ਛੋਟੇਪੁਰ ਨੇ ਪਹਿਲਾਂ ਬਣਾਈ ਸੀ ‘ਆਪਣਾ ਪੰਜਾਬ’ ਪਾਰਟੀ
ਗੁਰਦਾਸਪੁਰ/ਬਿਊਰੋ ਨਿਊਜ਼ : 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਮਾਝੇ ਦੇ ਆਗੂ ਸੁੱਚਾ ਸਿੰਘ ਛੋਟੇਪੁਰ ਛੇਤੀ ਹੀ ਮੁੜ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਹਨ। ਚਰਚਾ ਹੈ ਕਿ ਛੋਟੇਪੁਰ ਲਗਾਤਾਰ ਪਾਰਟੀ ਹਾਈਕਮਾਨ ਦੇ ਸੰਪਰਕ ਵਿੱਚ ਹਨ, ਜਿਸ ਮਗਰੋਂ ਉਨ੍ਹਾਂ ਦੇ ਮੁੜ ‘ਆਪ’ ਵਿੱਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ। ਛੋਟੇਪੁਰ ਦੇ ਸਮਰਥਕਾਂ ਤੋਂ ਵੀ ਇਸ ਗੱਲ ਦੀਆਂ ਕਨਸੋਆਂ ਮਿਲੀਆਂ ਹਨ ਕਿ ਮਾਝੇ ਵਿੱਚ ਪਾਰਟੀ ਆਪਣਾ ਆਧਾਰ ਮਜ਼ਬੂਤ ਕਰਨ ਲਈ ਛੋਟੇਪੁਰ ਨੂੰ ਪਾਰਟੀ ‘ਚ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਹੈ। ਜੇਕਰ ਛੋਟੇਪੁਰ ‘ਆਪ’ ਵਿੱਚ ਮੁੜ ਸ਼ਾਮਲ ਹੁੰਦੇ ਹਨ ਤਾਂ ਸੂਬੇ ਦੀ ਰਾਜਨੀਤੀ ਦੇ ਨਾਲ ਹੀ ਉਨ੍ਹਾਂ ਦੇ ਆਪਣੇ ਜੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਸਿਆਸੀ ਸਮੀਕਰਨ ਵੀ ਬਦਲਣਗੇ।
ਜ਼ਿਕਰਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੁੱਚਾ ਸਿੰਘ ਛੋਟੇਪੁਰ ਪਾਰਟੀ ਦੇ ਸੂਬਾ ਕਨਵੀਨਰ ਸਨ। ਕੁਝ ਮਤਭੇਦਾਂ ਦੇ ਚੱਲਦਿਆਂ ਉਹ ਪਾਰਟੀ ਦਾ ਹਿੱਸਾ ਨਹੀਂ ਰਹੇ। ਆਮ ਆਦਮੀ ਪਾਰਟੀ ਤੋਂ ਵੱਖ ਹੋਣ ਮਗਰੋਂ ਛੋਟੇਪੁਰ ਨੇ ‘ਆਪਣਾ ਪੰਜਾਬ’ ਨਾਮ ਦੀ ਇੱਕ ਵੱਖਰੀ ਪਾਰਟੀ ਬਣਾਈ ਸੀ। ਇਸ ਪਾਰਟੀ ਵੱਲੋਂ ਉਹ 2021 ਦੀਆਂ ਵਿਧਾਨ ਸਭਾ ਚੋਣਾਂ ‘ਚ ਗੁਰਦਾਸਪੁਰ ਤੋਂ ਚੋਣ ਵੀ ਲੜੇ ਸਨ, ਪਰ ਮੁੱਖ ਮੁਕਾਬਲੇ ਤੋਂ ਕਾਫੀ ਦੂਰ ਰਹੇ। ਹੁਣ ਜਦਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਬਹੁਤ ਸਾਰੇ ਵਿਧਾਨ ਸਭਾ ਹਲਕਿਆਂ ਤੋਂ 2022 ਦੀਆਂ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕਿਆ ਹੈ, ਉੱਥੇ ‘ਆਪ’ ਵੱਲੋਂ ਹਾਲੇ ਤੱਕ ਨਾ ਤਾਂ ਮੁੱਖ ਮੰਤਰੀ ਦਾ ਚਿਹਰਾ ਪੇਸ਼ ਕੀਤਾ ਗਿਆ ਹੈ ਤੇ ਨਾ ਹੀ ਕਿਸੇ ਸੀਟ ਤੋਂ ਕੋਈ ਉਮੀਦਵਾਰ ਐਲਾਨਿਆ ਗਿਆ ਹੈ। ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਛੋਟੇਪੁਰ ਦੇ ਸੰਪਰਕ ਵਿੱਚ ਹੈ ਤਾਂ ਜੋ ਉਨ੍ਹਾਂ ਨੂੰ ਮੁੜ ਪਾਰਟੀ ਵਿੱਚ ਸ਼ਾਮਲ ਕਰਕੇ ਪਾਰਟੀ ਦਾ ਆਧਾਰ ਮਜ਼ਬੂਤ ਕੀਤਾ ਜਾ ਸਕੇ। ਇਸ ਸਬੰਧੀ ਪੁੱਛੇ ਜਾਣ ‘ਤੇ ਸੁੱਚਾ ਸਿੰਘ ਛੋਟੇਪੁਰ ਨੇ ਸਿਰਫ਼ ਇੰਨਾ ਹੀ ਕਿਹਾ ਕਿ ਸਿਆਸਤ ਵਿੱਚ ਚਰਚਾਵਾਂ ਚੱਲਣੀਆਂ ਚੰਗੀ ਗੱਲ ਹੈ। ਉਹ ਜਦੋਂ ਵੀ, ਜੋ ਕੋਈ ਵੀ ਫ਼ੈਸਲਾ ਲੈਣਗੇ, ਆਪਣੇ ਸਮਰਥਕਾਂ ਅਤੇ ਵਰਕਰਾਂ ਦੀ ਸਹਿਮਤੀ ਨਾਲ ਹੀ ਲੈਣਗੇ।