ਚੰਡੀਗੜ੍ਹ : ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਵਿਗੜ ਰਹੇ ਰਿਸ਼ਤਿਆਂ ਦੌਰਾਨ ਕੇਂਦਰੀ ਵਜ਼ਾਰਤ ਵਿੱਚ ਅਕਾਲੀ ਦਲ ਦੀ ਇਕਲੌਤੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਮੰਤਰੀ ਬਣਿਆ ਰਹਿਣਾ ਮੁਸ਼ਕਲ ਹੋ ਗਿਆ ਹੈ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਸੀਨੀਅਰ ਆਗੂਆਂ ਵੱਲੋਂ ਸਲਾਹ ਦਿੱਤੀ ਗਈ ਕਿ ਭਾਜਪਾ ਨਾਲ ਸਿਆਸੀ ਸਾਂਝ ਤਿੜਕਣ ਕਰਕੇ ਕੇਂਦਰੀ ਮੰਤਰੀ ਮੰਡਲ ਵਿੱਚ ਬਣੇ ਰਹਿਣ ਜਾਂ ਬਾਹਰ ਆਉਣ ਬਾਰੇ ਵੀ ਸਮੀਖਿਆ ਕਰ ਲੈਣੀ ਚਾਹੀਦੀ ਹੈ। ਇਸ ਆਗੂ ਮੁਤਾਬਕ ਬੀਬੀ ਬਾਦਲ ਨੂੰ ਕਦੋਂ ਅਸਤੀਫਾ ਦਿਵਾਉਣਾ ਹੈ, ਇਹ ਸਿਰਫ਼ ਬਾਦਲ ਪਰਿਵਾਰ ‘ਤੇ ਨਿਰਭਰ ਕਰਦਾ ਹੈ।

