16 C
Toronto
Sunday, October 5, 2025
spot_img
Homeਪੰਜਾਬਬਾਬਾ ਫਰੀਦ ਆਗਮਨ ਪੁਰਬ ਸਬੰਧੀ ਸਮਾਗਮ ਉਤਸ਼ਾਹ ਨਾਲ ਸੰਪੰਨ

ਬਾਬਾ ਫਰੀਦ ਆਗਮਨ ਪੁਰਬ ਸਬੰਧੀ ਸਮਾਗਮ ਉਤਸ਼ਾਹ ਨਾਲ ਸੰਪੰਨ

ਨਗਰ ਕੀਰਤਨ ਵਿੱਚ ਵੱਡੀ ਗਿਣਤੀ ਸੰਗਤ ਵੱਲੋਂ ਸ਼ਿਰਕਤ; ਵੱਖ-ਵੱਖ ਥਾਈਂ ਨਿੱਘਾ ਸਵਾਗਤ
ਫਰੀਦਕੋਟ/ਬਿਊਰੋ ਨਿਊਜ਼ : ਸੂਫੀ ਸੰਤ ਬਾਬਾ ਸ਼ੇਖ਼ ਫਰੀਦ ਜੀ ਦੀ ਯਾਦ ਵਿਚ ਪੰਜ ਰੋਜ਼ਾ ਆਗਮਨ ਪੁਰਬ ਨਗਰ ਕੀਰਤਨ ਤੋਂ ਬਾਅਦ ਫਰੀਦਕੋਟ ‘ਚ ਸੰਪੰਨ ਹੋ ਗਿਆ। ਇਸ ਮੌਕੇ ਸੂਬੇ ਭਰ ਵਿਚੋਂ ਵੱਡੀ ਗਿਣਤੀ ਸੰਗਤ ਨੇ ਸ਼ਮੂਲੀਅਤ ਕੀਤੀ। ਇਤਿਹਾਸਿਕ ਟਿੱਲਾ ਬਾਬਾ ਫ਼ਰੀਦ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਗੋਦੜੀ ਸਾਹਿਬ ਤੱਕ ਪੁੱਜੇ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ। ਇਸ ਨਗਰ ਕੀਰਤਨ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਵੀ ਸ਼ਮੂਲੀਅਤ ਕੀਤੀ।
ਮੇਲੇ ਦੀ ਦੇਖ ਰੇਖ ਕਰ ਰਹੇ ਮਹੀਪਇੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਸੰਗਤਾਂ ਦੇ ਵੱਡੇ ਇਕੱਠ ਕਾਰਨ ਨਗਰ ਕੀਰਤਨ ਗੁਰਦੁਆਰਾ ਗੋਦੜੀ ਸਾਹਿਬ ਦੋ ਘੰਟੇ ਦੇਰੀ ਨਾਲ ਪੁੱਜਾ। ਇਸ ਮੌਕੇ ਇਲਾਕੇ ਦੀਆਂ ਧਾਰਮਿਕ, ਸਮਾਜ ਸੇਵੀ ਅਤੇ ਹੋਰ ਸੰਸਥਾਵਾਂ ਨੇ ਲੰਗਰ ਵੀ ਲਗਾਏ। ਇਸ ਮੌਕੇ ਫਰੀਦਕੋਟ-ਕੋਟਕਪੂਰਾ ਰੋਡ ‘ਤੇ ਵਿਸ਼ੇਸ਼ ਤੌਰ ‘ਤੇ ਇਕ ਬਾਜ਼ਾਰ ਸਜਿਆ ਜਿਸ ਵਿਚ ਲੋਕਾਂ ਨੇ ਖਰੀਦਦਾਰੀ ਕੀਤੀ।
ਨਗਰ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਤੇਜ਼ ਮੀਂਹ ਪਿਆ, ਇਸ ਦੇ ਬਾਵਜੂਦ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਸ਼ਮੂਲੀਅਤ ਨਹੀਂ ਕਰ ਸਕੇ ਪਰ ਉਨ੍ਹਾਂ ਨੇ ਆਗਮਨ ਪੁਰਬ ਦੀ ਵਧਾਈ ਭੇਜੀ ਹੈ। ਗੁਰਦੁਆਰਾ ਗੋਦੜੀ ਸਾਹਿਬ ਵਿਚ ਨਗਰ ਕੀਰਤਨ ਪਹੁੰਚਣ ਤੋਂ ਬਾਅਦ ਅਰਦਾਸ ਨਾਲ ਆਗਮਨ ਪੁਰਬ ਸੰਪੰਨ ਹੋ ਗਿਆ। ਇਸ ਮੌਕੇ ਬਾਬਾ ਫ਼ਰੀਦ ਸੁਸਾਇਟੀ ਨੇ ਮਨੁੱਖਤਾ ਦੀ ਸੇਵਾ ਲਈ ਸਮਾਜ ਸੇਵਾ ਸੁਸਾਇਟੀ ਮੋਗਾ ਨੂੰ ਭਗਤ ਪੂਰਨ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਸੰਸਥਾ ਨੂੰ ਇਕ ਲੱਖ ਰੁਪਏ ਨਗਦ, ਪ੍ਰਸੰਸਾ ਪੱਤਰ ਅਤੇ ਧਾਰਮਿਕ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ।

 

RELATED ARTICLES
POPULAR POSTS