ਨਵੀਂ ਸਿੱਖਿਆ ਨੀਤੀ ਦਾ ਪੰਜਾਬੀ ‘ਵਰਸਿਟੀ ਦੇ ਮਨੋਰਥ ‘ਤੇ ਮਾੜਾ ਅਸਰ ਪੈਣ ਦਾ ਖ਼ਦਸ਼ਾ ਜਤਾਇਆ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੇ ਦੂਜੇ ਤੇ ਆਖਰੀ ਦਿਨ ਬੁੱਧਵਾਰ ਨੂੰ ਸਿਫਰ ਕਾਲ ਦੌਰਾਨ ਸੂਬੇ ‘ਚ ਅਮਨ-ਕਾਨੂੰਨ ਵਿਵਸਥਾ ਅਤੇ ਪਾਣੀਆਂ ਦੇ ਮੁੱਦੇ ਛਾਏ ਰਹੇ। ਅਕਾਲੀ ਦਲ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਕੌਮੀ ਸਿੱਖਿਆ ਨੀਤੀ ਨੂੰ ਪੰਜਾਬੀ ਭਾਸ਼ਾ ਲਈ ਮਾਰੂ ਦੱਸਿਆ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਤਹਿਤ ਸੂਬਿਆਂ ਨੂੰ ਕੇਂਦਰ ਵੱਲੋਂ ਸਿਫਾਰਸ਼ ਕੀਤਾ 70 ਫ਼ੀਸਦ ਸਿਲੇਬਸ ਲਾਗੂ ਕਰਨਾ ਪਵੇਗਾ ਤੇ ਇਸ ਨੀਤੀ ਦਾ ਪੰਜਾਬੀ ‘ਵਰਸਿਟੀ ਦੇ ਮੂਲ ਮਨੋਰਥ ‘ਤੇ ਵੀ ਮਾੜਾ ਅਸਰ ਪਵੇਗਾ।
ਵੜਿੰਗ ਨੇ ਸੂਬੇ ਦੇ ਸ਼ੈੱਲਰ ਮਾਲਕਾਂ ਨਾਲ ਫੋਰਟੀਫਾਈਡ ਚੌਲ ਨੂੰ ਲੈ ਕੇ ਹੋ ਰਹੀ ਜ਼ਿਆਦਤੀ ਨੂੰ ਉਭਾਰਿਆ। ਉਨ੍ਹਾਂ ਕਿਹਾ ਕਿ ਇਸ ਬਾਰੇ ਕੇਂਦਰ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ। ‘ਆਪ’ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਜੰਮੂ-ਕਟੜਾ ਐਕਸਪ੍ਰੈੱਸ ਵੇਅ ਦੀ 15 ਫੁੱਟ ਤੱਕ ਦੀ ਉਚਾਈ ਨੂੰ ਖ਼ਤਰੇ ਦੀ ਘੰਟੀ ਦੱਸਿਆ। ਉਨ੍ਹਾਂ ਕਿਹਾ ਕਿ ਖੇਤਾਂ ‘ਚੋਂ ਮਿੱਟੀ ਪੁੱਟ ਕੇ ਇਸ ਹਾਈਵੇਅ ਦੀ ਉਸਾਰੀ ਹੋ ਰਹੀ ਹੈ ਤੇ ਜ਼ਮੀਨਾਂ ਡੂੰਘੀਆਂ ਹੋ ਰਹੀਆਂ ਹਨ, ਜਿਸ ਨਾਲ ਹੜ੍ਹਾਂ ਦੀ ਮਾਰ ਹੋਰ ਵਧੇਗੀ। ਅਰੁਣਾ ਚੌਧਰੀ ਨੇ ਦੀਨਾਨਗਰ ਦੀ ਤਹਿਸੀਲ ਦਾ ਉਦਘਾਟਨ ਜਲਦੀ ਕੀਤੇ ਜਾਣ ਦੀ ਗੱਲ ਰੱਖੀ। ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਸਦਨ ਵਿੱਚ ਕਲਾਨੌਰ ਤੇ ਧਿਆਨਪੁਰਾ ਦੇ ਹਸਪਤਾਲ ‘ਚ ਡਾਕਟਰਾਂ ਦੀ ਘਾਟ ਦਾ ਮੁੱਦਾ ਚੁੱਕਿਆ ਅਤੇ ਆਖਿਆ ਕਿ ਇਨ੍ਹਾਂ ਸੰਸਥਾਵਾਂ ਨਾਲ ਬੀਐੱਸਐੱਫ ਦੇ ਮਰੀਜ਼ ਵੀ ਜੁੜੇ ਹੋਏ ਹਨ।
‘ਆਪ’ ਵਿਧਾਇਕ ਨੀਨਾ ਮਿੱਤਲ ਨੇ ਰਾਜਪੁਰਾ ਵਿੱਚ ਸਨਅਤੀ ਪਾਰਕ ਲਈ ਐਕੁਆਇਰ ਜ਼ਮੀਨ ਦਾ ਮੁੱਦਾ ਚੁੱਕਦਿਆਂ ਇਸ ਜ਼ਮੀਨ ਨੂੰ ਸਰਕਾਰ ਅਧੀਨ ਲਿਆਉਣ ਦੀ ਮੰਗ ਕੀਤੀ। ਫ਼ਤਿਹਗੜ੍ਹ ਸਾਹਿਬ ਤੋਂ ਵਿਧਾਇਕ ਲਖਬੀਰ ਸਿੰਘ ਰਾਏ ਨੇ ਜ਼ਿਲ੍ਹੇ ਵਿੱਚ ਹੜ੍ਹਾਂ ਕਾਰਨ ਟੁੱਟੀਆਂ ਸੜਕਾਂ ਦੀ ਮੁਰੰਮਤ ਵਾਸਤੇ ਫ਼ੌਰੀ ਫ਼ੰਡ ਭੇਜਣ ਦੀ ਮੰਗ ਕੀਤੀ ਕਿਉਂਕਿ ਅੱਗੇ ਸ਼ਹੀਦੀ ਜੋੜ ਮੇਲ ਆ ਰਿਹਾ ਹੈ।
ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਸੂਬੇ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਸ਼ਹਿਰੀ ਖੇਤਰ ਵਿੱਚ ਬਿਨਾਂ ਵਰਤੇ ਪਏ 198 ਕਰੋੜ ਦੇ ਫੰਡਾਂ ਦਾ ਮੁੱਦਾ ਉਭਾਰਿਆ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਫ਼ੰਡਾਂ ਨੂੰ ਵਰਤੇ। ਉਨ੍ਹਾਂ ਆਖਿਆ ਕਿ ਨਵੀਂ ਸਿੱਖਿਆ ਨੀਤੀ ਮਾਤ ਭਾਸ਼ਾ ਲਈ ਕਿਸੇ ਵੀ ਤਰ੍ਹਾਂ ਮਾਰੂ ਨਹੀਂ ਹੈ। ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪਰਾਲੀ ਦੇ ਪ੍ਰਬੰਧਨ ਦਾ ਹੱਲ ਦੱਸਿਆ, ਜਦਕਿ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਨੇ ਸ਼ਹਿਰੀ ਖੇਤਰਾਂ ਵਿੱਚ ਐਲਈਡੀ ਲਾਈਟਾਂ ਦੀਆਂ ਸਪੈਸੀਫਿਕੇਸ਼ਨਾਂ ‘ਚ ਹੁੰਦੀ ਕੁਤਾਹੀ ਦਾ ਮੁੱਦਾ ਉਭਾਰਿਆ। ਬਸਪਾ ਵਿਧਾਇਕ ਡਾ. ਨਛੱਤਰ ਪਾਲ ਨੇ ਮੰਗ ਉਠਾਈ ਕਿ ਦੂਸਰੇ ਸੂਬਿਆਂ ਦੀ ਤਰਜ਼ ‘ਤੇ ਪੰਜਾਬ ਦੇ ਵਿਧਾਇਕਾਂ ਨੂੰ ਵੀ ਸਾਲਾਨਾ ਲੋਕਲ ਏਰੀਆ ਡਿਵੈਲਪਮੈਂਟ ਫ਼ੰਡ ਵਜੋਂ ਤਿੰਨ ਕਰੋੜ ਰੁਪਏ ਦਿੱਤੇ ਜਾਣ। ਮਾਲੇਰਕੋਟਲਾ ਤੋਂ ਵਿਧਾਇਕ ਮੁਹੰਮਦ ਜਮੀਲ-ਉਰ-ਰਹਿਮਾਨ ਨੇ ਵਕਫ਼ ਬੋਰਡ ਦੀਆਂ ਜਾਇਦਾਦਾਂ ‘ਤੇ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਕਫ਼ ਬੋਰਡ ਦੀਆਂ ਜਾਇਦਾਦਾਂ ‘ਤੇ ਸਿਆਸੀ ਹਸਤੀਆਂ ਅਤੇ ਉੱਚ ਅਫ਼ਸਰਾਂ ਨੇ ਕਬਜ਼ੇ ਕੀਤੇ ਹੋਏ ਹਨ, ਜਿਨ੍ਹਾਂ ਤੋਂ ਸਰਕਾਰ ਫ਼ੌਰੀ ਕਬਜ਼ੇ ਛੁਡਵਾਏ ਜਿਵੇਂ ਪੰਚਾਇਤ ਮਹਿਕਮੇ ਵੱਲੋਂ ਕਬਜ਼ਾ ਛੁਡਾਊ ਮੁਹਿੰਮ ਵਿੱਢੀ ਹੋਈ ਹੈ।
ਐੱਸਵਾਈਐੱਲ ‘ਤੇ ਵ੍ਹਾਈਟ ਪੇਪਰ ਜਾਰੀ ਹੋਵੇ: ਪਰਗਟ ਸਿੰਘ : ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਮੰਗ ਕੀਤੀ ਕਿ ਸਤਲੁਜ-ਯਮੁਨਾ ਲਿੰਕ ਨਹਿਰ ਤੇ ਦਰਿਆਈ ਪਾਣੀਆਂ ਬਾਰੇ ਇੱਕ ਵ੍ਹਾਈਟ ਪੇਪਰ ਜਾਰੀ ਕਰਕੇ ਸਭ ਦੀ ਭੂਮਿਕਾ ‘ਤੇ ਚਰਚਾ ਕੀਤੀ ਜਾਵੇ। ਪਰਗਟ ਸਿੰਘ ਨੇ ਸਦਨ ਵਿਚ ਦਰਿਆਈ ਪਾਣੀਆਂ ਬਾਰੇ ਸਰਬ ਪਾਰਟੀ ਮੀਟਿੰਗ ਕਰਨ ਦਾ ਸੁਝਾਅ ਵੀ ਦਿੱਤਾ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …