Breaking News
Home / ਪੰਜਾਬ / ‘ਆਪ’ ਵਿਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਲਈ ਸਰਗਰਮੀਆਂ ਤੇਜ਼

‘ਆਪ’ ਵਿਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਲਈ ਸਰਗਰਮੀਆਂ ਤੇਜ਼

ਕੰਵਰ ਸੰਧੂ, ਸੁਖਪਾਲ ਖਹਿਰਾ ਤੇ ਅਮਨ ਅਰੋੜਾ ਦੇ ਨਾਂ ਦੀ ਚਰਚਾ
ਚੰਡੀਗੜ੍ਹ/ਬਿਊਰੋ ਨਿਊਜ਼ : ‘ਆਪ’ ਦੇ ਸੀਨੀਅਰ ਆਗੂ ਤੇ ਵਿਧਾਇਕ ਐਚਐਸ ਫੂਲਕਾ ਦੇ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਫੈਸਲੇ ਅਤੇ ਤਿੰਨ ਨਾਵਾਂ ਦਾ ਸੁਝਾਅ ਦੇਣ ਤੋਂ ਬਾਅਦ ਇਸ ਅਹੁਦੇ ਲਈ ਪੰਜਾਬ ਅਤੇ ਦਿੱਲੀ ਦੀ ਲੌਬੀ ਵਿਚਾਲੇ ਸਰਗਰਮੀ ਤੇਜ਼ ਹੋ ਗਈ ਹੈ।  ਫੂਲਕਾ ਨੇ ਇਸ ਅਹੁਦੇ ਲਈ ਤਿੰਨ ਵਿਧਾਇਕਾਂ ਕੰਵਰ ਸੰਧੂ,  ਸੁਖਪਾਲ ਖਹਿਰਾ ਅਤੇ ਅਮਨ ਅਰੋੜਾ ਦੇ ਨਾਂ ਦਾ ਸੁਝਾਅ ਦਿੱਤਾ ਹੈ। ਦੂਜੇ ਪਾਸੇ ਦਿੱਲੀ ਲੌਬੀ ਸਿਮਰਜੀਤ ਸਿੰਘ ਬੈਂਸ ਨੂੰ ਵਿਰੋਧੀ ਧਿਰ ਦਾ ਆਗੂ ਬਣਾਉਣਾ ਚਾਹੁੰਦੀ ਹੈ। ਬੈਂਸ ਅਤੇ ਉਨ੍ਹਾਂ ਦੇ ਵੱਡੇ ਭਰਾ ਬਲਵਿੰਦਰ ਸਿੰਘ ਲੋਕ ਇਨਸਾਫ਼ ਪਾਰਟੀ ਨਾਲ ਸਬੰਧਤ ਹਨ, ਜੋ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਭਾਈਵਾਲ ਹੈ।
ਦਿੱਲੀ ਦੇ ਆਗੂ ਬੈਂਸ ਨੂੰ ਲੋਕ ਇਨਸਾਫ ਪਾਰਟੀ ਆਪ ਵਿੱਚ ਰਲਾਉਣ ਲਈ ਜ਼ੋਰ ਪਾ ਰਹੇ ਹਨ। ਉਨ੍ਹਾਂ ਦੀ ਪਾਰਟੀ ਦਾ ਰਲੇਵਾਂ ਆਸਾਨ ਹੈ ਕਿਉਂਕਿ ਨੇਮਾਂ ਅਨੁਸਾਰ ਕਿਸੇ ਵੀ ਪਾਰਟੀ ਦੇ 50 ਫੀਸਦੀ ਵਿਧਾਇਕ ਮਿਲ ਕੇ ਵੱਖਰੀ ਪਾਰਟੀ ਬਣਾ ਸਕਦੇ ਹਨ। ਲੋਕ ਇਨਸਾਫ ਪਾਰਟੀ ਦੇ ਦੋ ਵਿਧਾਇਕ ਹਨ। ਅਮਨ ਅਰੋੜਾ ਜੋ ਆਪ ਦੇ ਮੀਤ ਪ੍ਰਧਾਨ ਹਨ ਦਿੱਲੀ ਦੇ ਆਗੂਆਂ ਦੀ ਇਸ ਅਹੁਦੇ ਲਈ ਦੂਜੀ ਪਸੰਦ ਹਨ। ਦੂਜੇ ਪਾਸੇ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਉਹ ਇਸ ਦੌੜ ਵਿੱਚ ਸ਼ਾਮਲ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁਹਿੰਮ ਚਲਾਈ ਗਈ ਸੀ ਪਰ ਉਹ ਆਪਣੀ ਪਾਰਟੀ ਨੂੰ ਆਪ ਵਿੱਚ ਨਹੀਂ ਰਲਾਉਣਗੇ ਤੇ ਆਪਣੀ ਖ਼ੁਦਮੁਖ਼ਤਾਰੀ ਕਾਇਮ ਰੱਖਣਗੇ। ਉਨ੍ਹਾਂ ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਦੇ ਬਾਵਜੂਦ ਦਿੱਲੀ ਲੌਬੀ ਉਨ੍ਹਾਂ ‘ਤੇ ਇਹ ਤਜਵੀਜ਼ ਸਵੀਕਾਰਨ ਲਈ ਦਬਾਅ ਪਾ ਰਹੀ ਹੈ ਕਿਉਂਕਿ ਉਹ ਕੰਵਰ ਸੰਧੂ ਅਤੇ ਸੁਖਪਾਲ ਖਹਿਰਾ ਨੂੰ ਇਹ ਅਹੁਦਾ ਦਿੱਤੇ ਜਾਣ ਦੇ ਹੱਕ ਵਿੱਚ ਨਹੀਂ।

ਫੂਲਕਾ ਦਾ ਬਦਲ ਲੱਭਣ ਵਿਚ ‘ਆਪ’ ਹੋਈ ਸ਼ਾਂਤ
ਸਰਬਜੀਤ ਕੌਰ ਮਾਣੂਕੇ ਨੂੰ ਕਮਾਨ ਸੌਂਪਣ ਦਾ ਮਨ ਬਣਾਇਆ
ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਐਚ.ਐਸ.ਫੂਲਕਾ ਦਾ ਬਦਲ ਲੱਭਣ ਦੀ ਕਾਹਲ ਛੱਡ ਦਿੱਤੀ ਹੈ। ਪਾਰਟੀ ਹਾਈ ਕਮਾਂਡ ਨਵੇਂ ਸੂਬਾ ਸੰਗਠਨ ਦੇ ਅਹੁਦੇਦਾਰ ਨਿਯੁਕਤ ਕਰ ਕੇ ਸਿਆਸੀ ਸਰਗਰਮੀਆਂ ਵਧਾਉਣ ਦੇ ਰੌਂਅ ਵਿੱਚ ਹੈ। ਅਗਲੇ ਦਸ ਦਿਨਾਂ ਵਿੱਚ ਅਹੁਦੇਦਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਜਾਵੇਗੀ। ਪਾਰਟੀ ਹਾਈ ਕਮਾਂਡ ਨੇ ਫੂਲਕਾ ਵੱਲੋਂ ਅਸਤੀਫ਼ਾ ਦੇਣ ਦੀ ਕਾਹਲ ਵਿਖਾਉਣ ਦੀ ਸੂਰਤ ਵਿੱਚ ਡਿਪਟੀ ਆਗੂ ਸਰਬਜੀਤ ਕੌਰ ਮਾਣੂੰਕੇ ਨੂੰ ਹਾਲ ਦੀ ਘੜੀ ਕਮਾਨ ਸੌਂਪਣ ਦਾ ਮਨ ਬਣਾ ਲਿਆ ਹੈ। ਇਸ ਦੌਰਾਨ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਮਗਰੋਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਮਨ ਅਰੋੜਾ ਵੀ ਵਿਰੋਧੀ ਧਿਰ ਦੇ ਆਗੂ ਦੀ ਦੌੜ ਵਿਚ ਸ਼ਾਮਲ ਹੋ ਗਏ ਹਨ। ਹਾਲਾਂਕਿ ਵਿਧਾਇਕ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਵੀ ਇਸ ਅਹੁਦੇ ਲਈ ਆਸ ਲਾਈ ਬੈਠੇ ਹਨ। ਦਲਿਤ ਵਰਗ ਨਾਲ ਸਬੰਧਤ ਸਰਬਜੀਤ ਕੌਰ ਮਾਣੂਕੇ ઠਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਡਿਪਟੀ ਆਗੂ ਹਨ। ਪਾਰਟੀ ਇੱਕ ਤੀਰ ਨਾਲ ਦੋ ਨਿਸ਼ਾਨੇ ਫ਼ੁੰਡਣ ਦੀ ਤਾਕ ਵਿੱਚ ਹੈ। ਪਾਰਟੀ ਦਲਿਤ ਅਤੇ ਮਹਿਲਾ ਵਰਗ ਨੂੰ ਇਹ ਅਹੁਦਾ ਦੇ ਕੇ ਦੂਹਰਾ ਲਾਭ ਲੈਣਾ ਚਾਹੁੰਦੀ ਹੈ। ਮਾਣੂੰਕੇ ਨੂੰ ਪਾਰਟੀ ਵਿੱਚ ਸਮਝਦਾਰ ਅਤੇ ਜ਼ਮੀਨ ਨਾਲ ਜੁੜੀ ਆਗੂ ਮੰਨਿਆ ਜਾ ਰਿਹਾ ਹੈ। ਪਾਰਟੀ ਹਾਈ ਕਮਾਂਡ ਫਿਲਹਾਲ ਫੂਲਕਾ ਦਾ ਬਦਲ ਲੱਭਣ ਦੀ ਥਾਂ ਪੰਜਾਬ ਵਿਚ ਸਰਗਰਮੀਆਂ ਤੇਜ਼ ਕਰਨ ਨੂੰ ਪਹਿਲ ਦੇਵੇਗੀ। ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਅਤੇ ਮੀਤ ਪ੍ਰਧਾਨ ਅਮਨ ਅਰੋੜਾ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਕੇ ਨਵੇਂ ਜਥੇਬੰਦਕ ਢਾਂਚੇ ‘ਤੇ ਚਰਚਾ ਕੀਤੀ ਹੈ। ਦੋਵਾਂ ਨੇ ਕੇਜਰੀਵਾਲ ਨੂੰ ਨਵੇਂ ਜਥੇਬੰਦਕ ਢਾਚੇ ਦੀ ਰੂਪ ਰੇਖਾ ਅਤੇ ਅਹੁਦੇਦਾਰਾਂ ਦੀ ਸੂਚੀ ਵੀ ਦਿੱਤੀ ਹੈ। ਉਨ੍ਹਾਂ ਰਵਾਇਤੀ ਸਿਆਸੀ ਪਾਰਟੀਆਂ ਦੀ ਤਰਜ਼ ‘ਤੇ ਪੰਜਾਬ ਪੱਧਰ ਤੋਂ ਲੈ ਕੇ ਬਲਾਕ ਜਾਂ ਵਾਰਡ ਪੱਧਰ ਤੱਕ ਅਹੁਦੇਦਾਰ ਨਿਯੁਕਤ ਕਰਨ ਦਾ ਸੁਝਾਅ ਦਿੱਤਾ ਹੈ। ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ‘ਆਪ’ ਦੇ ਪ੍ਰਧਾਨ ਤੋਂ ਬਾਅਦ ਰਾਜ ਨੂੰ ਪੰਜ ਹਿੱਸਿਆਂ ਵਿੱਚ ਵੰਡ ਕੇ ਜ਼ੋਨ ਪ੍ਰਧਾਨ ਲਾਏ ਜਾਣਗੇ। ਮਾਲਵਾ ਵਿੱਚ ਤਿੰਨ ਅਤੇ ਮਾਝਾ ਤੇ ਦੋਆਬਾ ਵਿੱਚ ਇੱਕ ਪ੍ਰਧਾਨ ਲਾਇਆ ਜਾਵੇਗਾ। ਇਸ ਦੌਰਾਨ ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਫੂਲਕਾ ਦੀ ਥਾਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨਵਾਂ ਆਗੂ ਲੱਭਣ ਦੀ ਪਾਰਟੀ ਨੂੰ ਕੋਈ ਕਾਹਲ ਨਹੀਂ ਹੈ।

Check Also

ਜੇਲ੍ਹ ’ਚ ਬੰਦ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਭਗਵੰਤ ਮਾਨ ਚਿੰਤਤ 

ਈਡੀ ਦਾ ਆਰੋਪ : ਕੇਜਰੀਵਾਲ ਜਾਣਬੁੱਝ ਕੇ ਖਾ ਰਹੇ ਹਨ ਮਿੱਠੀਆਂ ਚੀਜ਼ਾਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …