9.4 C
Toronto
Friday, November 7, 2025
spot_img
Homeਪੰਜਾਬਰਾਹੁਲ ਗਾਂਧੀ ਦੀ ਤਾਜਪੋਸ਼ੀ ਤੋਂ ਪਹਿਲਾਂ ਪੰਜਾਬ ਨੂੰ ਮਿਲ ਸਕਦੈ ਨਵਾਂ ਪ੍ਰਧਾਨ

ਰਾਹੁਲ ਗਾਂਧੀ ਦੀ ਤਾਜਪੋਸ਼ੀ ਤੋਂ ਪਹਿਲਾਂ ਪੰਜਾਬ ਨੂੰ ਮਿਲ ਸਕਦੈ ਨਵਾਂ ਪ੍ਰਧਾਨ

ਸੁਨੀਲ ਜਾਖੜ ਕੇਂਦਰ ਦੀ ਸਿਆਸਤ ‘ਤੇ ਕਰਨ ਲੱਗੇ ਫੋਕਸ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਵਿਚ ਜਲਦ ਹੀ ਵੱਡਾ ਬਦਲਾਅ ਹੋ ਸਕਦਾ ਹੈ। ਗੁਰਦਾਸਪੁਰ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਹੁਣ ਸੁਨੀਲ ਜਾਖੜ ਆਪਣਾ ਪੂਰਾ ਫੋਕਸ ਕੇਂਦਰ ਦੀ ਸਿਆਸਤ ‘ਤੇ ਕਰਨ ਜਾ ਰਹੇ ਹਨ। ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸੁਨੀਲ ਜਾਖੜ ਨੂੰ ਲੋਕ ਸਭਾ ਵਿਚ ਕਾਂਗਰਸ ਪਾਰਟੀ ਡਿਪਟੀ ਲੀਡਰ ਨਿਯੁਕਤ ਕਰ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪਾਰਟੀ ਨੂੰ ਪੰਜਾਬ ਵਿਚ ਨਵਾਂ ਪਾਰਟੀ ਪ੍ਰਧਾਨ ਬਣਾਉਣਾ ਪਵੇਗਾ। ਪਾਰਟੀ ਦਾ ਇਸ ਵਾਰ ਜ਼ੋਰ ਵੀ ਹਿੰਦੂ ਚਿਹਰੇ ‘ਤੇ ਰਹੇਗਾ। ਹਾਲਾਂਕਿ ਕਈ ਸਿੱਖ ਆਗੂ ਵੀ ਇਸ ਅਹੁਦੇ ਲਈ ਆਪਣੀ-ਆਪਣੀ ਦੌੜ ਲਗਾ ਰਹੇ ਹਨ।
ਜ਼ਿਕਰਯੋਗ ਹੈ ਕਿ 2014 ਵਿਚ ਪਾਰਟੀ ਨੇ ઠਨਵੇਂ ਤਜਰਬੇ ਕਰਕੇ ਕਈ ਦਿੱਗਜ ਆਗੂਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ। ਅੰਬਿਕਾ ਸੋਨੀ ਨੂੰ ਜਿੱਥੇ ਆਨੰਦਪੁਰ ਸਾਹਿਬ ਤੋਂ ਚੋਣ ਲੜਾਈ ਗਈ ਸੀ, ਉਥੇ ਰਵਨੀਤ ਬਿੱਟੂ ਨੂੰ ਆਨੰਦਪੁਰ ਸਾਹਿਬ ਤੋਂ ਲਿਆ ਕੇ ਲੁਧਿਆਣਾ ਦੀ ਜ਼ਮੀਨ ‘ਤੇ ਚੋਣ ਮੈਦਾਨ ਵਿਚ ਉਤਾਰਿਆ ਸੀ। ਉਦੋਂ ਸੂਬਾ ਪ੍ਰਧਾਨ ਚੱਲ ਰਹੇ ਪ੍ਰਤਾਪ ਸਿੰਘ ਬਾਜਵਾ ਨੂੰ ਪਾਰਟੀ ਨੇ ਗੁਰਦਾਸਪੁਰ ਤੋਂ ਚੋਣ ਲੜਾਈ ਸੀ ਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੂੰ ਫਿਰੋਜ਼ਪੁਰ ਸੀਟ ਤੋਂ ਉਤਾਰਿਆ ਸੀ । ਅਕਾਲੀ-ਭਾਜਪਾ ਗਠਜੋੜ ਨੂੰ ਤਿੱਖੀ ਟੱਕਰ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਨੇ ਅੰਮ੍ਰਿਤਸਰ ਤੋਂ ਚੋਣ ਲੜਾਈ ਸੀ ਪਰ ਇਨ੍ਹਾਂ ਵਿਚੋਂ ਵਧੇਰੇ ਵੱਡੇ ਆਗੂ ਚੋਣ ਹਾਰ ਗਏ ਸਨ। ਰਵਨੀਤ ਬਿੱਟੂ ਜਿੱਥੇ ਲੁਧਿਆਣਾ ਤੋਂ ਚੋਣ ਜਿੱਤਣ ਵਿਚ ਸਫਲ ਰਹੇ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੇ ਉੱਘੇ ਆਗੂ ਅਰੁਣ ਜੇਤਲੀ ਨੂੰ ਵੱਡੇ ਅੰਤਰ ਨਾਲ ਚੋਣ ਵਿਚ ਹਰਾਇਆ ਸੀ। ਜੇਤਲੀ ਵਰਗੇ ਆਗੂ ‘ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਕੈਪਟਨ ਦਾ ਕੱਦ ਪਾਰਟੀ ਅੰਦਰ ਕਾਫੀ ਵਧ ਗਿਆ ਸੀ। ਇਸਦਾ ਨਤੀਜਾ ਇਹ ਰਿਹਾ ਕਿ ਪਾਰਟੀ ਨੇ ਜਿੱਥੇ ਮਲਿੱਕਾਰਜੁਨ ਨੂੰ ਲੋਕ ਸਭਾ ਵਿਚ ਪਾਰਟੀ ਦਾ ਆਗੂ ਚੁਣਿਆ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਲੋਕ ਸਭਾ ਵਿਚ ਪਾਰਟੀ ਦਾ ਉਪ ਆਗੂ ਬਣਾਇਆ ਗਿਆ ਪਰ ਕੈਪਟਨ ਦੀ ਹਾਜ਼ਰੀ ਲੋਕ ਸਭਾ ਵਿਚ ਨਾਂਹ ਦੇ ਬਰਾਬਰ ਰਹੀ ਅਤੇ ਉਹ ਇਸ ਅਹੁਦੇ ਨੂੰ ਬਾਖੂਬੀ ਨਹੀਂ ਨਿਭਾਅ ਸਕੇ। ਉਨ੍ਹਾਂ ਦਾ ਮਨ ਕੇਂਦਰ ਦੀ ਸਿਆਸਤ ਵਿਚ ਘੱਟ ਤੇ ਸੂਬੇ ਦੀ ਸਿਆਸਤ ‘ਚ ਵੱਧ ਸੀ।
ਪਾਰਟੀ ਨੇ ਉਨ੍ਹਾਂ ਨੂੰ ਸੂਬਾ ਕਾਂਗਰਸ ਪ੍ਰਧਾਨ ਬਣਾਇਆ ਤਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਨੇ ਲੋਕ ਸਭਾ ਦੇ ਉਪ ਆਗੂ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਦੋਂ ਤੋਂ ਹੀ ਇਹ ਅਹੁਦਾ ਖਾਲੀ ਚੱਲ ਰਿਹਾ ਹੈ। ਸੁਨੀਲ ਜਾਖੜ ਨੇ ਗੁਰਦਾਸਪੁਰ ਤੋਂ ਵੱਡੀ ਜਿੱਤ ਪ੍ਰਾਪਤ ਕਰਕੇ ਆਪਣੀ ਕਾਬਲੀਅਤ ਨੂੰ ਇਕ ਵਾਰ ਫਿਰ ਜ਼ਾਹਿਰ ਕੀਤਾ ਹੈ। ਬਤੌਰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਹਿੰਦੇ ਹੋਏ ਸੁਨੀਲ ਜਾਖੜ ਨੇ ਕਈ ਅਹਿਮ ਮੁੱਦੇ ਚੁੱਕੇ ਸਨ ਅਤੇ ਅਕਾਲੀ-ਭਾਜਪਾ ਸਰਕਾਰ ਦੇ ਨੱਕ ‘ਚ ਦਮ ਕਰਕੇ ਰੱਖਿਆ ਸੀ। ਜਾਖੜ ਦੇ ਇਸੇ ਤਜਰਬੇ ਨੂੰ ਪਾਰਟੀ ਹੁਣ ਲੋਕ ਸਭਾ ਵਿਚ ਇਸਤੇਮਾਲ ਕਰਨਾ ਚਾਹੁੰਦੀ ਹੈ। ਡਿਪਟੀ ਆਗੂ ਦੇ ਖਾਲੀ ਚੱਲ ਰਹੇ ਅਹੁਦੇ ‘ਤੇ ਉਹ ਪਾਰਟੀ ਦੇ ਉਘੇ ਆਗੂ ਜਾਖੜ ਨੂੰ ਬਿਠਾ ਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਕਈ ਮਾਮਲਿਆਂ ਵਿਚ ਘੇਰਨ ਦੀ ਯੋਜਨਾ ਬਣਾ ਸਕਦੀ ਹੈ।
ਰਾਹੁਲ ਗਾਂਧੀ ਵੀ ਜਾਖੜ ਨੂੰ ਕੇਂਦਰ ਦੀ ਸਿਆਸਤ ਵਿਚ ਦੇਖਣਾ ਚਾਹੁੰਦੇ ਹਨ। ਇਸ ਲਈ ਪਾਰਟੀ ਸੂਬਾ ਪ੍ਰਧਾਨ ਦੇ ਅਹੁਦੇ ਲਈ ਹੁਣ ਕਿਸੇ ਨਵੇਂ ਆਗੂ ਦੀ ਭਾਲ ਵਿਚ ਹੈ। ਸੂਬੇ ‘ਚ ਕੈਪਟਨ ਅਮਰਿੰਦਰ ਸਿੰਘ ਦੇ ਤੌਰ ‘ਤੇ ਮੁੱਖ ਮੰਤਰੀ ਦੇ ਅਹੁਦੇ ‘ਤੇ ਜੱਟ ਸਿੱਖ ਆਗੂ ਹੈ ਤੇ ਪਾਰਟੀ ਨੇ ਸੂਬਾ ਪ੍ਰਧਾਨ ਦੇ ਅਹੁਦੇ ‘ਤੇ ਇਕ ਹਿੰਦੂ ਆਗੂ ਨੂੰ ਬਿਠਾਇਆ ਸੀ ਤਾਂ ਜੋ ਹਿੰਦੂ ਅਤੇ ਸਿੱਖ ਵੋਟ ਬੈਂਕ ਦੋਵਾਂ ‘ਤੇ ਆਪਣੀ ਪਕੜ ਬਣਾਈ ਜਾ ਸਕੇ। ਜਾਖੜ ਦੇ ਕੇਂਦਰ ਦੀ ਸਿਆਸਤ ਵਿਚ ઠਜਾਣ ਤੋਂ ਬਾਅਦ ਪਾਰਟੀ ਇਕ ਵਾਰ ਫਿਰ ਕਿਸੇ ਦੂਸਰੇ ਹਿੰਦੂ ਆਗੂ ‘ਤੇ ਦਾਅ ਖੇਡ ਸਕਦੀ ਹੈ । ਪਾਰਟੀ ਜਲਦ ਹੀ ਰਾਹੁਲ ਗਾਂਧੀ ਨੂੰ ਰਾਸ਼ਟਰੀ ਪ੍ਰਧਾਨ ਬਣਾਉਣ ਜਾ ਰਹੀ ਹੈ ਤੇ ਰਾਹੁਲ ਗਾਂਧੀ ਦੀ ਤਾਜਪੋਸ਼ੀ ਤੋਂ ਪਹਿਲਾਂ ਸੂਬੇ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਕਿਸ ਆਗੂ ਦੀ ਕਿਸਮਤ ਦਾ ਤਾਲਾ ਖੁੱਲ੍ਹਦਾ ਹੈ ।

RELATED ARTICLES
POPULAR POSTS