ਜਲੰਧਰ/ਬਿਊਰੋ ਨਿਊਜ਼ : ਵਿਦੇਸ਼ ਲਿਜਾਣ ਦਾ ਝਾਂਸਾ ਦੇ ਕੇ ਵਿਆਹ ਕਰਵਾਉਣ ਤੇ ਪੈਸੇ ਠੱਗਣ ਵਾਲੇ ਅਮਰੀਕਾ ਤੋਂ ਪਰਤੇ ਐਨ.ਆਰ.ਆਈ. ਨੂੰ ਪੁਲਿਸ ਨੇ ਦਿੱਲੀ ਹਵਾਈ ਅੱਡੇ ਤੋਂ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਜਗਜੀਤ ਸਿੰਘ ਵਾਸੀ ਗਰੀਨ ਐਵੇਨਿਊ ਜਲੰਧਰ ਵਜੋਂ ਹੋਈ ਹੈ, ਜੋ ਦੋ ਸਾਲ ਅਮਰੀਕਾ ਰਹਿ ਚੁੱਕਾ ਹੈ। ਉਹ ਵਿਦੇਸ਼ ਲਿਜਾਣ ਦਾ ਝਾਂਸਾ ਦੇ ਕੇ ਹੁਣ ਤਕ ਚਾਰ ਵਿਆਹ ਕਰਵਾ ਚੁੱਕਾ ਹੈ। ਪੁਲਿਸ ਨੇ ਜਗਜੀਤ ਨੂੰ ਫੇਸਬੁੱਕ ਰਾਹੀਂ ਕੁੜੀ ਦੀ ਫ਼ਰਜ਼ੀ ਆਈ.ਡੀ. ਬਣਾ ਕੇ ਕਾਬੂ ਕੀਤਾ ਹੈ। ਉਸ ਕੋਲੋਂ ਦੋ ਪਾਸਪੋਰਟ ਬਰਾਮਦ ਹੋਏ ਹਨ, ਜਿਨ੍ਹਾਂ ਵਿਚ ਇੱਕ ਜਗਜੀਤ ਸਿੰਘ ਤੇ ਦੂਜਾ ਪਾਸਪੋਰਟ ਰਤਨ ਕੁਮਾਰ ਦੇ ਨਾਂ ਦਾ ਹੈ। ਜਗਜੀਤ ਦੇ ਚੌਥੇ ਵਿਆਹ ਦੀ ਸ਼ਿਕਾਰ ਹੋਈ ਨਵਜੋਤ ਕੌਰ ਪੁਲਿਸ ਕਮਿਸ਼ਨਰ ਪ੍ਰਵੀਨ ਸਿਨਹਾ ਨਾਲ ਮੀਡੀਆ ਅੱਗੇ ਪੇਸ਼ ਹੋਈ ਅਤੇ ਆਪਣੀ ਹੱਡਬੀਤੀ ਸੁਣਾਈ। ਨਵਜੋਤ ਨੇ ਦੱਸਿਆ ਕਿ ਜਗਜੀਤ ਸਿੰਘ ਉਸ ਨੂੰ ਵੈੱਬਸਾਈਟ ਸ਼ਾਦੀ.ਕਾਮ ‘ਤੇ ਮਿਲਿਆ ਸੀ ਅਤੇ ਅਮਰੀਕਾ ਲਿਜਾਣ ਦਾ ਝਾਂਸਾ ਦੇ ਕੇ ਉਸ ਨਾਲ ਵਿਆਹ ਕਰਵਾ ਲਿਆ। ਇਸ ਵਿਆਹ ਵਿਚ ਜਗਜੀਤ ਦੀ ਭੂਆ ਗੁਰਦੇਵ ਕੌਰ, ਭੂਆ ਦੀ ਧੀ ਬਲਜੀਤ ਕੌਰ ਅਤੇ ਜਵਾਈ ਕਮਲਜੀਤ ਸਿੰਘ ਵੀ ਸ਼ਾਮਲ ਸਨ। ਵਿਆਹ ਬਾਅਦ ਜਗਜੀਤ ਨੇ ਉਸ ਦੇ ਘਰਦਿਆਂ ਕੋਲੋਂ 6.28 ਲੱਖ ਰੁਪਏ ਲੈ ਲਏ ਅਤੇ ਉਸ ‘ਚੋਂ 2 ਲੱਖ ਭੂਆ ਨੂੰ ਵਿਚੋਲਣ ਬਣਨ ਦੇ ਦਿੱਤੇ। ਵਿਆਹ ਤੋਂ 10 ਦਿਨ ਬਾਅਦ ਜਗਜੀਤ ਉਸ ਨੂੰ ਛੱਡ ਕੇ ਪੈਸੇ ਲੈ ਕੇ ਫਰਾਰ ਹੋ ਗਿਆ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਗਜੀਤ ਪਹਿਲਾਂ ਵੀ ਤਿੰਨ ਵਿਆਹ ਕਰਵਾ ਚੁੱਕਾ ਹੈ ਅਤੇ ਵੱਖ-ਵੱਖ ਥਾਣਿਆਂ ਵਿਚ ਉਸ ਖ਼ਿਲਾਫ਼ ਕੇਸ ਦਰਜ ਹਨ। ਪੁਲਿਸ ਨੇ ਉਸ ਦੀ ਭੂਆ ਗੁਰਦੇਵ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਉਸ ਦੀ ਧੀ ਤੇ ਜਵਾਈ ਹਾਲੇ ਫਰਾਰ ਹਨ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …