ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ’ਚ ਹੋਈ ਫਾਈਰਿੰਗ ’ਤੇ ਭੜਕੇ ਬਿਕਰਮ ਮਜੀਠੀਆ
ਕਿਹਾ : ਮੁੱਖ ਮੰਤਰੀ ਦੇ ਹੁਕਮਾਂ ਤੋਂ ਬਿਨਾ ਗੁਰੂਘਰ ’ਤੇ ਨਹੀਂ ਚੱਲ ਸਕਦੀ ਗੋਲੀ
ਲੁਧਿਆਣਾ/ਬਿਊਰੋ ਨਿਊਜ਼ :
ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ’ਤੇ ਕਬਜ਼ੇ ਨੂੰ ਲੈ ਕੇ ਪੁਲਿਸ ਅਤੇ ਨਿਹੰਗਾਂ ਦਰਮਿਆਨ ਹੋਈ ਫਾਈਰਿੰਗ ਨੂੰ ਲੈ ਕੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋਂ ਬਿਨਾ ਗੁਰੂਘਰ ’ਤੇ ਗੋਲੀ ਨਹੀਂ ਚਲ ਸਕਦੀ ਅਤੇ ਇਸ ਲਈ ਸਿੱਧੇ ਤੌਰ ’ਤੇ ਭਗਵੰਤ ਮਾਨ ਜ਼ਿੰਮੇਵਾਰ ਹਨ। ਮਜੀਠੀਆ ਨੇ ਸ਼ੋਸ਼ਲ ਮੀਡੀਆ ’ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਹ ਵੀਡੀਓ ਕੋਈ ਭਾਰਤ-ਪਾਕਿਸਤਾਨ ਬਾਰਡਰ ਦੀ ਨਹੀਂ ਬਲਕਿ ਸੁਲਤਾਨਪੁਰ ਲੋਧੀ ਦੀ ਹੈ। ਇਸ ਵੀਡੀਓ ਨੂੰ ਦੇਖ ਕੇ ਮਨ ਨੂੰ ਬਹੁਤ ਠੇਸ ਪਹੁੰਚੀ। ਉਨ੍ਹਾਂ ਕਿਹਾ ਕਿ ਜਦੋਂ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ, ਉਸ ਸਮੇਂ ਇਸ ਤਰ੍ਹਾਂ ਘਟਨਾ ਵਾਪਰਨਾ ਨਿੰਦਣਯੋਗ ਹੈ। ਇਹ ਘਟਨਾ ਪ੍ਰਸ਼ਾਸਨ ਅਤੇ ਸਰਕਾਰ ਦੀ ਨਲਾਇਕੀ ਨੂੰ ਦਰਸਾਉਂਦੀ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਇੰਦਰਾ ਗਾਂਧੀ ਵਾਂਗ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ’ਤੇ ਗੋਲੀਆਂ ਚਲਾਈਆਂ ਗਈ ਜੋ ਕਿ ਬਹੁਤ ਹੀ ਦੁਖਦਾਈ ਹੈ। ਧਿਆਨ ਰਹੇ ਕਿ ਲੰਘੇ ਕੱਲ੍ਹ ਗੁਰਦੁਆਰਾ ਸਾਹਿਬ ’ਤੇ ਕਬਜ਼ੇ ਨੂੰ ਲੈ ਕੇ ਦੋ ਧੜਿਆਂ ਦਰਮਿਆਨ ਚੱਲ ਰਹੇ ਵਿਵਾਦ ਦੌਰਾਨ ਪੁਲਿਸ ਅਤੇ ਨਿਹੰਗ ਸਿੰਘਾਂ ਦਰਮਿਆਨ ਫਾਈਰਿੰਗ ਹੋਈ ਸੀ ਅਤੇ ਇਸ ਫਾਈਰਿੰਗ ਦੌਰਾਨ ਹੋਮਗਾਰਡ ਦੇ ਇਕ ਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਜਦਕਿ ਕਈ ਪੁਲਿਸ ਕਰਮਚਾਰੀ ਗੰਭੀਰ ਜ਼ਖਮੀ ਹੋ ਗਏ ਸਨ।