ਪੰਜਾਬ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਹੋਸਟਲ ਦੀ ਸਾਈਟ ਵੈਸਟਰਨ ਕਮਾਂਡ ਨੂੰ ਸੌਂਪੀ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ‘ਚ ਤੇਜ਼ੀ ਨਾਲ ਵਧ ਰਹੇ ਕਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਨਾਲ ਨਜਿੱਠਣ ਲਈ ਚੰਡੀਗੜ੍ਹ ਪ੍ਰਸ਼ਾਸਨ ਦੀ ਮਦਦ ਹੁਣ ਫੌਜ ਕਰੇਗੀ। ਕਰੋਨਾ ਮਰੀਜ਼ਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਹਸਪਤਾਲਾਂ ‘ਚ ਬੈੱਡਾਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਵੈਸਟਰਨ ਕਮਾਂਡ ਚੰਡੀਮੰਦਰ ਦੇ ਸਹਿਯੋਗ ਨਾਲ 100 ਬੈੱਡਾਂ ਦਾ ਹਸਪਤਾਲ ਬਣਾਉਣ ਦਾ ਫ਼ੈਸਲਾ ਲਿਆ ਹੈ। ਫੌਜ ਨੇ ਵੀ ਯੂਟੀ ਪ੍ਰਸ਼ਾਸਨ ਦੇ ਇਸ ਸੁਝਾਅ ਨੂੰ ਮੰਨ ਲਿਆ ਹੈ। ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਅੱਜ ਸਾਰੀਆਂ ਸਿਆਸੀ ਪਾਰਟੀਆਂ ਨਾਲ ਮੀਟਿੰਗ ‘ਚ ਚਰਚਾ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਬਦਨੌਰ ਹੋਰਾਂ ਨੇ ਕਿਹਾ ਕਿ ਦਿੱਲੀ ‘ਚ ਵੀ ਫ਼ੌਜ ਨੇ ਅਜਿਹਾ ਹਸਪਤਾਲ ਬਣਾਇਆ ਹੈ ਅਤੇ ਕਈ ਜਗ੍ਹਾ ਟੈਂਟ ਲਗਾ ਕੇ ਹਸਪਤਾਲ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਹੋਸਟਲ ‘ਚ ਆਰਮੀ ਤੋਂ ਆਈਸੀਯੂ ਤੇ ਵੈਂਟੀਲੇਟਰ ਵਰਗੀਆਂ ਸਹੂਲਤਾਂ ਨਾਲ ਲੈਸ ਹਸਪਤਾਲ ਤਿਆਰ ਕਰਨ ਲਈ ਸਹਿਯੋਗ ਮੰਗਿਆ ਹੈ। ਜਲਦ ਹੀ ਚੰਡੀਗੜ੍ਹ ‘ਚ ਇਹ ਨਵਾਂ ਹਸਪਤਾਲ ਸਥਾਪਤ ਹੋ ਜਾਵੇਗਾ।