਏ ਦਾ ਸਿੱਕਾ ਜਾਰੀ ਕੀਤਾ ਗਿਆ। ਇਸ ਦੇ ਇਕ ਪਾਸੇ ਗੁਰਦੁਆਰਾ ਬੇਰ ਸਾਹਿਬ ਦੀ ਤਸਵੀਰ ਹੈ, ਜਿਸ ਨਾਲ 550ਵਾਂ ਪ੍ਰਕਾਸ਼ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਨਾਲ ਉਕਰਿਆ ਹੋਇਆ ਹੈ। ਇਸ ਦਾ ਵਜ਼ਨ 36 ਗ੍ਰਾਮ ਹੈ। ਸਿੱਕੇ ਦੇ ਦੂਜੇ ਪਾਸੇ ‘ਤੇ ਲਾਈਨ ਕੈਪੀਟੇਲ ਅਤੇ ਅਸ਼ੋਕ ਚੱਕਰ ਤੇ ਸਤਿਆਮੇਵ ਜਯਤੇ ਉਕਰਿਆ ਹੈ। ਇਸ ਤੋਂ ਇਲਾਵਾ ਪੰਜ ਡਾਕ ਟਿਕਟਾਂ ਵੀ ਜਾਰੀ ਕੀਤੀਆਂ ਗਈਆਂ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੂਰੀ ਦੁਨੀਆ ਨੂੰ ਦਿੱਤਾ ਸਾਂਝੀਵਾਲਤਾ ਦਾ ਸੁਨੇਹਾ: ਗਿਆਨੀ ਹਰਪ੍ਰੀਤ ਸਿੰਘ
ਪਾਕਿਸਤਾਨ ਦੀ ਧਰਤੀ ‘ਤੇ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਦੇ ਹੋਏ ਉਦਘਾਟਨ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 72 ਸਾਲਾਂ ਬਾਅਦ ਸਾਡੀ ਮੁਰਾਦ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਉਹ ਦੋਵਾਂ ਦੇਸ਼ਾਂ ਦਾ ਤਹਿ ਦਿਲੋਂ ਧੰਨਵਾਦ ਕਰਦੇਹਨ। ਇਸ ਦੇ ਨਾਲ ਹੀ ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹ ਕਿ ਜਿਵੇਂ ਭਾਰਤ ਦੇ ਸਿੱਖਾਂ ਲਈ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ ਹੈ, ਉਸੇ ਤਰ੍ਹਾਂ ਹੀ ਪਾਕਿਸਤਾਨ ਦੇ ਸਿੱਖਾਂ ਲਈ ਡੇਰਾ ਬਾਬਾ ਨਾਨਕ ਦਾ ਲਾਂਘਾ ਖੁੱਲ੍ਹਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿਹਰਬਾਨੀ ਨਾਲ ਪੂਰੀ ਹੋਈ ਅਰਦਾਸ : ਪ੍ਰਕਾਸ਼ ਸਿੰਘ ਬਾਦਲ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਰਤਾਰਪੁ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਦੀਦਾਰ ਲਈ ਸੰਗਤ 72 ਸਾਲਾਂ ਤੋਂ ਅਰਦਾਸਾਂ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਇਹ ਅਰਦਾਸ ਅਕਾਲ ਪੁਰਖ ਦੀ ਕਿਰਪਾ ਅਤੇ ਨਰਿੰਦਰ ਮੋਦੀ ਦੀ ਮਿਹਰਬਾਨੀ ਨਾਲ ਹੀ ਪੂਰੀ ਹੋਈ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਇਸ ਮੌਕੇ ਕੁਲਦੀਪ ਸਿੰਘ ਵਡਾਲਾ ਦਾ ਵੀ ਜ਼ਿਕਰ ਕੀਤਾ, ਜਿਹੜੇ ਲਗਾਤਾਰ 18 ਸਾਲ ਅਰਦਾਸ ਕਰਨ ਲਈ ਡੇਰਾ ਬਾਬਾ ਨਾਨਕ ਪਹੁੰਚ ਰਹੇ।

ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਦੀ ਲੋੜ : ਰਾਮਨਾਥ ਕੋਵਿੰਦ
ਸੁਲਤਾਨਪੁਰ ਲੋਧੀ : ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਣਾ ਕੇ ਸਾਨੂੰ ਸਾਰਿਆਂ ਨੂੰ ਦੇਸ਼ ਤੇ ਦੁਨੀਆ ਦੀ ਬਿਹਤਰੀ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ, ਅਜਿਹਾ ਕਰਕੇ ਹੀ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ‘ਤੇ ਉਨ੍ਹਾਂ ਨੂੰ ਸੱਚਾ ਸਨਮਾਨ ਦੇ ਸਕਦੇ ਹਾਂ ਤੇ ਆਓ ਸਾਰੇ ਮਿਲ ਕੇ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਗੁਰੂ ਨਾਨਕ ਦੇਵ ਜੀ ਤੋਂ ਆਸ਼ੀਰਵਾਦ ਲਈਏ। ਇਹ ਪ੍ਰਗਟਾਵਾ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਨਾਨਕ ਸਟੇਡੀਅਮ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਵਿਸ਼ਾਲ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਮੇਰੇ ਵੱਡੇ ਭਾਗ ਹਨ, ਜਿਨ੍ਹਾਂ ਨੂੰ ਗੁਰੂ ਜੀ ਦੀ ਪਾਵਨ ਛੋਹ ਧਰਤੀ ਸੁਲਤਾਨਪੁਰ ਲੋਧੀ ਵਿਚ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜਿੱਥੇ ਗੁਰੂ ਜੀ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ। ਰਾਮ ਨਾਥ ਕੋਵਿੰਦ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿਚ ਰੂਹਾਨੀਅਤ ਦੀ ਪ੍ਰਾਪਤੀ ਉਪਰੰਤ ਗੁਰੂ ਜੀ ਨੇ ਗਿਆਨ ਦੀ ਮਿਸ਼ਾਲ ਲੈ ਕੇ ਪੂਰੀ ਦੁਨੀਆ ਨੂੰ ਚਾਨਣ ਵੰਡਣ ਲਈ ਉਦਾਸੀਆਂ ਧਾਰਨ ਕੀਤੀਆਂ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਬਰਾਬਰੀ, ਭਾਈਚਾਰਾ, ਨੇਕੀ ਤੇ ਸਦਾਚਾਰ ਦੀਆਂ ਸਿੱਖਿਆਵਾਂ ਰਾਹੀਂ ਲੋਕਾਈ ਨੂੰ ਜਾਤ-ਪਾਤ ਤੇ ਕਰਮ ਕਾਂਡਾਂ ‘ਚੋਂ ਮੁਕਤ ਕਰਨ ਦਾ ਯਤਨ ਕੀਤਾ।
ਰਾਸ਼ਟਰਪਤੀ ਨੇ ਕਿਹਾ ਕਿ ਗੁਰੂ ਜੀ ਨੇ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਸੰਗੀਤ ਦੀ ਮਿਠਾਸ ਵਿਚ ਰਚੀ ਸਰਲ ਭਾਸ਼ਾ ਵਿਚ ਉਪਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਜੀ ਵਲੋਂ ਲੋਕਾਂ ਨੂੰ ਦਿੱਤੇ ਗਏ ਕਿਰਤ ਕਰਨ ਦੇ ਉਪਦੇਸ਼ ਆਧਾਰਿਤ ਅਧਿਆਤਮ ਦੀ ਸਿੱਖਿਆ ਦਾ ਇਹ ਸਪੱਸ਼ਟ ਪ੍ਰਮਾਣ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲੇ ਲੋਕਾਂ ਨੇ ਪੂਰੀ ਦੁਨੀਆ ਵਿਚ ਮਿਹਨਤ ਤੇ ਇਮਾਨਦਾਰੀ ਨਾਲ ਨਾਮਣਾ ਖੱਟਿਆ ਹੈ। ਰਾਮ ਨਾਥ ਕੋਵਿੰਦ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂ ਸਾਹਿਬਾਨ ਨੇ ਸੱਚ ਦੀ ਪ੍ਰਾਪਤੀ ਲਈ ਨਿਡਰਤਾ ਨਾਲ ਇਨਸਾਫ਼ ਦੀ ਤਰਫ਼ਦਾਰੀ ਕਰਕੇ ਇਕ ਮਹਾਨ ਪ੍ਰੰਪਰਾ ਕਾਇਮ ਕੀਤੀ ਹੈ। ਉਨ੍ਹਾਂ ਸਿੱਖ ਧਰਮ ਵਿਚ ਮੀਰੀ ਪੀਰੀ ਦੇ ਸਿਧਾਂਤ ਦੀ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਦਾ ਸੁਮੇਲ ਸਿੱਖ ਧਰਮ ਦੀ ਵਿਲੱਖਣਤਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਗ੍ਰਹਿਸਤ ਵਿਚ ਰਹਿ ਕੇ ਧਰਮ ਕਮਾਉਣ ਦਾ ਰਾਹ ਦਿਖਾਇਆ ਤੇ ਉਨ੍ਹਾਂ ਇਸ ਮਿੱਥ ਨੂੰ ਵੀ ਤੋੜਿਆ ਕਿ ਮੁਕਤੀ ਹਾਸਲ ਕਰਨ ਲਈ ਧਰਮ ਕਮਾਉਣ ਲਈ ਗ੍ਰਹਿਸਤ ਛੱਡਣੀ ਜ਼ਰੂਰੀ ਹੈ। ਉਨ੍ਹਾਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਵੀ ਦਿੱਤੀ।

ਕਰਤਾਰਪੁਰ ਦੇ ਸ਼ਰਧਾਲੂਆਂ ਲਈ ਕਾਊਂਟਰ ਖੋਲ੍ਹਣ ਦੀ ਸ਼੍ਰੋਮਣੀ ਕਮੇਟੀ ਨੇ ਕੀਤੀ ਪੇਸ਼ਕਸ਼
ਕੀਰਤਨ ਕਰਨ ਲਈ ਰੋਜ਼ਾਨਾ ਜਥਾ ਭੇਜਣ ਲਈ ਹੋ ਰਿਹਾ ਹੈ ਵਿਚਾਰ
ਅੰਮ੍ਰਿਤਸਰ/ਬਿਊਰੋ ਨਿਊਜ਼ : ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨਾਂ ਲਈ ਜਾਣ ਦੇ ਇਛੁੱਕ ਸ਼ਰਧਾਲੂਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਿਆਂ ਵਿੱਚ ਕਾਊਂਟਰ ਖੋਲ੍ਹਣ ਦੀ ਪੇਸ਼ਕਸ਼ ਰੱਖੀ ਹੈ। ਭਾਰਤ ਅਤੇ ਪਾਕਿਸਤਾਨ ਸਰਕਾਰ ਵੱਲੋਂ 9 ਨਵੰਬਰ ਨੂੰ ਕਰਤਾਰਪੁਰ ਲਾਂਘਾ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਹੈ। ਇਹ ਲਾਂਘਾ ਖੁੱਲ੍ਹਣ ਮਗਰੋਂ ਸਿੱਖ ਸ਼ਰਧਾਲੂਆਂ ਦੇ ਜਥੇ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨਾਂ ਲਈ ਜਾ ਰਹੇ ਹਨ ਪਰ ਸ਼ਰਧਾਲੂਆਂ ਦੀ ਗਿਣਤੀ ਘੱਟ ਹੈ, ਜਿਸ ਦਾ ਵੱਡਾ ਕਾਰਨ ਗੁਰਦੁਆਰਾ ਕਰਤਾਰਪੁਰ ਜਾਣ ਲਈ ਬਣਾਈ ਗਈ ਗੁੰਝਲਦਾਰ ਪ੍ਰਕਿਰਿਆ ਹੈ। ਫਿਲਹਾਲ ਸ਼ਰਧਾਲੂਆਂ ਨੂੰ ਇਸ ਸਬੰਧੀ ਫਾਰਮ ਭਰਨ ਵਿੱਚ ਵੀ ਮੁਸ਼ਕਿਲ ਪੇਸ਼ ਆ ਰਹੀ ਹੈ ਅਤੇ ਇਸ ਸਬੰਧੀ ਵਿਭਾਗ ਵੱਲੋਂ ਭੇਜੀ ਗਈ ਜਾਣਕਾਰੀ ਪ੍ਰਾਪਤ ਕਰਨਾ ਵੀ ਔਖਾ ਹੋਇਆ ਪਿਆ ਹੈ। ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵਿਚਾਲੇ ਹਰ ਰੋਜ਼ ਕਰੀਬ ਪੰਜ ਹਜ਼ਾਰ ਸ਼ਰਧਾਲੂਆਂ ਨੂੰ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨਾਂ ਲਈ ਭੇਜਣ ਦਾ ਸਮਝੌਤਾ ਹੋਇਆ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਇਸ ਸਬੰਧ ਵਿੱਚ ਸ਼ਰਧਾਲੂਆਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਗੁਰਦੁਆਰਿਆਂ ਵਿੱਚ ਮੱਦਦ ਕਾਊਂਟਰ ਖੋਲ੍ਹਣ ਲਈ ਤਿਆਰ ਹੈ ਤਾਂ ਜੋ ਸ਼ਰਧਾਲੂਆਂ ਨੂੰ ਪ੍ਰਵਾਨਗੀ ਲੈਣ ਸਬੰਧੀ ਫਾਰਮ ਭਰਨ ਵਿੱਚ ਮਦਦ ਮਿਲ ਸਕੇ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨ ਕਰ ਕੇ ਵਾਪਸ ਪਰਤ ਰਹੇ ਸ਼ਰਧਾਲੂਆਂ ਨੇ ਇਹ ਵੀ ਦੱਸਿਆ ਹੈ ਕਿ ਉੱਥੇ ਲੰਗਰ ਦੀ ਸਮੱਸਿਆ ਵੀ ਪੇਸ਼ ਆ ਰਹੀ ਹੈ। ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ। ਇਸ ਤੋਂ ਇਲਾਵਾ ਗੁਰਦੁਆਰਾ ਕਰਤਾਰਪੁਰ ਵਿਖੇ ਰੋਜ਼ਾਨਾ ਕੀਰਤਨੀ ਜਥਾ ਭੇਜਣ ਦੀ ਤਜਵੀਜ਼ ਵੀ ਹੈ। ਜੇਕਰ ਇਸ ਸਬੰਧੀ ਮਨਜ਼ੂਰੀ ਮਿਲਦੀ ਹੈ ਤਾਂ ਇਹ ਰਾਗੀ ਜਥੇ ਦਿਨ ਭਰ ਗੁਰਦੁਆਰਾ ਕਰਤਾਰਪੁਰ ਵਿਖੇ ਕੀਰਤਨ ਕਰਨ ਮਗਰੋਂ ਸ਼ਾਮ ਨੂੰ ਆਮ ਸੰਗਤ ਨਾਲ ਹੀ ਵਾਪਸ ਪਰਤ ਆਉਣਗੇ।

ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਦੀ ਫ਼ੀਸ ਸ਼੍ਰੋਮਣੀ ਕਮੇਟੀ ਦੇਵੇ
ਕੈਪਟਨ ਅਮਰਿੰਦਰ ਨੇ ਮੋਦੀ ਅਤੇ ਇਮਰਾਨ ਨੂੰ ਪਾਸਪੋਰਟ ਦੀ ਸ਼ਰਤ ਖਤਮ ਕਰਨ ਦੀ ਕੀਤੀ ਅਪੀਲ
ਚੰਡੀਗੜ੍ਹ : ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਲੰਘੀ 9 ਨਵੰਬਰ ਨੂੰ ਖੁੱਲ੍ਹ ਗਿਆ ਸੀ ਅਤੇ ਪਹਿਲੇ ਦਿਨ ਸ਼ਰਧਾਲੂਆਂ ਕੋਲੋਂ 20 ਡਾਲਰ ਦੀ ਫੀਸ ਨਹੀਂ ਲਈ ਗਈ ਸੀ। ਉਸ ਤੋਂ ਬਾਅਦ ਸ਼ਰਧਾਲੂਆਂ ਕੋਲੋਂ 20 ਡਾਲਰ ਯਾਨੀ 1420 ਰੁਪਏ ਦੀ ਫੀਸ ਲਈ ਜਾ ਰਹੀ ਹੈ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਹੈ ਕਿ ਉਹ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ, ਘੱਟੋ-ਘੱਟ ਪੀਲੇ ਕਾਰਡ ਧਾਰਕਾਂ ਦੀ 20 ਡਾਲਰ ਦੀ ਫ਼ੀਸ ਅਦਾ ਕਰੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਪੀਲ ਕੀਤੀ ਹੈ ਕਿ ਉਹ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਲਈ ਪਾਸਪੋਰਟ ਦੀ ਸ਼ਰਤ ਖ਼ਤਮ ਕਰਨ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ‘ਤੇ ਆਪਸੀ ਸਹਿਮਤੀ ਪ੍ਰਗਟਾਉਣ।

ਕਰਤਾਰਪੁਰ ਸਾਹਿਬ ‘ਚ ਸ਼ਰਧਾ ਦਾ ਸੈਲਾਬ
72 ਸਾਲ ਬਾਅਦ ਪੂਰੀ ਹੋਈ ਨਾਨਕ ਨਾਮ ਲੇਵਾ ਸੰਗਤ ਦੀ ਅਰਦਾਸ, ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇਕ ਦੂਜੇ ਨੂੰ ਗਲੇ ਮਿਲਦੇ ਦਿਖਾਈ ਦਿੱਤੇ
ਕਰਤਾਰਪੁਰ ਸਾਹਿਬ : ਆਖਰ ਕਰਤਾਰਪੁਰ ਲਾਂਘਾ ਖੁੱਲ੍ਹ ਹੀ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਰਦਾ ਹਟਾਉਣ ਦੀ ਰਸਮ ਦੇ ਬਾਅਦ ਜਦੋਂ ਖਾਲਸਾਈ ਨਿਸ਼ਾਨ ਸਾਹਿਬ ਲਹਿਰਾ ਕੇ ਪਹਿਲੇ ਜਥੇ ਨੂੰ ਰਵਾਨਗੀ ਦਿੱਤੀ ਤਾਂ ਮੰਨੋ ਲੋਕਾਂ ਦੀ 72 ਸਾਲ ਬਾਅਦ ਅਰਦਾਸ ਪੂਰੀ ਹੋ ਗਈ। ਸਭ ਤੋਂ ਖਾਸ ਗੱਲ ਇਹ ਸੀ ਕਿ ਇਸ ਮੌਕੇ ‘ਤੇ ਕੋਈ ਸਿਆਸਤ ਹੁੰਦੀ ਵੀ ਨਹੀਂ ਦਿਸੀ। ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇਕ ਦੂਜੇ ਨੂੰ ਗਲੇ ਮਿਲਦੇ, ਉਨ੍ਹਾਂ ਨੂੰ ਵਧਾਈਆਂ ਦਿੰਦੇ ਨਹੀਂ ਥੱਕ ਰਹੇ ਸਨ। ਕਰਤਾਰਪੁਰ ਸਾਹਿਬ ਜਾਣ ਤੱਕ ਇਹ ਸਿਆਸਤ ਚੱਲ ਰਹੀ ਸੀ ਕਿ ਕੌਣ ਜਥੇ ਨੂੰ ਲੀਡ ਕਰੇਗਾ। ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੀਡ ਕਰਨ ਨਾਲ ਇਹ ਭੰਬਲਭੂਸਾ ਵੀ ਦੂਰ ਹੋ ਗਿਆ। ਇਹੀ ਗੱਲ ਨਵਜੋਤ ਸਿੰਘ ਸਿੱਧੂ ਦੇ ਬਾਰੇ ਵਿਚ ਕਹੀ ਜਾ ਸਕਦੀ ਹੈ। ਉਨ੍ਹਾਂ ਨੂੰ ਇਮਰਾਨ ਖਾਨ ਵਲੋਂ ਸੱਦਾ ਮਿਲਿਆ ਸੀ ਤਾਂ ਲੱਗ ਰਿਹਾ ਸੀ ਕਿ ਉਹ ਜਥੇ ਦਾ ਹਿੱਸਾ ਨਾ ਹੋ ਕੇ ਲਾਹੌਰ ਦੇ ਰਸਤੇ ਵੱਖਰੇ ਤੌਰ ‘ਤੇ ਨਾਲ ਜਾਣਗੇ, ਪਰ ਉਹ ਵੀ ਜਥੇ ਦਾ ਹਿੱਸਾ ਬਣੇ। ਕਰਤਾਰਪੁਰ ਲਾਂਘੇ ਦੇ ਜ਼ਰੀਏ ਇਹ ਪਹਿਲਾ ਜਥਾ ਰਵਾਨਾ ਹੋਇਆ ਤਾਂ ਪਹਿਲੇ ਗਰੁੱਪ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦਾ ਪਰਿਵਾਰ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ, ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦਾ ਪਰਿਵਾਰ ਤੇ ਉਨ੍ਹਾਂ ਦੇ ਸਹਾਇਕ ਵੀ ਗਏ। ਇਸਦੇ ਬਾਅਦ ਸਾਰਿਆਂ ਨੂੰ ਇਕ-ਇਕ ਕਰਕੇ ਭੇਜਿਆ ਗਿਆ। ਇਸ ਦਿਨ ਇਤਿਹਾਸਕ ਬਣਾਉਣ ਲਈ ਕੈਨੇਡਾ, ਅਮਰੀਕਾ, ਇਟਲੀ, ਜਰਮਨੀ ਅਤੇ ਯੂਕੇ ਆਦਿ ਤੋਂ ਭਾਰਤ ਨੇ 80 ਐਨ ਆਰ ਆਈਜ਼ ਨੂੰ ਸੱਦਾ ਦਿੱਤਾ ਸੀ।
ਇਟਲੀ ਦੇ ਕੁਲਵੰਤ ਸਿੰਘ ਜਿਹੜੇ ਪਹਿਲੀ ਵਾਰ ਕਰਤਾਰਪੁਰ ਸਾਹਿਬ ਜਾ ਰਹੇ ਸਨ, ਨੇ ਉਮੀਦ ਪ੍ਰਗਟਾਈ ਕਿ ਲਾਂਘੇ ਨੂੰ ਖੋਲ੍ਹਣ ਦਾ ਫੈਸਲਾ ਦੋਵਾਂ ਦੇਸ਼ਾਂ ਦਰਮਿਆਨ ਸਬੰਧ ਸੁਧਾਰਨ ਦਾ ਸੁਨਹਿਰੀ ਮੌਕਾ ਹੋ ਸਕਦਾ ਹੈ। ਭਾਰਤ ਤੋਂ ਗਏ ਪਹਿਲੇ ਜਥੇ ਨੂੰ ਕਰਤਾਰਪੁਰ ਸਾਹਿਬ ਜਾਣ ਦੀ ਕਿੰਨੀ ਜਲਦੀ ਸੀ, ਇਸਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਪਹਿਲੇ ਗਰੁੱਪ ਦੇ ਰੀਟ ਕ੍ਰਾਸ ਕਰਨ ਦੇ ਬਾਅਦ ਹੀ ਲੋਕਾਂ ਨੂੰ ਜਾਣ ਦੀ ਦੌੜ ਲੱਗ ਗਈ। ਪਾਕਿਸਤਾਨ ਪਹੁੰਚਣ ‘ਤੇ ਪਾਕਿਸਤਾਨੀ ਰੇਂਜਰ ਤੇ ਸੈਰ ਸਪਾਟਾ ਵਿਭਾਗ ਨੇ ਉਨ੍ਹਾਂ ਦਾ ਬਹੁਤ ਵਧੀਆ ਤਰੀਕੇ ਨਾਲ ਸਵਾਗਤ ਕੀਤਾ। ਪਾਕਿਸਤਾਨ ਵਲੋਂ ਪ੍ਰਬੰਧ ਬਹੁਤ ਵਧੀਆ ਸਨ। ਹਾਲਾਂਕਿ 20 ਡਾਲਰ ਦੀ ਫੀਸ ਪਹਿਲੇ ਦਿਨ ਪਾਕਿਸਤਾਨ ਮਾਫ ਕੀਤੀ ਸੀ। ਇਸ ਲਈ ਗੁਰਦੁਆਰਾ ਸਾਹਿਬ ਵਿਚ ਖਰਚ ਲਈ ਸਾਰੇ ਸ਼ਰਧਾਲੂਆਂ ਨੂੰ ਕਰੰਸੀ ਬਦਲਣ ਦਾ ਮੌਕਾ ਦਿੱਤਾ ਗਿਆ ਸੀ। ਪਰ ਜ਼ਿਆਦਾਤਰ ਸ਼ਰਧਾਲੂਆਂ ਨੇ ਭਾਰਤੀ ਕਰੰਸੀ ਵਿਚ ਹੀ ਮੱਥਾ ਟੇਕਿਆ। ਗੁਰਦੁਆਰਾ ਸਾਹਿਬ ਵਿਚ ਚਾਰੋਂ ਪਾਸੇ ‘ਜੋ ਬੋਲੇ ਸੋ ਨਿਹਾਲ’ ਦੇ ਜੈਕਾਰੇ ਲੱਗ ਰਹੇ ਸਨ। ਗੁਰਦੁਆਰਾ ਸਾਹਿਬ ਕੰਪਲੈਕਸ ਨੂੰ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਗਿਆ ਸੀ ਅਤੇ ਵਿਛਾਈਆਂ ਗਈਆਂ ਦਰੀਆਂ ‘ਤੇ ਤਕੀਏ ਵੀ ਰੱਖੇ ਹੋਏ ਸਨ ਤਾਂ ਕਿ ਜੋ ਬਜ਼ੁਰਗਾਂ ਨੂੰ ਬੈਠਣ ਵਿਚ ਪ੍ਰੇਸ਼ਾਨੀ ਨਾ ਹੋਵੇ। ਗੁਰਦੁਆਰਾ ਸਾਹਿਬ ਵਿਚ ਜਿੱਥੇ ਭਾਰਤ ਤੋਂ ਸਿਰਫ 500 ਸ਼ਰਧਾਲੂ ਗਏ ਸਨ, ਉਥੇ ਪਾਕਿਸਤਾਨ ਵਲੋਂ ਆਉਣ ਵਾਲਿਆਂ ਦੀ ਗਿਣਤੀ ਕਿਤੇ ਜ਼ਿਆਦਾ ਸੀ। ਪਾਕਿਸਤਾਨ ਵਿਚ ਰਹਿਣ ਵਾਲੇ ਸਿੱਖ ਵੀ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ।

ਮੋਦੀ ਤੇ ਕੈਪਟਨ ਨੇ ਪੰਗਤ ‘ਚ ਬੈਠ ਕੇ ਛਕਿਆ ਲੰਗਰ
ਡੇਰਾ ਬਾਬਾ ਨਾਨਕ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ਼ਨੀਵਾਰ ਨੂੰ ਇਤਿਹਾਸਕ ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਡੇਰਾ ਬਾਬਾ ਨਾਨਕ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪੰਜਾਬ ਸਰਕਾਰ ਦੇ ਪੰਡਾਲ ਵਿਚ ਪੰਗਤ ਵਿਚ ਬੈਠ ਕੇ ਲੰਗਰ ਛਕਿਆ। ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਤੇ ਰਾਜਪਾਲ ਵੀਪੀ ਸਿੰਘ ਬਦਨੌਰ ਸਮੇਤ ਹੋਰਨਾਂ ਪ੍ਰਮੁੱਖ ਸ਼ਖ਼ਸੀਅਤਾਂ ਦੇ ਨਾਲ ਨਾਲ ਪ੍ਰਧਾਨ ਮੰਤਰੀ ਨੇ ਜਨਤਕ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਇੰਟੈਗਰੇਟਿਡ ਚੈਕ ਪੋਸਟ ਵਿਖੇ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਕਰਨ ਤੋਂ ਪਹਿਲਾਂ ਪੰਡਾਲ ਵਿਚ ਜਾ ਕੇ ਲੰਗਰ ਛਕਿਆ। ਲਾਂਘੇ ਵੱਲ ਜਾਂਦੇ ਰਸਤੇ ‘ਤੇ ਚੈਕ ਪੋਸਟ ਤੋਂ ਕੁਝ ਪਹਿਲਾਂ ਸੂਬਾ ਸਰਕਾਰ ਵਲੋਂ ਪੰਡਾਲ ਵਿਚ ਲੰਗਰ ਲਗਾਇਆ ਗਿਆ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ, ਮੁੱਖ ਮੰਤਰੀ ਰਾਜਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਵੀ ਹਾਜ਼ਰ ਸਨ।

ਬਾਬੇ ਨਾਨਕ ਦੇ ਖੂਹ ਦੀਆਂ ਟਿੰਡਾਂ ਅਜੇ ਵੀ ਕੱਢਦੀਆਂ ਹਨ ਪਾਣੀ
ਗੁਰਦੁਆਰਾ ਸਾਹਿਬ ਦੀ ਹਦੂਦ ‘ਚ ਗੁਰੂ ਨਾਨਕ ਦੇਵ ਜੀ ਵਲੋਂ ਆਪਣੇ ਖੇਤਾਂ ਨੂੰ ਪਾਣੀ ਦੇਣ ਲਈ ਲਾਏ ਗਏ ਖੂਹ ਦੀਆਂ ਟਿੰਡਾਂ ਅਜੇ ਵੀ ਪਾਣੀ ਕੱਢ ਰਹੀਆਂ ਹਨ। ਭਾਵੇਂ ਇਹ ਖੂਹ ਬਿਜਲੀ ਦੀ ਮੋਟਰ ਨਾਲ ਚਲਾਇਆ ਜਾ ਰਿਹਾ ਹੈ, ਜਦ ਕਿ ਇਸ ਖੂਹ ‘ਚੋਂ ਨਿਕਲਣ ਵਾਲੇ ਪਾਣੀ ‘ਚੋਂ ਅਜੇ ਵੀ ਖ਼ੁਸ਼ਬੂ ਆਉਂਦੀ ਹੈ, ਜਿਸ ਨੂੰ ਸੰਗਤ ਅੰਮ੍ਰਿਤ ਰੂਪ ਜਲ ਲਈ ਘਰਾਂ ਨੂੰ ਲਿਜਾਂਦੀ ਹੈ।

Check Also

ਕਰਜ਼ੇ ’ਚ ਡੁੱਬੇ ਜਗਰਾਓ ਦੇ ਕਿਸਾਨ ਸੁਖਮੰਦਰ ਸਿੰਘ ਨੇ ਪੀਤੀ ਜ਼ਹਿਰ

ਤਿੰਨ ਧੀਆਂ ਦੇ ਪਿਤਾ ਨੇ ਇਲਾਜ਼ ਦੌਰਾਨ ਤੋੜਿਆ ਦਮ ਜਗਰਾਉਂ/ਬਿਊਰੋ ਨਿਊਜ਼ : ਸਮੇਂ-ਸਮੇਂ ਦੀਆਂ ਸਰਕਾਰਾਂ …