ਰਵਾਇਤੀ ਪਾਰਟੀਆਂ ਤੋਂ ਛੁਡਵਾਉਣਗੇ ਪੰਜਾਬ ਦਾ ਖਹਿੜਾ
ਚੰਡੀਗੜ੍ਹ : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ, ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਨਵਾਂ ਪੰਜਾਬ ਪਾਰਟੀ ਦੇ ਮੋਢੀ ਡਾਕਟਰ ਧਰਮਵੀਰ ਗਾਂਧੀ ਆਪੋ-ਆਪਣੀਆਂ ਪਾਰਟੀਆਂ ਚਲਾਉਣ ਦੀ ਥਾਂ ਇਕੋ ਸਾਂਝੀ ਪਾਰਟੀ ਦੇ ਝੰਡੇ ਹੇਠ ਇਕੱਠੇ ਹੋ ਕੇ ਸੂਬੇ ਵਿਚ ਤੀਸਰਾ ਫਰੰਟ ਬਣਾਉਣ ਦੀ ਤਿਆਰੀ ਵਿਚ ਹਨ। ਇਨ੍ਹਾਂ ਆਗੂਆਂ ਦਾ ਨਿਸ਼ਾਨਾ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੀਆਂ ਤਿੰਨ ਰਵਾਇਤੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਦੇ ਬਰਾਬਰ ਤੀਸਰਾ ਸਿਆਸੀ ਬਦਲ ਉਸਾਰ ਕੇ ਪੰਜਾਬੀਆਂ ਨੂੰ ਪਰਿਵਾਰਵਾਦ ਅਤੇ ਰਜਵਾੜਿਆਂ ਦੇ ਗਲਬੇ ਵਿਚੋਂ ਬਾਹਰ ਕੱਢਣਾ ਹੈ। ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਪੰਜਾਬ ਜਮਹੂਰੀ ਗੱਠਜੋੜ (ਪੀਡੀਏ) ਦੇ ਮੁੱਖ ਆਗੂ ਸੁਖਪਾਲ ਖਹਿਰਾ ਨੇ ਇਸ ਤਜਵੀਜ਼ ਦਾ ਖ਼ੁਲਾਸਾ ਕਰਦਿਆਂ ਕਿਹਾ ਕਿ ਡਾ. ਗਾਂਧੀ ਅਤੇ ਬੈਂਸ ਸਮੇਤ ਉਨ੍ਹਾਂ (ਖਹਿਰਾ) ਦੀ ਸਿਆਸੀ ਸੋਚ ਤਕਰੀਬਨ ਇਕੋ ਜਿਹੀ ਹੈ, ਜਿਸ ਕਾਰਨ ਉਨ੍ਹਾਂ ਵੱਲੋਂ ਇਕੋ ਪਾਰਟੀ ਦੇ ਝੰਡੇ ਹੇਠ ਲੜਨ ਦੀ ਰਣਨੀਤੀ ਬਣਾਈ ਜਾ ਰਹੀ ਹੈ। ਪਾਰਟੀ ਦਾ ਇਕ ਨਿਸ਼ਾਨ, ਇਕ ਵਿਧਾਨ ਅਤੇ ਇਕ ਪ੍ਰਧਾਨ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਧਿਰਾਂ ਦੀ ਇਕ ਪਾਰਟੀ ਬਣਾ ਕੇ ਬਹੁਜਨ ਸਮਾਜ ਪਾਰਟੀ (ਬਸਪਾ), ਸੀਪੀਆਈ ਅਤੇ ਆਰਐੱਮਪੀਆਈ ਆਦਿ ਨਾਲ ਗੱਠਜੋੜ ਕੀਤਾ ਜਾ ਸਕਦਾ ਹੈ। ਖਹਿਰਾ ਨੇ ਐਲਾਨ ਕੀਤਾ ਕਿ ਤਿੰਨਾਂ ਧਿਰਾਂ ਦੀ ਬਣਾਈ ਜਾਣ ਵਾਲੀ ਇਕੋ ਸਾਂਝੀ ਪਾਰਟੀ ਵਿਚ ਉਹ ਕੋਈ ਅਹੁਦਾ ਨਹੀਂ ਲੈਣਗੇ ਅਤੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਰਵਾਇਤੀ ਪਾਰਟੀਆਂ ਨੂੰ ਟੱਕਰ ਦੇਣ ਲਈ ਤੀਸਰਾ ਸਿਆਸੀ ਬਦਲ ਉਸਾਰਿਆ ਜਾਵੇਗਾ। ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਤਾਂ ਚੋਣਾਂ ਤੋਂ ਪਹਿਲਾਂ ਹੀ ਇਕ ਪਾਰਟੀ ਵੱਲੋਂ ਚੋਣ ਲੜਨ ਦੇ ਹਾਮੀ ਸਨ ਪਰ ਹੁਣ 2022 ਦੀਆਂ ਚੋਣਾਂ ਤੋਂ ਪਹਿਲਾਂ ਉਹ ਤਿੰਨੇ ਧਿਰਾਂ ਇਕ ਪਾਰਟੀ ਬਣਾ ਕੇ ਪੰਜਾਬੀਆਂ ਨੂੰ ਤੀਸਰਾ ਸਿਆਸੀ ਬਦਲ ਦੇਣਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਉਸਾਰੀ ਜਾ ਰਹੀ ਪਾਰਟੀ ਪੰਜਾਬ ਵਿਚੋਂ ਨੋਟ ਤੇ ਧੌਂਸ ਦੀ ਰਾਜਨੀਤੀ ਦਾ ਖਾਤਮਾ ਕਰੇਗੀ। ਨਵਾਂ ਪੰਜਾਬ ਪਾਰਟੀ ਦੇ ਮੋਢੀ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਬਾਦਲ ਦਲ ਆਪਣੇ ਅਸੂਲ ਤੇ ਸਿਧਾਂਤ ਤਿਆਗ ਕੇ ਨਰਿੰਦਰ ਮੋਦੀ ਦੀ ਉਪਮਾ ਕਰਨ ਤਕ ਸੀਮਿਤ ਰਹਿ ਗਿਆ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਜਿੱਥੇ ਮੋਦੀ ਦੇ ਏਜੰਡਿਆਂ ਨੂੰ ਪੱਠੇ ਪਾ ਰਹੇ ਹਨ, ਉਥੇ ਹੀ ਬਾਦਲਾਂ ਨਾਲ ਗੁਪਤ ਸਿਆਸੀ ਯਾਰੀ ਪਾ ਕੇ ਸੂਬੇ ਨੂੰ ਗੁੰਮਰਾਹ ਕਰ ਰਹੇ ਹਨ।ਇਸ ਕਾਰਨ ਪੰਜਾਬੀਆਂ ਨੂੰ ਖ਼ੁਦਮੁਖ਼ਤਿਆਰੀ ਦਿਵਾਉਣ, ਜਮਹੂਰੀ ਪੰਜਾਬ ਸਿਰਜਣ, 21ਵੀਂ ਸਦੀ ਦਾ ਨਵਾਂ ਪੰਜਾਬ ਉਸਾਰਨ ਲਈ ਖੇਤਰੀ ਪੱਧਰ ਦਾ ਤੀਸਰਾ ਸਿਆਸੀ ਫਰੰਟ ਸਮੇਂ ਦੀ ਮੰਗ ਹੈ। ਉਹ ਖਹਿਰਾ ਤੇ ਬੈਂਸ ਨਾਲ ਮਿਲ ਕੇ ਆਪੋ-ਆਪਣੀਆਂ ਪਾਰਟੀਆਂ ਦੀ ਥਾਂ ਇਕ ਪਾਰਟੀ ਬਣਾ ਕੇ ਲਾਵਾਰਸ ਹੋ ਰਹੇ ਪੰਜਾਬ ਦੀ ਬਾਂਹ ਫੜਨ ਲਈ ਹਰੇਕ ਕੁਰਬਾਨੀ ਦੇਣ ਲਈ ਤਿਆਰ ਹਨ।
‘ਆਪ’ ਨਾਲ ਏਕਤਾ ਦਾ ਵਰਕਾ ਪਾੜ ਦਿੱਤਾ: ਖਹਿਰਾ
ਸੁਖਪਾਲ ਖਹਿਰਾ ਨੇ ਕਿਹਾ ਕਿ ਉਨ੍ਹਾਂ ਆਮ ਆਦਮੀ ਪਾਰਟੀ (ਆਪ) ਨਾਲ ਏਕਤਾ ਕਰਨ ਦਾ ਵਰਕਾ ਹੀ ਪਾੜ ਦਿੱਤਾ ਹੈ ਕਿਉਂਕਿ ਹੁਣ ਸਿਧਾਂਤਕ ਤੌਰ ਉਤੇ ‘ਆਪ’ ਨਾਲ ਹੱਥ ਮਿਲਾਉਣੇ ਸੰਭਵ ਨਹੀਂ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਇਕ ਪਾਸੇ ਕਾਂਗਰਸ ਨਾਲ ਗੱਠਜੋੜ ਕਰਨ ਲਈ ਤਰਲੇ ਮਾਰਦੇ ਰਹੇ ਹਨ ਅਤੇ ਦੂਸਰੇ ਪਾਸੇ ਉਹ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਡਰੱਗ ਦੇ ਮਾਮਲੇ ‘ਤੇ ਅਦਾਲਤ ਵਿਚ ਮੁਆਫ਼ੀ ਮੰਗ ਕੇ ਪੰਜਾਬੀਆਂ ਨਾਲ ਵਿਸ਼ਵਾਸਘਾਤ ਕਰ ਚੁੱਕੇ ਹਨ। ਇਸ ਕਾਰਨ ‘ਆਪ’ ਨਾਲ ਹੁਣ ਏਕਤਾ ਨਹੀਂ ਹੋ ਸਕਦੀ।
ਵੱਡੀ ਤੋਂ ਵੱਡੀ ਮੁਸੀਬਤ ਤੁਹਾਡੇ ਇਰਾਦੇ ਨੂੰ ਨਹੀਂ ਰੋਕ ਸਕਦੀ : ਸਮਾਜ ਸੇਵਕ ਸਰਵਜੀਤ ਸਿੰਘ
ਸਰਵਜੀਤ ਸਿੰਘ ਜੋ ਕਿ ਬਚਪਨ ਤੋਂ ਮਨੁੱਖਤਾ, ਦੇਸ਼, ਕੌਮ ਅਤੇ ਧਰਮ ਦੀ ਸੇਵਾ ਦਾ ਜਜ਼ਬਾ ਰੱਖਦੇ ਹਨ, ਨੌਕਰੀ ਦੇ ਦੌਰਾਨ ਰੇਟੀਨਾ ਪਿਗਮਾਟੌਸਾ ਦੀ ਬਿਮਾਰੀ ਕਾਰਨ ਅੱਖਾਂ ਦੀ ਰੋਸ਼ਨੀ ਚਲੀ ਗਈ ਪਰ ਉਨ੍ਹਾਂ ਦੀ ਸਮਾਜ ਸੇਵਾ ਵਿਚ ਕੋਈ ਵੀ ਕਮੀ ਨਹੀਂ ਆਈ। ਉਹ ਸਕੂਲ ਵਿਚ ਅਧਿਆਪਕ ਸਨ। ਬਹੁਤ ਸਾਰੇ ਵਿਦਿਆਰਥੀਆਂ ਨੇ ਉਨ੍ਹਾਂ ਤੋਂ ਜੀਵਨ ਦੀ ਸੇਧ ਲਈ ਜੋ ਕਿ ਅੱਜ ਵੀ ਵੱਖ-ਵੱਖ ਦੇਸ਼ਾਂ ਵਿਚ ਸਮਾਜਿਕ ਸੇਵਾਵਾਂ ਕਰ ਰਹੇ ਹਨ। ਸਰਵਜੀਤ ਸਿੰਘ ਜੀ, ਦਸ਼ਮੇਸ਼ ਸੇਵਾ ਸੁਸਾਇਟੀ ਜੋ ਕਿ 1987 ਵਿਚ ਬਣੀ ਉਸ ਦੇ ਫਾਊਂਡਰ ਹਨ। ਉਨ੍ਹਾਂ ਨੇ ਦਸ਼ਮੇਸ਼ ਰੋਟੀ ਬੈਂਕ ਵੀ ਖੋਜਿਆ ਜਿਸ ਵਿਚ ਹਰ ਮਹੀਨੇ 300 ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ, ਜਿਸ ਵਿਚ ਅਪਾਹਿਜ, ਮੰਧਬੁੱਧੀ, ਬਜ਼ੁਰਗ ਤੇ ਬਹੁਤ ਗਰੀਬ ਪਰਿਵਾਰ ਹਨ। ਬਜ਼ੁਰਗਾਂ ਵਾਸਤੇ ਟਿਫਿਨ ਦੀ ਸੇਵਾ ਵੀ ਸ਼ੁਰੂ ਕੀਤੀ ਹੈ। ਹਰ ਮਹੀਨੇ ਅੱਖਾਂ ਅਤੇ ਜਨਰਲ ਫਰੀ ਕੈਂਪ ਲਗਾਏ ਜਾਂਦੇ ਹਨ। ਹਰ 6 ਮਹੀਨੇ ਬਾਅਦ ਗਰੀਬ ਕੁੜੀਆਂ ਦੇ ਵਿਆਹ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਨੈਸ਼ਨਲ ਕਬੱਡੀ ਮੁਕਾਬਲੇ ਵੀ ਕਰਵਾਉਂਦੇ ਹਨ। ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ ਅਤੇ ਸਿੱਖ ਧਰਮ ਦਾ ਪ੍ਰਚਾਰ ਵੀ ਵੱਡੇ ‘ਤੇ ਕੀਤਾ ਜਾਂਦਾ ਹੈ। ਉਨ੍ਹਾਂ ਦੀਆਂ ਸੇਵਾਵਾਂ ਵਾਸਤੇ ਅੱਜ ਤੱਕ ਚੰਡੀਗੜ੍ਹ ਹਿਊਮਨ ਰਾਈਟਸ ਵਰਲਡ ਗਾਇਤਰੀ ਪੁਰਸਕਾਰ ਰੇਣੁਕਾ ਜੀ, ਮਹਿਲਾ ਕਲਿਆਣ ਮੰਚ ਹਰਿਆਣਾ, ਗਣਤੰਤਰ ਦਿਵਸ ਤੇ ਹਿਮਾਚਲ ਸਰਕਾਰ ਵੱਲੋਂ ਤੇ ਹੋਰ ਕਈ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦਾ ਸੰਦੇਸ਼ ਹੈ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ। ਕੋਈ ਵੀ ਵੱਡੀ ਤੋਂ ਵੱਡੀ ਮੁਸੀਬਤ ਤੁਹਾਡੇ ਇਰਾਦੇ ਨੂੰ ਨਹੀਂ ਰੋਕ ਸਕਦੀ। ਸਾਨੂੰ ਵੀ ਉਨ੍ਹਾਂ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ।
Check Also
ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਭਲਕੇ 23 ਨਵੰਬਰ ਨੂੰ
ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਵਿਚਾਲੇ ਚੋਣ ਮੁਕਾਬਲਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਚਾਰ ਵਿਧਾਨ …