ਲੁਧਿਆਣਾ/ਬਿਊਰੋ ਨਿਊਜ਼
ਸ਼ੋ੍ਰਮਣੀ ਅਕਾਲੀ ਦਲ ਨਾਲ ਸਬੰਧਤ ਸਾਬਕਾ ਤਕਨੀਕੀ ਸਿੱਖਿਆ ਮੰਤਰੀ ਜਗਦੀਸ਼ ਸਿੰਘ ਗਰਚਾ ਖਿਲਾਫ ਲੁਧਿਆਣਾ ’ਚ ਥਾਣਾ ਸਦਰ ਦੀ ਪੁਲਿਸ ਨੇ ਐਫ.ਆਈ.ਆਰ. ਦਰਜ ਕੀਤੀ ਹੈ। ਪੰਜਾਬ ਅਪਾਰਟਮੈਂਟ ਅਤੇ ਸੰਪਤੀ ਅਧਿਨਿਯਮ ਦੀ ਧਾਰਾ 36 (1) ਦੇ ਤਹਿਤ ਸਦਰ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਗਲਾਡਾ ਦਾ 14 ਕਰੋੜ 33 ਲੱਖ ਰੁਪਏ ਦਾ ਬਕਾਇਆ ਨਾ ਚੁਕਾਉਣ ਕਰਕੇ ਵਿਭਾਗ ਨੇ ਜਗਦੀਸ਼ ਸਿੰਘ ਗਰਚਾ ਖਿਲਾਫ ਇਹ ਕਾਰਵਾਈ ਕੀਤੀ ਹੈ। ਗਰਚਾ ਫਰਮ ਨੂੰ ਕਾਲੋਨੀ ਵਿਕਸਿਤ ਕਰਨ ਦਾ ਲਾਇਸੈਂਸ, ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ ਦੇ ਤਹਿਤ ਜਾਰੀ ਕੀਤਾ ਗਿਆ ਸੀ, ਜੋ ਕਿ ਦਸੰਬਰ 2023 ਤੱਕ ਮੰਨਣਯੋਗ ਸੀ। ਪਰ ਗਰਚਾ ਨੇ ਫਰਮ ਦਾ ਲਾਇਸੈਂਸ ਅਜੇ ਤੱਕ ਰੀਨਿਊ ਨਹੀਂ ਕਰਵਾਇਆ ਅਤੇ ਪ੍ਰੋਜੈਕਟ ਵੀ ਅਧੂਰਾ ਹੀ ਛੱਡ ਦਿੱਤਾ ਗਿਆ ਹੈ। ਲੁਧਿਆਣਾ ਪੁਲਿਸ ਨੇ ਗਰੇਟਰ ਲੁਧਿਆਣਾ ਡਿਵੈਲਪਮੈਂਟ ਅਥਾਰਿਟੀ (ਗਲਾਡਾ) ਨਾਲ ਕਥਿਤ ਧੋਖਾਧੜੀ ਦੇ ਲਈ 88 ਸਾਲਾ ਜਗਦੀਸ਼ ਸਿੰਘ ਗਰਚਾ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ। ਧਿਆਨ ਰਹੇ ਕਿ ਜਗਦੀਸ਼ ਸਿੰਘ ਗਰਚਾ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਸਮੇਂ ਤਕਨੀਕੀ ਸਿੱਖਿਆ ਮੰਤਰੀ ਰਹੇ ਹਨ।