ਪੰਜਾਬ ਤੇ ਹਰਿਆਣਾ ਤੋਂ ਸ਼ੁਰੂ ਹੋਇਆ ਅੰਦੋਲਨ ਵਿਦੇਸ਼ਾਂ ਤੱਕ ਪਹੁੰਚਿਆ
ਨਵੀਂ ਦਿੱਲੀ : ਤਿਹਾੜ ਜੇਲ੍ਹ ਤੇ ਰੋਹਿਨੀ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਆਏ ਕਿਸਾਨ ਜਗਸੀਰ ਸਿੰਘ, ਜਗਪਾਲ ਸਿੰਘ, ਜ਼ੋਰਾ ਸਿੰਘ, ਕੁਲਵਿੰਦਰ ਸਿੰਘ, ਸਤਨਾਮ ਸਿੰਘ, ਜਸਵਿੰਦਰ ਸਿੰਘ ਤੇ ਗੁਰਮੇਲ ਸਿੰਘ ਨੂੰ ਟਿੱਕਰੀ ਹੱਦ ‘ਤੇ ਕਿਸਾਨ ਆਗੂਆਂ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਤੇ ਰਹਿੰਦੇ ਕਿਸਾਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਦੇਸ਼ ਭਰ ਵਿੱਚ ਅਤੇ ਵਿਦੇਸ਼ਾਂ ਤੱਕ ਫੈਲ ਚੁੱਕਾ ਹੈ। ਟਿੱਕਰੀ ਹੱਦ ‘ਤੇ ਤੇਲੰਗਾਨਾ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਤੋਂ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਆਗੂ ਹਮਾਇਤ ਵਿੱਚ ਪੁੱਜੇ। ਉਨ੍ਹਾਂ ਤਿੰਨੋਂ ਖੇਤੀ ਵਿਰੋਧੀ ਕਾਨੂੰਨ ਰੱਦ ਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਪੂਰੀ ਹੋਣ ਤੱਕ ਅੰਦੋਲਨ ਦਾ ਸਮਰਥਨ ਕਰਨ ਦਾ ਐਲਾਨ ਕੀਤਾ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਸਾਜਿਸ਼ ਤਹਿਤ ਕਿਸਾਨ ਲੀਡਰਸ਼ਿਪ ਖ਼ਿਲਾਫ਼ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਨੌਜਵਾਨ ਬਨਾਮ ਸੰਯੁਕਤ ਕਿਸਾਨ ਮੋਰਚਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਨੌਜਵਾਨ ਮੋਰਚੇ ਨਾਲ ਡਟ ਕੇ ਖੜ੍ਹੇ ਹਨ। ਵੱਡੀ ਗਿਣਤੀ ਵਿੱਚ ਨੌਜਵਾਨ ਮੋਰਚੇ ਵਿੱਚ ਡਟੇ ਹੋਏ ਹਨ। ਉਹ ਆਗੂਆਂ ਨਾਲ ਸਫ਼ਾਂ ‘ਚ ਕੰਮ ਕਰਨ ਦੇ ਨਾਲ-ਨਾਲ ਵਾਲੰਟੀਅਰ ਵਜੋਂ ਵੀ ਡਿਊਟੀ ਨਿਭਾਉਂਦੇ ਹਨ। ਇਸ ਮੌਕੇ ਬੀਕੇਯੂ ਰਾਜੇਵਾਲ ਦੇ ਪਰਗਟ ਸਿੰਘ, ਬੀਕੇਯੂ ਲੱਖੋਵਾਲ ਦੇ ਦਰਸ਼ਨ ਸਿੰਘ ਜਟਾਣਾ, ਕਿਰਤੀ ਕਿਸਾਨ ਯੂਨੀਅਨ ਦੇ ਅਮਰਜੀਤ ਸਿੰਘ ਹਨੀ, ਬੀਕੇਯੂ ਮਾਨਸਾ ਦੇ ਬੇਅੰਤ ਸਿੰਘ ਮਹਿਮਾ ਸਰਜਾ, ਬੀਕੇਯੂ ਡਕੌਂਦਾ ਦੇ ਕੁਲਵੰਤ ਸਿੰਘ, ਹਰਿਆਣਾ ਦੇ ਜੋਗਿੰਦਰ ਸਿੰਘ ਨੈਨ, ਜੋਗਿੰਦਰ ਤਾਲੂ ਤੇ ਪ੍ਰਹਿਲਾਦ ਸਿੰਘ ਭਾਰੂਖੇੜਾ ਨੇ ਸੰਬੋਧਨ ਕੀਤਾ।
ਨੌਜਵਾਨ ਫੇਸਬੁੱਕ ‘ਤੇ ਕਿਸੇ ਵੀ ਬੇਲੋੜੀ ਬਹਿਸ ‘ਚਪੈਣ ਤੋਂ ਗੁਰੇਜ਼ ਕਰਨ
ਨਵੀਂ ਦਿੱਲੀ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂ ਅਮਰੀਕ ਸਿੰਘ ਗੰਢੂਆਂ ਨੇ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਭਾਸ਼ਣਾਂ ਦੌਰਾਨ ਤੇ ਅੰਦੋਲਨ ਕਰਦਿਆਂ ਜਿੱਥੇ ਜੋਸ਼ ਨਾਲ ਲੜਨਾ ਹੈ ਤੇ ਹੋਸ਼ ਤੋਂ ਕੰਮ ਲੈਂਦਿਆਂ ਜ਼ਾਬਤੇ ਦਾ ਵੀ ਪੂਰਾ ਖਿਆਲ ਰੱਖਣ ਦੀ ਲੋੜ ਹੈ। ਜ਼ਾਬਤੇ ‘ਚ ਰਹਿ ਕੇ ਹੀ ਲੋਕ ਏਕਤਾ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਫੇਸਬੁੱਕ ‘ਤੇ ਕਿਸੇ ਵੀ ਬੇਲੋੜੀ ਬਹਿਸ ਵਿਚ ਪੈਣ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਇਹ ਘੋਲ ਲੰਮਾ ਦਮ ਰੱਖ ਕੇ ਲੜਨ ਦੀ ਲੋੜ ਹੈ। ਪਰਮਜੀਤ ਕੌਰ ਕੋਰੜਾ ਨੇ 8 ਮਾਰਚ ਨੂੰ ਮਨਾਏ ਜਾ ਰਹੇ ਕੌਮਾਂਤਰੀ ਮਹਿਲਾ ਦਿਵਸ ‘ਤੇ ਭੈਣਾਂ ਨੂੰ ਵੱਧ ਤੋਂ ਵੱਧ ਗਿਣਤੀ ‘ਚ ਦਿੱਲੀ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਹਿਲਾਵਾਂ ਤੋਂ ਬਗੈਰ ਅੰਦੋਲਨ ਜਿੱਤਣਾ ਬਹੁਤ ਔਖਾ ਹੈ।