ਅਰਜਨ ਰਾਮ ਮੇਘਵਾਲ ਨੂੰ ਮਿਲਿਆ ਕਾਨੂੰਨ ਮੰਤਰਾਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੇ ਮੰਤਰੀ ਮੰਡਲ ਵਿਚ ਫੇਰਬਦਲ ਕੀਤਾ ਗਿਆ ਹੈ। ਇਸਦੇ ਚੱਲਦਿਆਂ ਸਰਕਾਰ ਨੇ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਦਾ ਵਿਭਾਗ ਬਦਲ ਦਿੱਤਾ ਹੈ। ਰਿਜਿਜੂ ਦੀ ਜਗ੍ਹਾ ਹੁਣ ਅਰਜਨ ਰਾਮ ਮੇਘਵਾਲ ਕਾਨੂੰਨ ਮੰਤਰੀ ਹੋਣਗੇ। ਰਾਸ਼ਟਰਪਤੀ ਭਵਨ ਵਲੋਂ ਜਾਰੀ ਨੋਟੀਫਿਕੇਸ਼ਨ ’ਚ ਜ਼ਿਕਰ ਕੀਤਾ ਗਿਆ ਹੈ ਕਿ ਮੇਘਵਾਲ ਨੂੰ ਸੁਤੰਤਰ ਚਾਰਜ ਸੌਂਪਿਆ ਗਿਆ ਹੈ। ਰਿਜਿਜੂ ਨੂੰ ਅਰਥ ਵਿਗਿਆਨ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕਿਰਨ ਰਿਜਿਜੂ ਨੂੰ 2021 ਵਿਚ ਕਾਨੂੰਨ ਮੰਤਰੀ ਬਣਾਇਆ ਗਿਆ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਰਿਜਿਜੂ ਮੌਜੂਦਾ ਅਤੇ ਰਿਟਾਇਰਡ ਜੱਜਾਂ ’ਤੇ ਟਿੱਪਣੀਆਂ ਨੂੰ ਲੈ ਕੇ ਸੁਰਖੀਆਂ ਵਿਚ ਰਹੇ ਹਨ। ਉਨ੍ਹਾਂ ਨੇ ਕੋਲਜ਼ੀਅਮ ਨੂੰ ਲੈ ਕੇ ਵੀ ਕਿਹਾ ਸੀ ਕਿ ਦੇਸ਼ ਵਿਚ ਕੋਈ ਕਿਸੇ ਨੂੰ ਚਿਤਾਵਨੀ ਨਹੀਂ ਦੇ ਸਕਦਾ ਹੈ। ਦੇਸ਼ ਵਿਚ ਸਾਰੇ ਲੋਕ ਸੰਵਿਧਾਨ ਦੇ ਹਿਸਾਬ ਨਾਲ ਕੰਮ ਕਰਦੇ ਹਨ। ਉਨ੍ਹਾਂ ਨੇ ਰਿਟਾਇਰਡ ਜੱਜਾਂ ’ਤੇ ਵੀ ਬਿਆਨ ਦਿੱਤਾ ਸੀ ਅਤੇ ਕਿਹਾ ਸੀ ਕਿ ਕੁਝ ਰਿਟਾਇਰਡ ਜੱਜ ਐਂਟੀ ਇੰਡੀਆ ਗਰੁੱਪ ਦਾ ਹਿੱਸਾ ਬਣ ਗਏ ਹਨ।