ਹੁਸ਼ਿਆਰਪੁਰ/ਬਿਊਰੋ ਨਿਊਜ਼ : ਹੁਸ਼ਿਆਰਪੁਰ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਅਤੇ ਸਹਿਯੋਗੀ ਪਾਰਟੀਆਂ ਸੰਵਿਧਾਨ ਬਚਾਉਣ ਦੀ ਲੜਾਈ ਲੜ ਰਹੀਆਂ ਹਨ ਜਿਸ ਕਰਕੇ ਵੱਧ ਤੋਂ ਵੱਧ ਮੈਂਬਰਾਂ ਨੂੰ ਜਿਤਾ ਕੇ ਲੋਕ ਸਭਾ ‘ਚ ਭੇਜਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਹਿੰਦੁਸਤਾਨ ਵਿੱਚ ਵੀ ਚੀਨ ਤੇ ਕੋਰੀਆ ਵਰਗੇ ਹਾਲਾਤ ਬਣ ਗਏ ਹਨ ਜਿੱਥੇ ਕਿਸੇ ਵਿਰੋਧੀ ਨੂੰ ਬੋਲਣ ਦੀ ਇਜਾਜ਼ਤ ਨਹੀਂ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਹੋਣ ਵਾਲੀਆਂ ਲੋਕ ਸਭਾ ਚੋਣਾਂ ਆਖਰੀ ਚੋਣਾਂ ਹੋਣ ਅਤੇ ਦੇਸ਼ ਵਿੱਚ ਮੁਕੰਮਲ ਕੌਰ ‘ਤੇ ਡਿਕਟੇਟਰਸ਼ਿਪ ਲਾਗੂ ਹੋ ਜਾਵੇ। ਰਾਜਾ ਵੜਿੰਗ ਨੇ ਕਿਹਾ ਕਿ ਭਾਜਪਾ ਸਰਕਾਰ ਡਾ. ਭੀਮ ਰਾਓ ਅੰਬੇਡਕਰ ਵੱਲੋਂ ਬਣਾਏ ਸੰਵਿਧਾਨ ਨੂੰ ਖਤਮ ਕਰਨ ‘ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਹੀ ਨਾ ਰਿਹਾ ਤਾਂ ਦੇਸ਼ ਨੂੰ ਬਚਾਉਣਾ ਔਖਾ ਹੋ ਜਾਵੇਗਾ। ਪਾਰਟੀ ਛੱਡ ਕੇ ਜਾਣ ਵਾਲੇ ਆਗੂਆਂ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਅਜਿਹੇ ਦਲ ਬਦਲੂਆਂ ਨੂੰ ਜਨਤਾ ਮੂੰਹ ਤੋੜਵਾਂ ਜਵਾਬ ਦੇਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ‘ਚ ਅਜਿਹੇ ਆਗੂਆਂ ਨੂੰ ਬੁਰੀ ਤਰ੍ਹਾਂ ਹਾਰ ਮਿਲੇਗੀ। ਉਹ ਹੁਸ਼ਿਆਰਪੁਰ ਤੋਂ ਕਾਂਗਰਸ ਵੱਲੋਂ ਐਲਾਨੇ ਉਮੀਦਵਾਰ ਯਾਮਨੀ ਗੋਮਰ ਦੇ ਹੱਕ ‘ਚ ਪੂਰੇ ਹਲਕੇ ਦੀ ਲੀਡਰਸ਼ਿਪ ਨੂੰ ਲਾਮਬੰਦ ਕਰਨ ਲਈ ਇੱਥੇ ਪੁੱਜੇ ਸਨ।