Breaking News
Home / ਪੰਜਾਬ / ਖੋਲ੍ਹ ਦਿਓ ਭਾਰਤ-ਪਾਕਿ ਬਾਰਡਰ : ਨਵਜੋਤ ਸਿੰਘ ਸਿੱਧੂ

ਖੋਲ੍ਹ ਦਿਓ ਭਾਰਤ-ਪਾਕਿ ਬਾਰਡਰ : ਨਵਜੋਤ ਸਿੰਘ ਸਿੱਧੂ

ਸਿੱਧੂ ਦੀ ਬੱਲੇ-ਬੱਲੇ, ਭਾਰਤ ‘ਚ ਪ੍ਰਸ਼ੰਸਕਾਂ ਨੇ ਸਿੱਧੂ ਨੂੰ ਪਾਇਆ ਘੇਰਾ
ਕਰਤਾਰਪੁਰ ਸਾਹਿਬ : ਭਾਰਤ ਵਿਚ ਸਿਆਸਤ ਦੇ ਹਾਸ਼ੀਏ ‘ਤੇ ਚੱਲ ਰਹੇ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਵਿਚ ਜ਼ੋਰਦਾਰ ਸਵਾਗਤ ਹੋਇਆ, ਜਿਸ ਤੋਂ ਉਤਸ਼ਾਹਿਤ ਹੋ ਕੇ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਾਹਮਣੇ ਭਾਰਤ-ਪਾਕਿ ਸਰਹੱਦਾਂ ਖੋਲ੍ਹਣ ਦੀ ਮੰਗ ਰੱਖ ਦਿੱਤੀ। ਹਾਲਾਂਕਿ ਜਥੇ ਦੇ ਨਾਲ ਜਾਣ ਦੇ ਮੌਕੇ ‘ਤੇ ਭਾਰਤ ਦੇ ਨੇਤਾਵਾਂ ਨੇ ਉਨ੍ਹਾਂ ਨੂੰ ਉਹ ਸਤਿਕਾਰ ਨਹੀਂ ਦਿੱਤਾ, ਜਿੰਨਾ ਪਾਕਿਸਤਾਨ ਦੇ ਨੇਤਾਵਾਂ ਨੇ ਦਿੱਤਾ। ਸਿੱਧੂ ਨੇ ਵੀ ਇਮਰਾਨ ਦੀ ਜ਼ਬਰਦਸਤ ਤਾਰੀਫ ਕਰਦੇ ਹੋਏ ਕਿਹਾ ਕਿ ਸਿਕੰਦਰ ਨੇ ਜਿੱਥੇ ਡਰਾ ਕੇ ਦੁਨੀਆ ਜਿੱਤੀ ਸੀ, ਉਥੇ ਇਮਰਾਨ ਦਿਲਾਂ ਨੂੰ ਜਿੱਤ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੇ ਯਾਰ ਨੇ ਮੇਰੇ ਬਾਬੇ ਦੇ ਘਰ ਨੂੰ ਦਸ ਮਹੀਨਿਆਂ ਵਿਚ ਸਵਰਗ ਬਣਾ ਦਿੱਤਾ ਹੈ।
ਸਿੱਧੂ ਨੇ ਕਿਹਾ ਕਿ 1947 ਦੀ ਵੰਡ ਦਾ ਡੰਗ ਪੰਜਾਬ ਨੇ ਹੀ ਝੱਲਿਆ ਹੈ। 72 ਸਾਲਾਂ ਤੋਂ ਸਿੱਖਾਂ ਦੀ ਇਸ ਲਾਂਘੇ ਨੂੰ ਖੋਲ੍ਹਣ ਦੀ ਆਵਾਜ਼ ਕਿਸ ਨੇ ਨਹੀਂ ਸੁਣੀ। ਅੱਜ ਇਸ ਮੌਕੇ ‘ਤੇ ਉਨ੍ਹਾਂ ਨੇ ਕਮਰ ਜਾਵੇਦ ਬਾਜਵਾ ਨੂੰ ਪਿਛਲੇ ਸਾਲ ਪਾਈ ਗਈ ਜੱਫੀ ਦਾ ਵੀ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਇਹ ਜੱਫੀ ਰੰਗ ਲੈ ਆਈ ਹੈ। ਮੈਂ ਤਾਂ ਬਾਬੇ ਨਾਨਕ ਦੇ ਘਰ ਦਾ ਕੂਕਰ ਹਾਂ। ਜੇਕਰ ਭਾਰਤ-ਪਾਕਿ ਸਰਹੱਦ ਖੋਲ੍ਹਣ ਦਾ ਐਲਾਨ ਕਰ ਦੇਣ ਤਾਂ ਮੈਂ ਮੋਦੀ ਜੀ ਨੂੰ ਵੀ ਜੱਫੀ ਪਾਉਣ ਲਈ ਤਿਆਰ ਹਾਂ। ਜਦੋਂ ਵੀ ਉਹ ਬੁਲਾਉਣਗੇ ਮੈਂ ਜੱਫੀ ਪਾਉਣ ਪੁੱਜ ਜਾਵਾਂਗਾ। ਦਿਲਚਸਪ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦੇਸ਼ ਵਿਦੇਸ਼ ਤੋਂ ਆਈ ਸਿੱਖ ਸੰਗਤ ਲਈ ਤਾਂ ਖਿੱਚ ਦਾ ਕੇਂਦਰ ਸਨ, ਪਰ ਆਪਣੇ ਮੰਤਰੀਆਂ ਲਈ ਅਛੂਤ ਬਣੇ ਹੋਏ ਸਨ। ਇੱਥੋਂ ਤੱਕ ਪੂਰੇ ਦੌਰੇ ਵਿਚ ਉਨ੍ਹਾਂ ਦੀ ਕੈਪਟਨ ਅਮਰਿੰਦਰ ਸਿੰਘ ਗੱਲ ਤੱਕ ਨਹੀਂ ਹੋਈ। ਸਿੱਧੂ ਸਵੇਰੇ ਛੇਤੀ ਆ ਗਏ ਸਨ ਤੇ ਪੈਸੰਜਰ ਟਰਮੀਨਲ ਦੇ ਲਾਂਜ ਵਿਚ ਬੈਠੇ ਰਹੇ। ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੀ ਆਏ ਤੇ ਪੀਐਮ ਦੇ ‘ਫਲੈਗ ਆਫ’ ਕਰਨ ਤੋਂ ਬਾਅਦ ਕੈਪਟਨ ਲਾਂਘੇ ਵੱਲ ਚਲੇ ਗਏ। ਜਦੋਂ ਭਾਰਤ ‘ਚ ਲੋਕਾਂ ਨੇ ਘੇਰ ਲਿਆ ਸਿੱਧੂ ਨੂੰ : ਭਾਰਤ ਪਰਤਣ ‘ਤੇ ਜਦੋਂ ਸਿੱਧੂ ਲਾਂਘੇ ਤੋਂ ਬਾਹਰ ਨਿਕਲੇ ਤਾਂ ਉਥੇ ਮੌਜੂਦ ਆਮ ਲੋਕਾਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ ਅਤੇ ਉਨ੍ਹਾਂ ਦੇ ਹੱਕ ਵਿਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਹ ਲਾਂਘੇ ਨੂੰ ਖੁੱਲ੍ਹਵਾਉਣ ਦਾ ਸਿਹਰਾ ਸਿੱਧੂ ਨੂੰ ਦੇ ਰਹੇ ਸਨ।

ਇਮਰਾਨ ਖਾਨ ਨੇ ਪੁੱਛਿਆ : ਸਾਡਾ ਸਿੱਧੂ ਕਿੱਧਰ ਹੈ?
ਇਸਲਾਮਾਬਾਦ : ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਲਈ ਜਾਂਦੇ ਸਮੇਂ ਇਮਰਾਨ ਖਾ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਉਹ ਪੁੱਛਦੇ ਦਿਸ ਰਹੇ ਹਨ ਕਿ ‘ਸਾਡਾ ਸਿੱਧੂ ਕਿੱਧਰ ਹੈ’। ਇਮਰਾਨ ਦੀ ਇਸ ਗੱਲ ‘ਤੇ ਉਥੇ ਮੌਜੂਦ ਲੋਕ ਵੀ ਹੱਸ ਪਏ। ਇਸ ਘਟਨਾ ਬਾਰੇ ਵੀਡੀਓ ਸ਼ੋਸ਼ਲ ਮੀਡੀਆ ‘ਤੇ ਕਾਫੀ ਦੇਖਿਆ ਜਾ ਰਿਹਾ ਹੈ। ਚੇਤੇ ਰਹੇ ਕਿ ਸ਼ਨੀਵਾਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵੀ ਭਾਰਤੀ ਵਿਦੇਸ਼ ਮੰਤਰਾਲਾ ਤੋਂ ਇਜਾਜ਼ਤ ਲੈ ਕੇ ਸ੍ਰੀ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਪੁੱਛਿਆ, ‘ਸਾਡਾ ਸਿੱਧੂ ਕਿੱਧਰ ਹੈ, ਆ ਗਿਆ ਹੈ ਉਹ।’ ਭਾਵੇਂ ਸਿੱਧੂ ਉਥੇ ਨਹੀਂ ਸਨ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਭਾਰਤ ਵਲੋਂ ਗੇਟ ਬੰਦ ਕਰ ਦਿੱਤੇ ਗਏ ਹਨ ਅਤੇ ਸਿੱਧੂ ਜਥੇ ਦੀ ਲਾਈਨ ਵਿਚ ਲੱਗ ਗਏ ਹਨ। ਇਮਰਾਨ ਨੇ ਇਹ ਵੀ ਕਿਹਾ, ”ਜੇਕਰ ਸਿੱਧੂ ਨੂੰ ਉਦਘਾਟਨ ਸਮਾਗਮ ਵਿਚ ਆਉਣ ਤੋਂ ਰੋਕਿਆ ਜਾਂਦਾ ਹੈ ਤਾਂ ਉਹ ਸਿੱਧੂ ਨੂੰ ਹੋਰ ਹੀਰੋ ਬਣਾਉਣਗੇ।” ਫਿਰ ਇਮਰਾਨ ਖਾਨ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬਾਰ ੇਵੀ ਪੁੱਛਿਆ।

ਖਾਲਿਸਤਾਨ ਤੇ ਪਾਕਿਸਤਾਨ ਜ਼ਿੰਦਾਬਾਦ ਦੇ ਲੱਗੇ ਨਾਅਰੇ
ਉਦਘਾਟਨੀ ਸਮਾਗਮ ਦੌਰਾਨ ਜੋਸ਼ ਵਿੱਚ ਆਏ ਸ਼ਰਧਾਲੂਆਂ ਨੇ ਖਾਲਿਸਤਾਨ- ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ। ਇਸ ਮੌਕੇ ਇਮਰਾਨ ਖ਼ਾਨ, ਜਨਰਲ ਬਾਜਵਾ ਅਤੇ ਨਵਜੋਤ ਸਿੰਘ ਸਿੱਧੂ ਜ਼ਿੰਦਾਬਾਦ ਦੇ ਨਾਅਰੇ ਵੀ ਲੱਗੇ। ਅਕਾਸ਼ ਗੂੰਜਾਉ ਨਾਅਰੇਬਾਜ਼ੀ ਸੁਣ ਕੇ ਸਮੁੱਚੇ ਮੀਡੀਆ ਦਾ ਨਾਅਰੇਬਾਜ਼ੀ ਕਰ ਰਹੇ ਸ਼ਰਧਾਲੂਆਂ ਵੱਲ ਹੋ ਗਿਆ ਤਾਂ ਨਾਅਰਿਆਂ ਦੀ ਆਵਾਜ਼ ਹੋਰ ਤੇਜ਼ ਹੋ ਗਈ।

Check Also

ਪੰਜਾਬ ਦੇ ਬਜਟ ਇਜਲਾਸ ਦਾ ਅੱਜ ਦਾ ਦਿਨ ਹੰਗਾਮਿਆਂ ਭਰਪੂਰ ਰਿਹਾ

ਮੀਡੀਆ ਨਾਲ ਗੱਲਬਾਤ ਕਰਦਿਆਂ ਰੋ ਪਏ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ …