ਦੂਜੇ ਨੰਬਰ ‘ਤੇ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਦੇ ਸੀਐਮ ਚਿਹਰੇ ਵਜੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕਾਂ ਦੀ ਪਹਿਲੀ ਪਸੰਦ ਹਨ। ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਕਰੀਬੀ ਨਿਖਿਲ ਅਲਵਾ ਨੇ ਇਸ ਨੂੰ ਲੈ ਕੇ ਟਵਿੱਟਰ ‘ਤੇ ਇਕ ਪੋਲ ਕਰਵਾਇਆ। ਜਿਸ ‘ਚ ਚੰਨੀ ਨੂੰ ਸੀਐਮ ਚਿਹਰੇ ਵਜੋਂ 69 ਫੀਸਦੀ ਵੋਟ ਮਿਲੇ ਜਦਕਿ ਦੂਜੇ ਨੰਬਰ ‘ਤੇ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮਹਿਜ਼ 12 ਫੀਸਦੀ ਵੋਟ ਮਿਲੇ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਮਾਤਰ 9 ਫੀਸਦੀ ਹੀ ਵੋਟ ਮਿਲੇ। ਜਦਕਿ 10 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਦੇ ਚਿਹਰੇ ਤੋਂ ਬਿਨਾ ਹੀ ਲੜੀਆਂ ਜਾਣ। ਪੰਜਾਬ ‘ਚ ਮੁੱਖ ਮੰਤਰੀ ਚਿਹਰੇ ਦੇ ਐਲਾਨ ਲਈ ਨਵਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਵਕਾਲਤ ਕੀਤੀ ਜਾ ਰਹੀ ਹੈ। ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਪੰਜਾਬ ਦੇ ਵਿਕਾਸ ਲਈ ਰੋਡ ਮੈਪ ਹੈ ਅਤੇ ਉਹ ਪੰਜਾਬ ਮਾਡਲ ਰਾਹੀਂ ਕਰਜ਼ੇ ‘ਚ ਡੁੱਬੇ ਪੰਜਾਬ ਨੂੰ ਮੁੜ ਤੋਂ ਆਪਣੇ ਪੈਰਾਂ ‘ਤੇ ਖੜ੍ਹਾ ਕਰ ਸਕਦੇ ਹਨ। ਜਦਕਿ ਇਸ ਦੇ ਉਲਟ ਪੰਜਾਬ ਦੇ ਕਈ ਕੈਬਨਿਟ ਮੰਤਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹੀ ਮੁੱਖ ਮੰਤਰੀ ਦੇ ਚਿਹਰੇ ਵਜੋਂ ਹੀ ਚੋਣ ਮੈਦਾਨ ਵਿਚ ਉਤਾਰਾਨਾ ਚਾਹੁੰਦੇ ਹਨ। ਇਨ੍ਹਾਂ ਮੰਤਰੀਆਂ ਵਿਚ ਬ੍ਰਹਮ ਮਹਿੰਦਰਾ, ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਰਾਣਾ ਗੁਰਜੀਤ ਦੇ ਨਾਮ ਸ਼ਾਮਲ ਹਨ। ਪੰਜਾਬ ਕਾਂਗਰਸ ‘ਚ ਮੁੱਖ ਮੰਤਰੀ ਚਿਹਰੇ ਦੇ ਲਈ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਦੇ ਨਾਵਾਂ ਨੂੰ ਲੈ ਕੇ ਬੇਸ਼ੱਕ ਚਰਚਾ ਚੱਲ ਰਹੀ ਹੈ ਪ੍ਰੰਤੂ ਕਾਂਗਰਸ ਹਾਈ ਕਮਾਂਡ ਵੱਲੋਂ ਹਾਲੇ ਤੱਕ ਕਿਸੇ ਵੀ ਨਾਮ ਦਾ ਐਲਾਨ ਨਹੀਂ ਕੀਤਾ ਗਿਆ।