ਰਾਜੇਵਾਲ ਕਹਿੰਦੇ – ਮੈਨੂੰ ਕਿਸੇ ਕਰੋਨਾ ਟੀਕੇ ਦੀ ਲੋੜ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਬਾਰਡਰਾਂ ‘ਤੇ ਲੱਗੇ ਮੋਰਚਿਆਂ ਵਿਚ ਡਟੇ ਕਿਸਾਨਾਂ ਦੀ ਨੁਮਾਇੰਦਗੀ ਕਰਦੇ ਕਿਸਾਨ ਆਗੂਆਂ ਨੇ ਕੋਵਿਡ-19 ਖਿਲਾਫ ਟੀਕਾਕਰਨ ਦੇ ਸ਼ੁਰੂ ਹੋਏ ਦੂਜੇ ਗੇੜ ਦੇ ਸੰਦਰਭ ‘ਚ ਟਿੱਪਣੀ ਕਰਦਿਆਂ ਕਿਹਾ ਕਿ ਉਹ ਕਰੋਨਾ ਵਾਇਰਸ ਤੋਂ ਨਹੀਂ ਡਰਦੇ ਤੇ ਟੀਕੇ ਨਹੀਂ ਲਗਵਾਉਣਗੇ। ਆਗੂਆਂ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਜੇ ਮੋਰਚਿਆਂ ‘ਤੇ ਡਟਿਆ ਕੋਈ ਵੀ ਕਿਸਾਨ ਆਪਣੇ ਪੱਧਰ ‘ਤੇ ਟੀਕੇ ਲਗਵਾਉਣ ਦਾ ਇੱਛੁਕ ਹੈ ਤਾਂ ਇਹ ਉਸ ਦੀ ਆਪਣੀ ਨਿੱਜੀ ਚੋਣ ਹੋਵੇਗੀ। ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਮੈਂਬਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੈਨੂੰ ਕਿਸੇ ਟੀਕੇ ਦੀ ਲੋੜ ਨਹੀਂ ਹੈ। ਅਸੀਂ ਕਰੋਨਾ ਨੂੰ ਮਾਰ ਦਿੱਤਾ ਹੈ। ਕਿਸਾਨਾਂ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਮਜ਼ਬੂਤ ਹੁੰਦੀ ਹੈ ਕਿਉਂਕਿ ਉਹ ਖੇਤਾਂ ‘ਚ ਹੱਡ ਭੰਨ੍ਹਵੀਂ ਮਿਹਨਤ ਕਰਦੇ ਹਨ। ਕਿਸਾਨ ਕਰੋਨਾ ਵਾਇਰਸ ਤੋਂ ਨਹੀਂ ਡਰਦੇ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ (75) ਨੇ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਲੜਾਈ ਤੋਂ ਧਿਆਨ ਲਾਂਭੇ ਕਰਨ ਲਈ ਕਰੋਨਾ ਦਾ ਭੈਅ ‘ਕਾਫ਼ੀ ਨਹੀਂ’ ਹੈ। ਬੀਕੇਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਨੇ ਕਿਹਾ ਕਿ ਕਿਸਾਨਾਂ ਲਈ ਕੋਈ ਕਰੋਨਾ ਨਹੀਂ ਹੈ। ਮੈਂ ਕਰੋਨਾ ਦਾ ਟੀਕਾ ਨਹੀਂ ਲਵਾਉਣਾ, ਪਰ ਅਸੀਂ ਕਿਸੇ ਹੋਰ ਨੂੰ ਇਹ ਨਹੀਂ ਕਹਾਂਗੇ ਕਿ ਉਹ ਟੀਕਾ ਨਾ ਲਵਾਏ। ਇਸ ਦੌਰਾਨ 70 ਸਾਲਾ ਕਿਸਾਨ ਆਗੂ ਕੁਲਵੰਤ ਸਿੰਘ ਸੰਧੂ ਨੇ ਵੀ ਕਰੋਨਾ ਟੀਕਾ ਲਵਾਉਣ ਤੋਂ ਨਾਂਹ ਕੀਤੀ ਹੈ। ਉਧਰ ਗਾਜ਼ੀਪੁਰ ਬਾਰਡਰ ‘ਤੇ ਲੱਗੇ ਮੋਰਚੇ ‘ਚ ਡਟੇ ਬੀਕੇਯੂ ਆਗੂ ਰਾਕੇਸ਼ ਟਿਕੈਤ ਦੇ ਮੀਡੀਆ ਇੰਚਾਰਜ ਧਰਮਿੰਦਰ ਮਲਿਕ ਨੇ ਕਿਹਾ ਕਿ ਜੇ ਸਥਾਨਕ ਪ੍ਰਸ਼ਾਸਨ ਪ੍ਰਦਰਸ਼ਨਕਾਰੀ ਕਿਸਾਨਾਂ ਲਈ ਟੀਕਾਕਰਨ ਦਾ ਪ੍ਰਬੰਧ ਕਰਦਾ ਹੈ ਤਾਂ ਟਿਕੈਤ ਨੂੰ ਇਸ ਨਾਲ ਕੋਈ ਦਿੱਕਤ ਨਹੀਂ ਹੋਵੇਗੀ।
Check Also
ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ
ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਦਿੱਲੀ …