ਸੰਸਥਾਵਾਂ ਲਗਾ ਰਹੀਆਂ ਹਨ ਕੁੜੀਆਂ ਦੀਆਂ ਕਰਾਟੇ ਸਿਖਲਾਈ ਕਲਾਸਾਂ, ਕੁੜੀਆਂ ਦਾ ਵਧ ਜਾਂਦਾ ਹੈ ਆਤਮ ਰੱਖਿਆ ਸਬੰਧੀ ਹੌਸਲਾ
ਬਠਿੰਡਾ : ਹੁਣ ਪੰਜਾਬੀ ਮੁਟਿਆਰਾਂ ਆਤਮ ਰੱਖਿਆ ਲਈ ਦਾਅ ਪੇਚ ਸਿੱਖ ਰਹੀਆਂ ਹਨ ਤਾਂ ਜੋ ਮਾੜੇ ਅਨਸਰਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ। ਇਸ ਸਬੰਧੀ ਸ਼ਹਿਰਾਂ ਤੇ ਪੇਂਡੂ ਇਲਾਕਿਆਂ ਵਿਚ ਸਿਖਲਾਈ ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਜਿੱਥੇ ਵੱਡੀ ਗਿਣਤੀ ਵਿਚ ਕੁੜੀਆਂ ਇਹ ਦਾਅ ਪੇਚ ਸਿੱਖ ਰਹੀਆਂ ਹਨ। ਜਿਹੜੀਆਂ ਕੁੜੀਆਂ ਕਰਾਟੇ ਤੇ ਹੋਰ ਬਾਕਸਿੰਗ ਸਿੱਖ ਜਾਂਦੀਆਂ ਹਨ ਅਤੇ ਉਹ ਆਮ ਕੁੜੀਆਂ ਦੇ ਮੁਕਾਬਲੇ ਕਾਫੀ ਉਤਸ਼ਾਹਿਤ ਹੁੰਦੀਆਂ ਹਨ। ਮੌਜੂਦਾ ਸਮੇਂ ਦੇ ਅੰਦਰ ਸ਼ਹਿਰ ਦੇ ਦੋ ਥਾਵਾਂ ਸੁਰਖਪੀਰ ਰੋਡ ਤੇ ਪ੍ਰਤਾਪ ਨਗਰ ਵਿਖੇ ਯੂਥ ਵੀਰਾਂਗਨਾਏਂ ਸੰਸਥਾ ਵਲੋਂ ਵਿਸ਼ੇਸ਼ ਸਿਖਲਾਈ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਹ ਮੌਕੇ ਬਲੈਕ ਬੈਲਟ ਟ੍ਰੇਨਿੰਗ ਪ੍ਰਾਪਤ ਕੋਚ ਤੇ ਹੋਰ ਮਾਹਿਰ ਖਿਡਾਰੀ ਕੁੜੀਆਂ ਨੂੰ ਸਾਹਮਣੇ ਵਾਲੇ ਦੁਸ਼ਮਣ ਨਾਲ ਸੰਘਰਸ਼ ਦੀ ਜਾਣਕਾਰੀ ਦਿੰਦਿਆਂ ਹਨ। ਇਨ੍ਹਾਂ ਕਲਾਸਾਂ ‘ਚ ਹੀ ਨਹੀਂ ਕੁਝ ਕੁੜੀਆਂ ਤਾਂ ਵਿਸ਼ੇਸ਼ ਤੌਰ ‘ਤੇ ਟੈਨਰ ਪਾਸ ਇਸ ਤਰ੍ਹਾਂ ਦੀ ਸਿਖਲਾਈ ਲੈਂਦੀਆਂ ਹਨ ਤਾਂ ਇਕੱਲੇ ਹੋਣ ਤੋਂ ਬਾਅਦ ਵੀ ਉਹ ਆਪਣੀ ਆਤਮ ਰੱਖਿਆ ਲਈ ਡਟ ਕੇ ਮੁਕਾਬਲਾ ਕਰ ਸਕਣ ਤੇ ਉਨ੍ਹਾਂ ਨੂੰ ਕੋਈ ਡਰ ਨਾ ਰਹੇ। ਬਲੈਕ ਬੈਲਟ ਕੋਚ ਪਰਵਿੰਦਰ ਕੌਰ ਨੇ ਦੱਸਿਆ ਕਿ ਹਰ ਰੋਜ਼ ਕੁੜੀਆਂ ਦੀ ਸਿਖਲਾਈ ਕਲਾਸ ਲੱਗਦੀ ਹੈ ਜਿੱਥੇ ਉਨ੍ਹਾਂ ਨੂੰ ਇਹ ਸਿਖਲਾਈ ਦਿੱਤੀ ਜਾਂਦੀ ਹੈ।
ਸਥਾਨਕ ਸੁਰਖਪੀਰ ਮਾਰਗ ‘ਤੇ ਚੱਲ ਰਹੀਆਂ ਕਲਾਸਾਂ ‘ਚ ਟ੍ਰੇਨਿੰਗ ਪ੍ਰਾਪਤ ਕਰਨ ਵਾਲੀ ਪੂਜਾ ਨੇ ਦੱਸਿਆ ਕਿ ਉਸ ਨੂੰ ਅਜੇ ਕਲਾਸ ਵਿਚ ਆਏ ਥੋੜ੍ਹਾ ਸਮਾਂ ਹੋਇਆ ਹੈ। ਉਸ ਨੇ ਦੱਸਿਆ ਕਿ ਜਦੋਂ ਤੋਂ ਉਹ ਟ੍ਰੇਨਿੰਗ ਪ੍ਰਾਪਤ ਕਰ ਰਹੀ ਹੈ, ਉਸ ਦਿਨ ਤੋਂ ਉਹ ਹੌਸਲੇ ਨਾਲ ਭਰਪੂਰ ਹੈ। ਅਜਿਹੀ ਇਕ ਹੋਰ ਟ੍ਰੇਨਿੰਗ ਪ੍ਰਾਪਤ ਕਰਨ ਵਾਲੀ ਲੜਕੀ ਨੀਤੂ ਨੇ ਦੱਸਿਆ ਕਿ ਅੱਜ ਕੱਲ੍ਹ ਜਿਸ ਤਰ੍ਹਾਂ ਹਾਲਤ ਬਣੇ ਹੋਏ ਹਨ ਤੇ ਹਰ ਕਿਸੇ ਨੂੰ ਖਾਸ ਕਰ ਕੁੜੀਆਂ ਨੂੰ ਆਪਣੀ ਖੁਦ ਸੁਰੱਖਿਆ ਕਰਨ ਸਬੰਧੀ ਜਾਗਰੂਕ ਹੋਣ ਦੀ ਲੋੜ ਹੈ।
ਮਾੜੇ ਅਨਸਰਾਂ ਨੂੰ ਮਿਲੇਗਾ ਮੂੰਹ ਤੋੜ ਜਵਾਬ : ਡੀਐਸਪੀ
ਪੰਜਾਬ ਪੁਲਿਸ ਦੀ ਡੀਐਸਪੀ ਅਤੇ ਅੰਤਰਰਾਸ਼ਟਰੀ ਖਿਡਾਰੀ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਕੁੜੀਆਂ ਵਲੋਂ ਜਿਹੜੀ ਇਹ ਸਿਖਲਾਈ ਲਈ ਜਾ ਰਹੀ ਹੈ, ਇਸ ਨਾਲ ਉਹ ਅਜਿਹੇ ਮਾੜੇ ਅਨਸਰਾਂ ਖਿਲਾਫ ਡਟ ਜਾਣਗੀਆਂ, ਜਿਨ੍ਹਾਂ ਦੀ ਸੋਚ ਹੈ ਕਿ ਲੜਕੀਆਂ ਕਮਜ਼ੋਰ ਹਨ। ਉਹਨਾਂ ਦੱਸਿਆ ਕਿ ਜੇਕਰ ਹਰ ਕੁੜੀ ਆਪਣੀ ਸੁਰੱਖਿਆ ਪ੍ਰਤੀ ਖੁਦ ਤਿਆਰ ਹੋਵੇ ਤਾਂ ਕਿਸੇ ਵੀ ਮਾੜੇ ਅਨਸਰ ਦੀ ਜੁਰਤ ਨਹੀਂ ਕਿ ਉਹ ਕੁੜੀਆਂ ਨੂੰ ਪਰੇਸ਼ਾਨ ਕਰ ਸਕੇ।
ਟ੍ਰੇਨਿੰਗ ਹਾਸਲ ਕਰਨ ਨਾਲ ਕੁੜੀਆਂ ਦਾ ਹੌਸਲਾ ਵਧਦੈ : ਕੋਚ
ਬਠਿੰਡਾ ਮਾਰਸ਼ਲ ਆਰਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਕੋਚ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਉਹਨਾਂ ਕੋਲ ਦਰਜਨਾਂ ਕੁੜੀਆਂ ਸਿਖਲਾਈ ਪ੍ਰਾਪਤ ਕਰ ਰਹੀਆਂ ਹਨ। ਉਹਨਾਂ ਦੱਸਿਆ ਕਿ ਜਿਹੜੀਆਂ ਕਰਾਟੇ ਤੇ ਹੋਰ ਆਤਮ ਰੱਖਿਆ ਦੇ ਦਾਅ ਸਿੱਖ ਲੈਂਦੀਆਂ ਹਨ, ਉਹ ਹੌਸਲੇ ਨਾਲ ਭਰ ਜਾਂਦੀਆਂ ਹਨ। ਉਹਨਾਂ ਸਾਹਮਣੇ ਕਿਹੋ ਜਿਹੇ ਵੀ ਹਾਲਾਤ ਹੋਣ ਉਹਨਾਂ ਦਾ ਡਟ ਕੇ ਮੁਕਾਬਲਾ ਕਰਨ ਲਈ ਤਿਆਰ ਬਰ ਤਿਆਰ ਹੁੰਦੀਆਂ ਹਨ।
Check Also
ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ 6 ਦਸੰਬਰ ਨੂੰ ਦਿੱਲੀ ਕੂਚ ਕਰਨਗੀਆਂ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ ਬਾਰਡਰ ਤੋਂ …