ਕਿਰਾਇਆ ਪ੍ਰਾਈਵੇਟ ਬੱਸਾਂ ਦੇ ਅੱਧੇ ਕਿਰਾਏ ਨਾਲੋਂ ਵੀ ਹੋਵੇਗਾ ਘੱਟ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਤੋਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੱਕ ਹੁਣ ਸਿੱਧੀਆਂ ਸਰਕਾਰੀ ਬੱਸਾਂ ਚੱਲਣਗੀਆਂ। ਇਸ ਦੀ ਸ਼ੁਰੂਆਤ 15 ਜੂਨ ਤੋਂ ਕੀਤੀ ਜਾਵੇਗੀ, ਇਸ ਸਬੰਧੀ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਐਨ ਆਰ ਆਈ ਹਮੇਸ਼ਾ ਸ਼ਿਕਾਇਤ ਕਰਦੇ ਸਨ ਕਿ ਏਅਰਪੋਰਟ ਤੋਂ ਆਉਣ-ਜਾਣ ਦੇ ਲਈ ਉਨ੍ਹਾਂ ਨੂੰ ਪ੍ਰਾਈਵੇਟ ਬੱਸਾਂ ਦਾ ਸਹਾਰਾ ਲੈਣਾ ਪੈਂਦਾ ਹੈ, ਜਿਨ੍ਹਾਂ ਵੱਲੋਂ ਕਿਰਾਇਆ ਬਹੁਤ ਜ਼ਿਆਦਾ ਲਿਆ ਜਾਂਦਾ ਹੈ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਪ੍ਰਾਈਵੇਟ ਬੱਸ ਮਾਫ਼ੀਆ ਨੂੰ ਖਤਮ ਕਰਨ ਲਈ ਹੁਣ ਪੰਜਾਬ ਸਰਕਾਰ ਵੱਲੋਂ ਦਿੱਲੀ ਏਅਰਪੋਰਟ ਤੱਕ ਸਰਕਾਰੀ ਵੌਲਵੋ ਬੱਸਾਂ ਚਲਾਈਆਂ ਜਾਣਗੀਆਂ। ਇਨ੍ਹਾਂ ਬੱਸਾਂ ਦਾ ਕਿਰਾਇਆ ਪ੍ਰਾਈਵੇਟ ਬੱਸਾਂ ਦੇ ਅੱਧੇ ਕਿਰਾਏ ਨਾਲੋਂ ਵੀ ਘੱਟ ਹੋਵੇਗਾ। ਇਨ੍ਹਾਂ ਬੱਸਾਂ ਦੀ ਬੁਕਿੰਗ ਦੇ ਲਈ ਪੰਜਾਬ ਰੋਡਵੇਜ਼, ਪਨਬਸ ਜਾਂ ਪੈਪਸੂ ਆਨਲਾਈਨ ਦੀ ਵੈਬਸਾਈਟ ’ਤੇ ਜਾ ਕੇ ਬੁਕਿੰਗ ਕੀਤੀ ਜਾ ਸਕਦੀ ਅਤੇ ਬੱਸਾਂ ਦਾ ਟਾਈਮ ਟੇਬਲ ਵੀ ਵੈਬਸਾਈਟ ਤੋਂ ਮਿਲ ਜਾਵੇਗਾ।
ਪੰਜਾਬ ਦੇ ਟਰਾਂਸਪੋਰਟ ਮੰਤਰੀ ਭੁੱਲਰ ਦਾ ਜਾਨਲੇਵਾ ਸਟੰਟ ਆਇਆ ਸਾਹਮਣੇ
ਹਾਈਵੇ ’ਤੇ ਚਲਦੀ ਗੱਡੀ ਦੇ ਸਨਰੂਪ ਤੋਂ ਨਿਕਲੇ ਬਾਹਰ, ਗੰਨਮੈਨਾਂ ਦੀ ਜਾਨ ਵੀ ਪਾਈ ਖਤਰੇ ’ਚ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਇਕ ਖਤਰਨਾਕ ਸਟੰਟ ਸਾਹਮਣੇ ਆਇਆ ਹੈ। ਉਹ ਇਕ ਵੀਡੀਓ ਵਿਚ ਆਪਣੀ ਗੱਡੀ ਦੇ ਸਨਰੂਫ ਤੋਂ ਬਾਹਰ ਨਿਕਲ ਹੱਥ ਹਿਲਾਉਂਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਕਿਸੇ ਨੈਸ਼ਨਲ ਹਾਈਵੇ ਦਾ ਦੱਸਿਆ ਜਾ ਰਿਹਾ ਹੈ ਅਤੇ ਦੇਖਿਆ ਜਾ ਸਕਦਾ ਹੈ ਕਿ ਗੱਡੀ ਤੇਜ਼ ਰਫ਼ਤਾਰ ਵਿਚ ਜਾ ਰਹੀ ਅਤੇ ਉਨ੍ਹਾਂ ਦੇ ਦੋ ਗੰਨ ਵੀ ਗੱਡੀ ਦੇ ਸ਼ੀਸ਼ੇ ਖੋਲ੍ਹ ਕੇ ਆਪਣੀ ਜਾਨ ਨੂੰ ਖਤਰੇ ’ਚ ਪਾ ਕੇ ਬਾਹਰ ਲਟਕੇ ਹੋਏ ਨਜ਼ਰ ਆ ਰਹੇ ਹਨ। ਜਦਕਿ ਟ੍ਰੈਫਿਕ ਮਾਹਿਰਾਂ ਦਾ ਮੰਨਣਾ ਹੈ ਕਿ ਨੈਸ਼ਨਲ ਹਾਈਵੇਟ ’ਤੇ ਇਸ ਤਰ੍ਹਾਂ ਦਾ ਸਟੰਟ ਨਿਯਮਾਂ ਦੀ ਉਲੰਘਣਾ ਹੈ ਪ੍ਰੰਤੂ ਪੰਜਾਬ ਦੇ ਟਰਾਂਸਪੋਰਟ ਮੰਤਰੀ ਦਾ ਹੀ ਅਜਿਹਾ ਵੀਡੀਓ ਸਾਹਮਣੇ ਆਉਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਲਾਲਜੀਤ ਭੁੱਲਰ ਨੇ ਆਪਣੀ ਜਾਨ ਦੇ ਨਾਲ-ਨਾਲ ਦੋ ਗੰਨਮੈਨਾਂ ਦੀ ਜਾਨ ਨੂੰ ਵੀ ਖਤਰੇ ਵਿਚ ਪਾਇਆ ਹੈ। ਜਦਕਿ ਸ਼ੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਮੁਆਫ਼ੀ ਮੰਗ ਲਈ ਹੈ।