Breaking News
Home / ਪੰਜਾਬ / ਮੁੱਖ ਮੰਤਰੀ ਭਗਵੰਤ ਮਾਨ ਪਤਨੀ ਗੁਰਪ੍ਰੀਤ ਕੌਰ ਨਾਲ ਪਹੁੰਚੇ ਲਾਲ ਬਾਦਸ਼ਾਹ ਦੇ ਦਰਬਾਰ

ਮੁੱਖ ਮੰਤਰੀ ਭਗਵੰਤ ਮਾਨ ਪਤਨੀ ਗੁਰਪ੍ਰੀਤ ਕੌਰ ਨਾਲ ਪਹੁੰਚੇ ਲਾਲ ਬਾਦਸ਼ਾਹ ਦੇ ਦਰਬਾਰ

ਦਰਗਾਹ ’ਚ ਮੱਥਾ ਟੇਕ ਸਰਬੱਤ ਦੇ ਭਲੇ ਲਈ ਮੰਗੀ ਦੁਆ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਦੇ ਨਾਲ ਅੱਜ ਜਲੰਧਰ ਜ਼ਿਲ੍ਹੇ ਦੇ ਨਕੋਦਰ ਸਥਿਤ ਲਾਲ ਬਾਦਸ਼ਾਹ ਦੇ ਦਰਬਾਰ ਵਿਖੇ ਪਹੁੰਚੇ। ਇਥੇ ਉਨ੍ਹਾਂ ਦਰਗਾਹ ’ਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਦੁਆ ਮੰਗੀ। ਇਸ ਮੌਕੇ ਦਰਗਾਹ ’ਚ ਭਾਜਪਾ ਦੇ ਸੰਸਦ ਮੈਂਬਰ ਅਤੇ ਸੂਫੀ ਗਾਇਕ ਹੰਸ ਰਾਜ ਹੰਸ ਅਤੇ ਗਾਇਕ ਦਲੇਰ ਮਹਿੰਦੀ ਵੀ ਮੌਜੂਦ ਸਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦਾ ਇਥੇ ਪਹੁੰਚਣ ’ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਅਤੇ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੇਲੇ ਮੌਕੇ ਪਹੁੰਚੀ ਹੋਈ ਸੰਗਤ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਥੇ ਨਤਮਸਤਕ ਹੋ ਕੇ ਮੈਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਹੈ, ਕਿਉਂਕਿ ਇਹ ਧਰਤੀ ਪੀਰਾਂ-ਫਕੀਰਾਂ ਦੀ ਹੈ ਅਤੇ ਇਥੇ ਆ ਕੇ ਤਾਂ ਬੇਸੁਰੇ ਵੀ ਸੁਰ ਅਤੇ ਮਿੱਠੀ ਆਵਾਜ਼ ਵਿਚ ਗਾਉਣ ਲਗਦੇ ਹਨ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੱਚੇ ਦਰਬਾਰ ’ਚ ਆ ਕੇ ਬਹੁਤ ਵਧੀਆ ਲਗ ਰਿਹਾ ਹੈ ਕਿਉਂਕਿ ਪੰਜਾਬ ਰੰਗਲਾ ਪੰਜਾਬ ਬਣਨ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਸ ਸਮੇਂ ਕੁਦਰਤੀ ਆਫ਼ਤ ਨਾਲ ਲੜ ਰਿਹਾ ਹੈ ਪ੍ਰੰਤੂ ਸਾਡੇ ਪੰਜਾਬੀਆਂ ਦੀ ਇਕ ਖਾਸੀਅਤ ਹੈ ਇਹ ਜਿੰਨੀ ਵਾਰ ਵੀ ਡਿੱਗੇ ਓਨੀ ਵਾਰ ਹੀ ਦੁੱਗਣੀ ਤਾਕਤ ਦੇ ਨਾਲ ਉਠਦੇ ਹਨ। ਉਨ੍ਹਾਂ ਕਿਹਾ ਕਿ ਮੈਂ ਨਹੀਂ ਕਹਿੰਦਾ ਕਿ ਮੈਂ ਪੰਜਾਬ ਨੂੰ ਲੰਡਨ ਜਾਂ ਪੈਰਿਸ ਬਣਾਵਾਂਗਾ ਪ੍ਰੰਤੂ ਇੰਨਾ ਜ਼ਰੂਰ ਹੈ ਕਿ ਆਪਣੇ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਵਾਂਗਾ ਅਤੇ ਅਜਿਹੇ ਪੰਜਾਬ ਨੂੰ ਸਭ ਲੋਕ ਦੇਖਣਾ ਚਾਹੁੰਦੇ ਹਨ।

Check Also

ਚਰਨਜੀਤ ਸਿੰਘ ਚੰਨੀ ਦੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਚਰਚਾ ਦਾ ਵਿਸ਼ਾ ਬਣੀ  

ਸੰਤ ਸੀਚੇਵਾਲ ‘ਆਪ’ ਦੇ ਰਾਜ ਸਭਾ ਮੈਂਬਰ ਅਤੇ ਚੰਨੀ ਹਨ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ …