ਮੌਸਮ ਵਿਭਾਗ ਨੇ ਹੋਰ ਮੀਂਹ ਪੈਣ ਦੀ ਕੀਤੀ ਭਵਿੱਖਬਾਣੀ
ਚੰਡੀਗੜ੍ਹ : ਪੰਜਾਬ ਅਤੇ ਨੇੜਲੇ ਇਲਾਕਿਆਂ ਵਿਚ ਮਈ ਮਹੀਨੇ ਪਏ ਮੀਂਹ ਨੇ ਪਿਛਲੇ 11 ਸਾਲਾਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਐਤਕੀਂ ਪਿਛਲੇ 11 ਸਾਲਾਂ ਦੇ ਮੁਕਾਬਲੇ 161 ਫ਼ੀਸਦੀ ਵੱਧ ਮੀਂਹ ਪਿਆ ਹੈ, ਜਿਸ ਕਰਕੇ ਜੇਠ ਮਹੀਨੇ ਵਿਚ ਤਾਪਮਾਨ ਆਮ ਨਾਲੋਂ ਵੀ ਹੇਠਾਂ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਵੀਰਵਾਰ ਨੂੰ ਸੂਬੇ ‘ਚ ਅਗਲੇ 24 ਘੰਟੇ ਵੀ ਮੀਂਹ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਸਾਲ ਬਦਲੇ ਮੌਸਮ ਕਰਕੇ ਪਾਵਰਕੌਮ ਤੇ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਹਨ। ਮੌਸਮ ਵਿਭਾਗ ਅਨੁਸਾਰ ਇਸ ਸਾਲ ਸੂਬੇ ‘ਚ 1 ਮਈ ਤੋਂ ਲੈ ਕੇ 31 ਮਈ ਤੱਕ ਔਸਤਨ 45.2 ਐੱਮਐੱਮ ਮੀਂਹ ਪਿਆ ਹੈ। ਰੂਪਨਗਰ ‘ਚ ਸਭ ਤੋਂ ਨਾਲੋਂ ਵੱਧ 100.1 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਇਸ ਸਾਲ ਵੱਧ ਮੀਂਹ ਪੈਣ ਦਾ ਕਾਰਨ ਵਾਤਾਵਰਨ ‘ਚ ਪੱਛਮੀ ਵਿਗਾੜ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਧੇਗਾ। ਮੀਂਹ ਨਾਲ ਸੂਬੇ ਦਾ ਤਾਪਮਾਨ ਆਮ ਨਾਲੋਂ 13 ਤੋਂ 15 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ ਹੈ। ਮੌਸਮ ਵਿਭਾਗ ਅਨੁਸਾਰ ਮਈ ਮਹੀਨੇ ‘ਚ ਪਿਛਲੇ 11 ਸਾਲਾਂ ਵਿੱਚੋਂ ਸਾਲ 2013 ਵਿੱਚ ਸਭ ਤੋਂ ਘੱਟ 3.8 ਐੱਮਐੱਮ ਮੀਂਹ ਪਿਆ ਸੀ।