13.6 C
Toronto
Tuesday, May 12, 2026
spot_img
Homeਪੰਜਾਬਗਿਆਨੀ ਇਕਬਾਲ ਸਿੰਘ ਖਿਲਾਫ ਇਕ ਹੋਰ ਸ਼ਿਕਾਇਤ ਲੈ ਕੇ ਬੀਬੀਆਂ ਪਹੁੰਚੀਆਂ ਅਕਾਲ...

ਗਿਆਨੀ ਇਕਬਾਲ ਸਿੰਘ ਖਿਲਾਫ ਇਕ ਹੋਰ ਸ਼ਿਕਾਇਤ ਲੈ ਕੇ ਬੀਬੀਆਂ ਪਹੁੰਚੀਆਂ ਅਕਾਲ ਤਖਤ ਸਾਹਿਬ

ਦੂਜੀ ਪਤਨੀ ਨੇ ਲਗਾਏ ਦੋਸ਼ ਕਿ ਇਕਬਾਲ ਸਿੰਘ ਨੇ ਉਸ ਨਾਲ ਧੋਖੇ ਨਾਲ ਕਰਵਾਇਆ ਵਿਆਹ

ਅੰਮ੍ਰਿਤਸਰ : ਵਿਵਾਦਾਂ ਵਿੱਚ ਘਿਰੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਖ਼ਿਲਾਫ਼ ਇਕ ਹੋਰ ਸ਼ਿਕਾਇਤ ਇੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪੀ ਗਈ ਹੈ। ਇਹ ਸ਼ਿਕਾਇਤ ਉਨ੍ਹਾਂ ਦੀ ਦੂਜੀ ਪਤਨੀ ਬਲਜੀਤ ਕੌਰ ਵੱਲੋਂ ਕੀਤੀ ਗਈ ਹੈ ਅਤੇ ਇਸ ਸਬੰਧੀ ਪੱਤਰ ਕੁਝ ਬੀਬੀਆਂ ਵੱਲੋਂ ਸੌਂਪਿਆ ਗਿਆ ਹੈ। ਇਹ ਸ਼ਿਕਾਇਤ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ‘ਚ ਪ੍ਰਾਪਤ ਕੀਤਾ ਗਿਆ ਹੈ ਅਤੇ ਮਗਰੋਂ ਇਹ ਪੱਤਰ ਲੈ ਕੇ ਆਈਆਂ ਬੀਬੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ ਗਿਆਨੀ ਇਕਬਾਲ ਸਿੰਘ ਖ਼ਿਲਾਫ਼ ਵਧੀਕੀਆਂ ਦੇ ਦੋਸ਼ ਲਾਉਂਦਿਆਂ ਕਾਰਵਾਈ ਦੀ ਮੰਗ ਕੀਤੀ। ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਇਹ ਮਾਮਲਾ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵੇਲੇ ਵਿਚਾਰਿਆ ਜਾਵੇਗਾ। ਇਹ ਪੱਤਰ ਸੌਂਪਣ ਵਾਲੀਆਂ ਬੀਬੀਆਂ ਵਿੱਚ ਸੁਰਬੀਰ ਕੌਰ, ਇੰਦਰਜੀਤ ਕੌਰ, ਰਵਿੰਦਰ ਕੌਰ, ਗੁਰਚਰਨ ਕੌਰ, ਮਨਜੀਤ ਕੌਰ, ਬਲਵਿੰਦਰ ਕੌਰ ਆਦਿ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਇਹ ਸ਼ਿਕਾਇਤ ਪੱਤਰ ਲੈ ਕੇ ਬੀਬੀ ਬਲਜੀਤ ਕੌਰ ਨੇ ਖੁਦ ਆਉਣਾ ਸੀ ਪਰ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਇਸ ਲਈ ਬੀਬੀਆਂ ਦੇ ਵਫਦ ਨੇ ਇਹ ਪੱਤਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਹੈ। ਇਸ ਪੱਤਰ ਵਿੱਚ ਜਥੇਦਾਰ ਦੀ ਦੂਜੀ ਪਤਨੀ ਬਲਜੀਤ ਕੌਰ ਨੇ ਦੋਸ਼ ਲਾਇਆ ਕਿ ਉਸ ਨੂੰ ਧੋਖੇ ਵਿੱਚ ਰੱਖ ਕੇ ਵਿਆਹ ਕੀਤਾ ਗਿਆ ਹੈ। ਪੱਤਰ ‘ਚ ਉਸ ਨੇ ਲਿਖਿਆ ਕਿ ਵਿਆਹ ਤੋਂ ਪਹਿਲਾਂ ਦੱਸਿਆ ਗਿਆ ਸੀ ਕਿ ਜਥੇਦਾਰ ਦੀ ਪਹਿਲੀ ਪਤਨੀ ਦਾ ਦੇਹਾਂਤ ਹੋ ਚੁੱਕਾ ਹੈ ਜਦਕਿ ਅਜਿਹਾ ਨਹੀਂ ਸੀ। ਉਸ ਨੇ ਆਪਣੇ ਨਾਲ ਹੋਰ ਵਧੀਕੀਆਂ ਕੀਤੇ ਜਾਣ ਤੇ ਅਣਮਨੁੱਖੀ ਵਤੀਰਾ ਅਪਨਾਉਣ ਦੇ ਦੋਸ਼ ਵੀ ਲਾਏ ਹਨ। ਇੱਥੇ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਮੈਂਬਰ ਕਮਿਕਰ ਸਿੰਘ ਨੇ ਅਕਾਲ ਤਖਤ ਸਾਹਿਬ ਵਿਖੇ ਪੱਤਰ ਸੌਂਪ ਕੇ ਗਿਆਨੀ ਇਕਬਾਲ ਸਿੰਘ ਖ਼ਿਲਾਫ਼ ਗੰਭੀਰ ਦੋਸ਼ ਲਾ ਕੇ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਦੀ ਮੰਗ ਕੀਤੀ ਸੀ।

ਗਿਆਨੀ ਇਕਬਾਲ ਸਿੰਘ ਨੇ ਦੋਸ਼ ਨਕਾਰੇ

ਗਿਆਨੀ ਇਕਬਾਲ ਸਿੰਘ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਇਸ ਬਾਰੇ ਪਹਿਲਾਂ ਵੀ ਮੀਡੀਆ ਸਾਹਮਣੇ ਆਪਣਾ ਪੱਖ ਸਪੱਸ਼ਟ ਕਰ ਚੁੱਕੇ ਹਨ। ਉਨ੍ਹਾਂ ਆਖਿਆ ਕਿ ਬਲਜੀਤ ਕੌਰ ਵੱਲੋਂ ਇਸ ਸਬੰਧੀ ਅਦਾਲਤ ਵਿੱਚ ਕੇਸ ਵੀ ਦਾਇਰ ਕੀਤਾ ਗਿਆ ਸੀ, ਜੋ 2018 ਵਿੱਚ ਖਾਰਜ ਹੋ ਗਿਆ ਹੈ ਤੇ ਹੁਣ ਉਸ ਨਾਲ ਕੋਈ ਲੈਣ-ਦੇਣ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਸ ਖ਼ਿਲਾਫ਼ ਸਾਜ਼ਿਸ਼ ਤਹਿਤ ਅਜਿਹਾ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ।

RELATED ARTICLES
POPULAR POSTS