Breaking News
Home / ਪੰਜਾਬ / ‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ਦੀ ਕੀਤੀ ਨੁਕਤਾਚੀਨੀ

‘ਆਪ’ ਵਿਧਾਇਕ ਨੇ ਆਪਣੀ ਹੀ ਸਰਕਾਰ ਦੀ ਕੀਤੀ ਨੁਕਤਾਚੀਨੀ

ਕੁੰਵਰ ਵਿਜੇ ਪ੍ਰਤਾਪ ਨੇ ਕਿਹਾ : ਨਿਯਮਾਂ ਦੀ ਹੋ ਰਹੀ ਹੈ ਉਲੰਘਣਾ
ਅੰਮਿ੍ਰਤਸਰ/ਬਿਊਰੋ ਨਿਊਜ਼
ਬੇਅਦਬੀ ਮਾਮਲਿਆਂ ਵਿੱਚ ਆਪਣੀ ਹੀ ਸਰਕਾਰ ਨੂੰ ਸਿਆਸੀ ਤੌਰ ’ਤੇ ਘੇਰਨ ਵਾਲੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅੰਮਿ੍ਰਤਸਰ ਦੇ ਰਿਹਾਇਸ਼ੀ ਇਲਾਕੇ ਵਿਚ ਵਪਾਰਕ ਇਮਾਰਤ ਬਣਾਏ ਜਾਣ ’ਤੇ ਮੌਜੂਦਾ ਸਿਸਟਮ ਖਿਲਾਫ ਨੁਕਤਾਚੀਨੀ ਕੀਤੀ ਹੈ। ਆਮ ਆਦਮੀ ਪਾਰਟੀ ਦੇ ਅੰਮਿ੍ਰਤਸਰ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਗਰੀਨ ਐਵੇਨਿਊ ਇਲਾਕੇ ਵਿੱਚ ਇੱਕ ਨਿੱਜੀ ਵਿਦਿਅਕ ਸੰਸਥਾ ਵੱਲੋਂ ਆਪਣੇ ਸਕੂਲ ਦੀ ਇਮਾਰਤ ਬਣਾਈ ਜਾ ਰਹੀ ਹੈ ਜੋ ਕਿ ਨਗਰ ਨਿਗਮ ਦੇ ਇਮਾਰਤੀ ਕਾਨੂੰਨ ਬਾਰੇ ਨਿਯਮਾਂ ਦੀ ਸਰਾਸਰ ਉਲੰਘਣਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਬੰਧ ਵਿੱਚ ਨਗਰ ਨਿਗਮ ਦੇ ਸਹਾਇਕ ਟਾਊਨ ਪਲਾਨਰ ਵੱਲੋਂ ਇਤਰਾਜ਼ ਵੀ ਕੀਤਾ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਤਰਾਜ਼ ਵਾਲਾ ਦਸਤਾਵੇਜ਼ ਵੀ ਮੀਡੀਆ ਨੂੰ ਦਿਖਾਇਆ ਅਤੇ ਦੱਸਿਆ ਕਿ ਇਤਰਾਜ਼ ਕਰਨ ਵਾਲੇ ਏਟੀਪੀ ਅਤੇ ਇਕ ਹੋਰ ਕਰਮਚਾਰੀ ਨੂੰ ਇੱਥੋਂ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉਹ ਵਿਧਾਨ ਸਭਾ ਵਿੱਚ ਵੀ ਰੱਖ ਚੁੱਕੇ ਹਨ ਕਿ ਸ਼ਹਿਰ ਵਿੱਚ ਨਵੀਆਂ ਉਸਾਰੀਆਂ ਮਾਸਟਰ ਪਲਾਨ ਦੇ ਮੁਤਾਬਕ ਹੀ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਆਰੋਪ ਲਾਇਆ ਕਿ ਹਰ ਨਗਰ ਨਿਗਮ ਦੀ ਨੱਕ ਹੇਠ ਸ਼ਰੇਆਮ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਜਿਸ ਇਲਾਕੇ ਵਿੱਚ ਇਮਾਰਤ ਬਣ ਰਹੀ ਹੈ ਉਥੋ ਸਿਰਫ 200 ਮੀਟਰ ਦੀ ਦੂਰੀ ’ਤੇ ਉਹਨਾਂ ਦਾ ਅਪਣਾ ਘਰ ਹੈ ਅਤੇ ਕੁਝ ਮੀਟਰ ਦੀ ਦੂਰੀ ’ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਦਾ ਘਰ ਹੈ ਪਰ ਨਿਯਮਾਂ ਦੀ ਹੋ ਰਹੀ ਉਲੰਘਣਾ ਨੂੰ ਅਣਡਿੱਠਾ ਕੀਤਾ ਜਾ ਰਿਹਾ ਹੈ।

 

Check Also

ਚੰਡੀਗੜ੍ਹ ਏਅਰਪੋਰਟ ਤੋਂ ਹਾਂਗਕਾਂਗ-ਸ਼ਾਰਜਾਹ ਲਈ ਉਡਾਨ ਦੀ ਤਿਆਰੀ

ਆਬੂਧਾਬੀ ਫਲਾਈਟ ਦੇ ਸਮੇਂ ਵਿਚ ਵੀ ਹੋਵੇਗਾ ਬਦਲਾਅ ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ਦੇ ਅੰਤਰਰਾਸ਼ਟਰੀ ਏਅਰਪੋਰਟ ਤੋਂ …