Breaking News
Home / ਪੰਜਾਬ / ਸਫ਼ਰ ਭੱਤਾ ਲੈਣ ਵਿੱਚ ਐਮਪੀ ਹਰਿੰਦਰ ਖ਼ਾਲਸਾ ਮੋਹਰੀ; ਅਮਰਿੰਦਰ ਫਾਡੀ

ਸਫ਼ਰ ਭੱਤਾ ਲੈਣ ਵਿੱਚ ਐਮਪੀ ਹਰਿੰਦਰ ਖ਼ਾਲਸਾ ਮੋਹਰੀ; ਅਮਰਿੰਦਰ ਫਾਡੀ

logo-2-1-300x105ਵਿਨੋਦ ਖੰਨਾ ਦੂਜੇ ਅਤੇ ਚੰਦੂਮਾਜਰਾ ਤੀਜੇ ਸਥਾਨ ‘ਤੇ
ਬਠਿੰਡਾ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਬਾਗੀ ਐਮ.ਪੀ. ਹਰਿੰਦਰ ਸਿੰਘ ਖ਼ਾਲਸਾ ਨੇ ਟੀ.ਏ/ਡੀ.ਏ ਲੈਣ ਵਿੱਚ ਝੰਡੀ ਰਹੀ ਹੈ। ਉਨ੍ਹਾਂ ਨੇ ਹਵਾਈ ਸਫ਼ਰ ਦਾ ਕੋਈ ਮੌਕਾ ਖੁੰਝਣ ਨਹੀਂ ਦਿੱਤਾ ਹੈ। ਉਹ ਰੋਜ਼ਾਨਾ ਔਸਤਨ 3600 ਰੁਪਏ ਟੀ.ਏ. ਲੈ ਰਹੇ ਹਨ ਜਦੋਂਕਿ ਕੈਪਟਨ ਅਮਰਿੰਦਰ ਸਿੰਘ ਨੇ ਰੋਜ਼ਾਨਾ ਦਾ ਔਸਤਨ ਸਿਰਫ਼ 343 ਰੁਪਏ ਟੀ.ਏ/ਡੀ.ਏ ਲਿਆ ਹੈ। ਮੌਜੂਦਾ ਲੋਕ ਸਭਾ ਮੈਂਬਰਾਂ ਵੱਲੋਂ ਜੂਨ 2016 ਤੱਕ 25 ਮਹੀਨਿਆਂ ਦੌਰਾਨ ਲਏ ਗਏ ਟੀ.ਏ/ਡੀ.ਏ ਦੇ ਲੇਖਾ ਜੋਖੇ ਤੋਂ ਨਵੇਂ ਤੱਥ ਉਭਰੇ ਹਨ। ਭਾਵੇਂ ਸਾਰੇ ਐਮ.ਪੀਜ਼. ਨੇ ਨਿਯਮਾਂ ਦੇ ਦਾਇਰੇ ਵਿਚ ਰਹਿ ਕੇ ਇਹ ਭੱਤਾ ਲਿਆ ਹੈ ਪ੍ਰੰਤੂ ਕਈ ਸੰਸਦ ਮੈਂਬਰ ਇਸ ਮਾਮਲੇ ਵਿੱਚ ਮੋਹਰੀ ਬਣੇ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਫਤਹਿਗੜ੍ਹ ਸਾਹਿਬ ਤੋਂ ਐਮ.ਪੀ. ਹਰਿੰਦਰ ਸਿੰਘ ਖ਼ਾਲਸਾ ਨੇ 25 ਮਹੀਨਿਆਂ ਦੌਰਾਨ 27.90 ਲੱਖ ਰੁਪਏ ਟੀ.ਏ/ਡੀ.ਏ ਲਿਆ ਹੈ, ਜੋ ਕਿ ਔਸਤਨ ਪ੍ਰਤੀ ਮਹੀਨਾ 1,11,606 ਰੁਪਏ ਬਣਦਾ ਹੈ। ਐਮ.ਪੀਜ਼ ਨੂੰ ਸਾਲਾਨਾ 34 ਸਿੰਗਲ ਹਵਾਈ ਟਰਿੱਪ ਦੀ ਸਹੂਲਤ ਹੈ ਅਤੇ ਸੈਸ਼ਨ ਵਿੱਚ ਪ੍ਰਤੀ ਦਿਨ ਦੀ ਹਾਜ਼ਰੀ ਦੇ ਦੋ ਹਜ਼ਾਰ ਰੁਪਏ ਮਿਲਦੇ ਹਨ। ਸੈਸ਼ਨ ਅਟੈਂਡ ਕਰਨ ਵਾਸਤੇ ਹਲਕੇ ਤੋਂ ਦਿੱਲੀ ਤੱਕ ਦਾ ਆਉਣ-ਜਾਣ ਦਾ ਤੇਲ ਖਰਚ ਪ੍ਰਤੀ ਕਿਲੋਮੀਟਰ 16 ਰੁਪਏ ਮਿਲਦਾ ਹੈ। ਗੁਰਦਾਸਪੁਰ ਤੋਂ ਐਮ.ਪੀ. ਵਿਨੋਦ ਖੰਨਾ ਨੇ ਦੂਸਰਾ ਨੰਬਰ ਹਾਸਲ ਕੀਤਾ ਹੈ। ਉਨ੍ਹਾਂ ਨੇ ਉਕਤ ਸਮੇਂ ਦੌਰਾਨ 20.12 ਲੱਖ ਰੁਪਏ ਦਾ ਇਹ ਭੱਤਾ ਲਿਆ ਹੈ। ਉਨ੍ਹਾਂ ਨੇ ਜ਼ਿਆਦਾ ਹਵਾਈ ਸਫ਼ਰ ਕੀਤੇ ਹਨ। ਤੀਜਾ ਨੰਬਰ ਅਕਾਲੀ ਐਮ.ਪੀ. ਪ੍ਰੇਮ ਸਿੰਘ ਚੰਦੂਮਾਜਰਾ ਦਾ ਹੈ, ਜਿਨ੍ਹਾਂ ਨੇ 25 ਮਹੀਨਿਆਂ ਦੌਰਾਨ 18.06 ਲੱਖ ਟੀ.ਏ/ਡੀ.ਏ ਲਿਆ ਹੈ, ਜੋ ਕਿ ਪ੍ਰਤੀ ਦਿਨ ਔਸਤਨ 2331 ਰੁਪਏ ਬਣਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ 25 ਮਹੀਨਿਆਂ ਦੌਰਾਨ ਸਿਰਫ਼ 2.66 ਲੱਖ ਰੁਪਏ ਟੀ.ਏ/ਡੀ.ਏ ਲਿਆ ਹੈ। ਉਹ ਭੱਤੇ ਲੈਣ ਵਿੱਚ ਫਾਡੀ ਹਨ ਅਤੇ ਸੰਸਦ ਵਿੱਚੋਂ ਗੈਰਹਾਜ਼ਰੀ ਵਿੱਚ ਮੋਹਰੀ ਹਨ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਐਮ.ਪੀ. ਭਗਵੰਤ ਮਾਨ ਨੇ ਉਕਤ ਸਮੇਂ ਦੌਰਾਨ 6.35 ਲੱਖ ਰੁਪਏ ਹੀ ਟੀ.ਏ/ਡੀ.ਏ ਵਜੋਂ ਵਸੂਲ ਕੀਤੇ ਹਨ, ਜੋ ਕਿ ਪ੍ਰਤੀ ਦਿਨ ਦੀ ਔਸਤਨ 819 ਰੁਪਏ ਬਣਦੀ ਹੈ। ਫ਼ਰੀਦਕੋਟ ਦੇ ਐਮ.ਪੀ ਪ੍ਰੋ. ਸਾਧੂ ਸਿੰਘ ਨੇ ਇਸੇ ਸਮੇਂ ਦੌਰਾਨ 8.48 ਲੱਖ ਰੁਪਏ ਇਸ ਭੱਤੇ ਵਜੋਂ ਵਸੂਲੇ ਹਨ। ਅਕਾਲੀ ਐਮ.ਪੀ. ਸ਼ੇਰ ਸਿੰਘ ਘੁਬਾਇਆ ਨੇ ਇਸੇ ਸਮੇਂ ਦੌਰਾਨ 14.76 ਲੱਖ ਰੁਪਏ ਦੇ ਇਹ ਭੱਤੇ ਵਸੂਲ ਕੀਤੇ ਹਨ। ਬਾਕੀ ਐਮ.ਪੀਜ਼ ਵਿੱਰ ਰਣਜੀਤ ਸਿੰਘ ਬ੍ਰਹਮਪੁਰਾ ਨੇ 9.77 ਲੱਖ ਰੁਪਏ, ਸੰਤੋਖ ਚੌਧਰੀ ਨੇ 7.78 ਲੱਖ ਰੁਪਏ, ਰਵਨੀਤ ਬਿੱਟੂ ਨੇ 9.88 ਲੱਖ ਰੁਪਏ ਅਤੇ ਪਟਿਆਲਾ ਤੋਂ ਐਮ.ਪੀ ਡਾ. ਧਰਮਵੀਰ ਗਾਂਧੀ ਨੇ 5.96 ਲੱਖ ਰੁਪਏ ਦੇ ਇਹ ਭੱਤੇ ਲਏ ਹਨ। ਇਸ ਤੋਂ ਇਲਾਵਾ ਰਾਜ ਸਭਾ ਦੇ ਮੈਂਬਰਾਂ ਵਿੱਚੋਂ ਅੰਬਿਕਾ ਸੋਨੀ ਨੇ 38 ਮਹੀਨਿਆਂ ਵਿੱਚ 30.72 ਲੱਖ ਰੁਪਏ ਟੀ.ਏ/ਡੀ.ਏ ਵਜੋਂ ਵਸੂਲੇ ਹਨ ਜਦੋਂ ਕਿ ਨਰੇਸ਼ ਗੁਜਰਾਲ ਨੇ 37 ਮਹੀਨਿਆਂ ਵਿੱਚ 27.18 ਲੱਖ ਰੁਪਏ ਦੇ ਇਹ ਭੱਤੇ ਵਸੂਲ ਕੀਤੇ ਹਨ।
ਐਮ.ਪੀ. ਬਲਵਿੰਦਰ ਸਿੰਘ ਭੂੰਦੜ ਨੇ ਸਭ ਤੋਂ ਘੱਟ ਭੱਤੇ ਵਸੂਲੇ ਹਨ। ਉਨ੍ਹਾਂ ਨੇ 37 ਮਹੀਨਿਆਂ ਵਿੱਚ 13.37 ਲੱਖ ਦੇ ਭੱਤੇ ਲਏ ਹਨ। ਐਮ.ਪੀ. ਸੁਖਦੇਵ ਸਿੰਘ ਢੀਂਡਸਾ ਨੇ 29.89 ਲੱਖ ਰੁਪਏ 37 ਮਹੀਨਿਆਂ ਦੌਰਾਨ ਟੀ.ਏ/ਡੀ.ਏ ਵਜੋਂ ਪ੍ਰਾਪਤ ਕੀਤੇ ਹਨ।
ਹਵਾਈ ਸਫ਼ਰ ਕਾਰਨ ਭੱਤਿਆਂ ਦੀ ਰਾਸ਼ੀ ਵਧੀ: ਖ਼ਾਲਸਾ
ਐਮ.ਪੀ. ਹਰਿੰਦਰ ਸਿੰਘ ਖ਼ਾਲਸਾ ਦਾ ਕਹਿਣਾ ਕਿ ਉਸ ਨੇ ਸਲਾਨਾ ਮਿਲਣ ਵਾਲੇ 34 ਹਵਾਈ ਟਰਿੱਪਾਂ ਦੀ ਪੂਰੀ ਸਹੂਲਤ ਪ੍ਰਾਪਤ ਕੀਤੀ ਹੈ ਜਦੋਂਕਿ ਬਾਕੀ ਐਮ.ਪੀ ਇਹ ਸੁਵਿਧਾ ਪੂਰੀ ਲੈਂਦੇ ਨਹੀਂ ਹਨ। ਹਵਾਈ ਟਰਿੱਪਾਂ ਕਰਕੇ ਹੀ ਉਸ ਦੇ ਟੀ.ਏ. ਦੀ ਰਾਸ਼ੀ ਵਧੀ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਵਧੇਰੇ ਸੈਸ਼ਨ ਅਟੈਂਡ ਕੀਤੇ ਹਨ।
ਹਰ ਪਾਸੇ ਵਧੇਰੇ ਹਾਜ਼ਰੀ ਰਹੀ ਹੈ: ਚੰਦੂਮਾਜਰਾ
ਅਕਾਲੀ ਐਮ.ਪੀ ਪ੍ਰੇਮ ਸਿੰਘ ਚੰਦੂਮਾਜਰਾ ਦਾ ਤਰਕ ਹੈ ਕਿ ਉਸ ਨੇ ਸੈਸ਼ਨ ਸਭ ਤੋਂ ਵੱਧ ਅਟੈਂਡ ਕੀਤੇ ਹਨ ਅਤੇ ਉਹ ਕਾਫ਼ੀ ਸੰਸਦੀ ਕਮੇਟੀਆਂ ਦੇ ਮੈਂਬਰ ਹਨ, ਜਿਨ੍ਹਾਂ ਦੀਆਂ ਸਭ ਤੋਂ ਵੱਧ ਮੀਟਿੰਗਾਂ ਅਟੈਂਡ ਕੀਤੀਆਂ ਹਨ। ਟੀ.ਏ/ਡੀ.ਏ ਨਿਯਮਾਂ ਮੁਤਾਬਿਕ ਹੀ ਲਿਆ ਹੈ।

Check Also

ਕਰਜ਼ੇ ’ਚ ਡੁੱਬੇ ਜਗਰਾਓ ਦੇ ਕਿਸਾਨ ਸੁਖਮੰਦਰ ਸਿੰਘ ਨੇ ਪੀਤੀ ਜ਼ਹਿਰ

ਤਿੰਨ ਧੀਆਂ ਦੇ ਪਿਤਾ ਨੇ ਇਲਾਜ਼ ਦੌਰਾਨ ਤੋੜਿਆ ਦਮ ਜਗਰਾਉਂ/ਬਿਊਰੋ ਨਿਊਜ਼ : ਸਮੇਂ-ਸਮੇਂ ਦੀਆਂ ਸਰਕਾਰਾਂ …