ਕਿਹਾ : ਦੋਵੇਂ ਸੂਬੇ ਮਿਲ ਕੇ ਮਸਲੇ ਦਾ ਕਰਨ ਹੱਲ
ਚੰਡੀਗੜ੍ਹ/ਬਿੳੂਰੋ ਨਿੳੂਜ਼
ਸੁਪਰੀਮ ਕੋਰਟ ਨੇ ਸਤਲੁਜ-ਯਮੁਨਾ ਲਿੰਕ ਨਹਿਰ (ਐਸ.ਵਾਈ.ਐਲ.) ਮਾਮਲੇ ਸਬੰਧੀ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਝਾੜ ਲਗਾਉਂਦੇ ਹੋਏ ਕਿਹਾ ਕਿ ਦੋਵਾਂ ਰਾਜਾਂ ਨੂੰ ਮਿਲ ਕੇ ਇਸ ਦਾ ਹੱਲ ਕੱਢਣਾ ਹੋਵੇਗਾ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਵੀ ਇਸ ਮਾਮਲੇ ’ਚ ਸਰਗਰਮ ਭੂਮਿਕਾ ਨਿਭਾਉਣ ਦੇ ਨਿਰਦੇਸ਼ ਦਿੱਤੇ ਹਨ। ਮਾਮਲੇ ਦੀ ਅਗਲੀ ਸੁਣਵਾਈ ਹੁਣ 4 ਅਕਤੂਬਰ ਨੂੰ ਹੋਵੇਗੀ। ਮਿਲੀ ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਨੇ ਕਿਹਾ ਕਿ ਦੋਵੇਂ ਸੂਬਿਆਂ ਨੂੰ ਗੱਲਬਾਤ ਲਈ ਮੁੜ ਬੈਠਣਾ ਚਾਹੀਦਾ ਹੈ ਤੇ ਕੇਂਦਰ ਸਰਕਾਰ ਨੇ ਵੀ 16 ਮਾਰਚ ਨੂੰ ਦਾਇਰ ਕੀਤੇ ਹਲਫ਼ੀਆ ਵਿੱਚ ਇਹ ਗੱਲ ਆਖੀ ਸੀ ਕਿ ਦੋਵੇਂ ਸੂਬੇ ਮੁੜ ਗੱਲਬਾਤ ਕਰਨ ਲਈ ਰਾਜ਼ੀ ਹਨ। ਹਰਿਆਣਾ ਸਰਕਾਰ ਨੇ ਸਿਖਰਲੀ ਅਦਾਲਤ ਵਿੱਚ ਕਿਹਾ ਕਿ ਪਹਿਲਾਂ ਹੀ ਮੀਟਿੰਗਾਂ ਬੇਸਿੱਟਾ ਰਹੀਆਂ ਹਨ ਤੇ ਭਵਿੱਖ ’ਚ ਵੀ ਕੋਈ ਨਤੀਜਾ ਨਿਕਲਣ ਦੀ ਆਸ ਨਹੀਂ ਹੈ। ਹਰਿਆਣਾ ਨੇ ਇਸ ਮੁੱਦੇ ’ਤੇ ਸੁਪਰੀਮ ਕੋਰਟ ਨੂੰ ਹੀ ਫ਼ੈਸਲਾ ਲੈਣ ਦੀ ਅਪੀਲ ਕੀਤੀ। ਸੁਪਰੀਮ ਕੋਰਟ ਨੇ ਕਿਹਾ ਕਿ ਦੋਵੇਂ ਸੂਬਿਆਂ ਨੂੰ ਗੱਲਬਾਤ ਤੋਂ ਅੱਗੇ ਹੱਲ ਕੱਢਣ ਵੱਲ ਵਧਣਾ ਚਾਹੀਦਾ ਹੈ। ਹਰਿਆਣਾ ਨੇ ਇਸ ਗੱਲ ’ਤੇ ਵੀ ਇਤਰਾਜ਼ ਕੀਤਾ ਕਿ ਕੇਂਦਰ ਸਰਕਾਰ ਨੇ ਹਲਫ਼ੀਆ ਬਿਆਨ ’ਚ ਗ਼ਲਤ ਬਿਆਨ ਕੀਤਾ ਹੈ ਕਿ ਦੋਵੇਂ ਸੂਬੇ ਮਿਲ ਬੈਠਣ ਲਈ ਰਾਜ਼ੀ ਹਨ, ਜਦਕਿ ਪੰਜਾਬ ਤਾਂ ਇਸ ਲਈ ਤਿਆਰ ਹੀ ਨਹੀਂ ਹੈ। ਪੰਜਾਬ ਨੇ ਆਪਣਾ ਪੁਰਾਣਾ ਪੱਖ ਦੁਹਰਾਇਆ ਕਿ ਜਦੋਂ ਪਾਣੀਆਂ ਦਾ ਬਟਵਾਰਾ ਹੀ ਠੀਕ ਨਹੀਂ ਤਾਂ ਨਹਿਰ ਦੀ ਗੱਲ ਤਾਂ ਬਾਅਦ ਵਿੱਚ ਆਉਂਦੀ ਹੈ। ਪੰਜਾਬ ਸਰਕਾਰ ਨੇ ਪਹਿਲਾਂ ਪਾਣੀਆਂ ਦੀ ਮੌਜੂਦਾ ਉਪਲਬਧਤਾ ਦੇ ਆਧਾਰ ’ਤੇ ਵੰਡ ਕੀਤੇ ਜਾਣ ਲਈ ਜ਼ੋਰ ਪਾਇਆ।
Check Also
ਪੰਜਾਬ ’ਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਅੱਜ ਆਖਰੀ ਦਿਨ
ਵਿਰੋਧੀ ਪਾਰਟੀਆਂ ਨੇ ‘ਆਪ’ ਸਰਕਾਰ ’ਤੇ ਲਗਾਏ ਆਰੋਪ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ 15 ਅਕਤੂੁਬਰ ਨੂੰ …